ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ)-ਗਾਜ਼ਲਾ ਹਾਸ਼ਮੀ ਨੇ ਵਰਜੀਨੀਆ ਦੇ 43ਵੇਂ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ | ਉਹ ਪਹਿਲੀ ਮੁਸਲਮਾਨ ਦੱਖਣ ਏਸ਼ੀਅਨ ਅਮਰੀਕੀ ਔਰਤ ਹੈ ਜੋ ਇਸ ਅਹੁੱਦੇ 'ਤੇ ਪੁੱਜੀ ਹੈ | ਹਾਸ਼ਮੀ ਨੂੰ ਅਹੁੱਦੇ ਦੀ ਸਹੁੰ ਵਰਜੀਨੀਆ ਸੁਪਰੀਮ ਕੋਰਟ ਦੀ ਚੀਫ ਜਸਟਿਸ ਸਲੀਓ ਪਾਵਲ ਨੇ ਚੁੱਕਾਈ | ਇਸ ਮੌਕੇ ਹਾਸ਼ਮੀ ਨੇ ਕਿਹਾ ਕਿ ਉਨਾਂ ਉਪਰ ਪ੍ਰਗਟਾਏ ਭਰੋਸੇ ਲਈ ਉਹ ਧੰਨਵਾਦੀ ਹੈ | ਭਾਰਤ ਦੇ ਹੈਦਰਾਬਾਦ 'ਚ ਪੈਦਾ ਹੋਈ ਹਾਸ਼ਮੀ ਨੇ ਜਾਰਜੀਆ ਸਾਊਥਰਨ ਯੁਨੀਵਰਸਿਟੀ ਤੋਂ ਅੰਡਰਗਰੈਜੂਏਟ ਡਿਗਰੀ, ਯਨੀਵਰਸਿਟੀ ਆਫ ਵਰਜੀਨੀਆ ਤੋਂ ਮਾਸਟਰ ਡਿਗਰੀ ਤੇ ਅਮੈਰਕੀਨ ਸਟੱਡੀਜ 'ਚ ਪੀ.ਐਚ.ਡੀ. ਐਮੋਰੀ ਯੁਨੀਵਰਸਿਟੀ ਤੋਂ ਕੀਤੀ | ਰਾਜਨੀਤੀ 'ਚ ਆਉਣ ਤੋਂ ਪਹਿਲਾਂ ਹਾਸ਼ਮੀ ਨੇ ਕਈ ਦਹਾਕੇ ਵਰਜੀਨੀਆ ਦੇ ਕਾਲਜਾਂ 'ਚ ਪੜ੍ਹਾਇਆ | ਉਹ ਵਰਜੀਨੀਆ ਸੈਨੇਟ ਲਈ ਵੀ ਚੁਣੀ ਗਈ ਸੀ | ਉਨਾਂ ਨੇ ਸਿੱਖਿਆ, ਸਿਹਤ ਸੰਭਾਲ ਤੇ ਮਾਨਵੀ ਅਧਿਕਾਰਾਂ ਦੇ ਖੇਤਰ ਵਿਚ ਲਾਮਿਸਾਲ ਕੰਮ ਕੀਤਾ |