ਮਾਜਰੀ, 29 ਜਨਵਰੀ (ਕੁਲਵੰਤ ਸਿੰਘ ਧੀਮਾਨ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਲਾਕ ਮਾਜਰੀ ਵਿਖੇ ਸਬ-ਤਹਿਸੀਲ ਦੀ ਨਵੀਂ ਇਮਾਰਤ ਦੀ ਉਸਾਰੀ 'ਚ ਹੋ ਰਹੀ ਬੇਲੋੜੀ ਦੇਰੀ ਅਤੇ ਵਿਭਾਗੀ ਅਣਗਹਿਲੀ ਵਿਰੁੱਧ ਰੋਸ ਜ਼ਾਹਿਰ ਕੀਤਾ ਹੈ | ਇਸ ਸੰਬੰਧੀ ਕੰਗ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਪ੍ਰਾਜੈਕਟ ਨੂੰ ਲੋਕ ਹਿੱਤ 'ਚ ਮਿਤੀਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ | ਆਪਣੇ ਪੱਤਰ 'ਚ ਪਿਛਲੇ ਪੱਤਰ-ਵਿਹਾਰ ਦਾ ਹਵਾਲਾ ਦਿੰਦਿਆਂ ਸਾਬਕਾ ਮੰਤਰੀ ਕੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਮਾਲ ਮੰਤਰੀ ਹੁੰਦਿਆਂ ਉਨ੍ਹਾਂ ਨੇ ਇਲਾਕੇ ਦੀ ਸਹੂਲਤ ਲਈ ਮਾਜਰੀ ਵਿਖੇ ਸਬ-ਤਹਿਸੀਲ ਬਣਵਾਈ ਸੀ, ਜੋ ਕਿ ਮੌਜੂਦਾ ਸਮੇਂ ਬੀ. ਡੀ. ਪੀ. ਓ. ਦਫ਼ਤਰ ਦੇ ਇਕ ਹਿੱਸੇ 'ਚ ਬਹੁਤ ਹੀ ਤੰਗ ਜਗ੍ਹਾ 'ਚ ਚੱਲ ਰਹੀ ਹੈ | ਉਨ੍ਹਾਂ ਅਫਸੋਸ ਪ੍ਰਗਟਾਇਆ ਕਿਹਾ ਕਿ ਢੁਕਵੀਂ ਇਮਾਰਤ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ 'ਚ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ ਅਤੇ ਸਟਾਫ਼ ਕੋਲ ਰਿਕਾਰਡ ਰੱਖਣ ਲਈ ਵੀ ਲੋੜੀਂਦੀ ਜਗ੍ਹਾ ਮੌਜੂਦ ਨਹੀਂ ਹੈ | ਕੰਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਅਫ਼ਸਰਾਂ ਨੂੰ ਨਾਲ ਲੈ ਕੇ ਉਕਤ ਜਗ੍ਹਾ ਦਾ ਮੁਆਇਨਾ ਕੀਤਾ ਸੀ ਅਤੇ ਬਲਾਕ ਸੰਮਤੀ ਮਾਜਰੀ ਤੋਂ ਮਤਾ ਪਾਸ ਕਰਵਾਉਣ ਉਪਰੰਤ ਸਰਕਾਰ ਵਲੋਂ ਫ਼ੰਡ ਵੀ ਅਲਾਟ ਹੋ ਚੁੱਕੇ ਹਨ, ਪਰ ਮਾਲ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਵਿਚਾਲੇ ਤਾਲਮੇਲ ਦੀ ਘਾਟ ਕਾਰਨ ਸਬ-ਤਹਿਸੀਲ ਮਾਜਰੀ ਦੀ ਨਵੀਂ ਇਮਾਰਤ ਦਾ ਕੰਮ ਰੁਕਿਆ ਹੋਇਆ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਤੁਰੰਤ ਉਸਾਰੀ ਕਾਰਜ ਸ਼ੁਰੂ ਕਰਵਾਏ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ |