30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੁਲਵੀਰ ਵਲੋਂ ਤਗਮਿਆਂ ਦੀ ਹੈਟ੍ਰਿਕ

ਗੁਲਵੀਰ ਵਲੋਂ ਤਗਮਿਆਂ ਦੀ ਹੈਟ੍ਰਿਕ

ਅਜੀਤ ਡੈਸਕ 30-09-2026

ਨਾਗੋਆ, 29 ਸਤੰਬਰ (ਯੂ. ਐਨ. ਆਈ.)-ਗੁਲਵੀਰ ਸਿੰਘ (28) ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿਚ ਆਪਣੀ ਸ਼ਾਨਦਾਰ ਮੁਹਿੰਮ ਦਾ ਸਮਾਪਤੀ ਕੀਤੀ। ਇਸ ਦੇ ਨਾਲ ਹੀ ਉਸ ਨੇ ਤਗਮਿਆਂ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਅਜਿਹਾ ਕਾਰਨਾਮਾ ਕਰਨ ਵਾਲੇ ਭਾਰਤੀ ਖਿਡਾਰੀਆਂ ਦੇ ਵਿਸ਼ੇਸ਼ ਸਮੂਹ ਵਿਚ ਸ਼ਾਮਿਲ ਹੋ ਗਿਆ। ਗੁਲਵੀਰ ਨੇ 5000 ਮੀਟਰ ਦੇ ਫਾਈਨਲ ਵਿਚ 13:32.75 ਦਾ ਸਮਾਂ ਕੱਢਿਆ ਅਤੇ 10,000 ਮੀਟਰ ਤੇ 1500 ਮੀਟਰ ਮੁਕਾਬਲਿਆਂ ਵਿਚ ਪਹਿਲਾਂ ਹੀ ਜਿੱਤੇ ਗਏ ਚਾਂਦੀ ਦੇ ਤਗਮਿਆਂ ਵਿਚ ਕਾਂਸੀ ਦਾ ਤਗਮਾ ਵੀ ਸ਼ਾਮਿਲ ਕੀਤਾ। ਬਹਿਰੀਨ ਦੇ ਬਿਰਹਾਨੂ ਬਾਲੇਵ ਨੇ 13:30.79 ਦੇ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ, ਜਦਕਿ ਜਾਪਾਨ ਦੇ ਟੋਮੋਨੋਰੀ ਯਾਮਾਗੁਚੀ ਨੇ 13:31.43 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।ਗੁਲਵੀਰ ਦੀ ਤਿੰਨ ਤਗਮੇ ਜਿੱਤਣ ਦੀ ਇਹ ਪ੍ਰਾਪਤੀ ਉਸ ਨੂੰ ਮਹਾਨ ਖਿਡਾਰਨ ਪੀ.ਟੀ. ਊਸ਼ਾ ਵਰਗੇ ਦਿੱਗਜਾਂ ਦੀ ਕਤਾਰ ਵਿਚ ਖੜ੍ਹਾ ਕਰਦੀ ਹੈ, ਜਿਨ੍ਹਾਂ ਨੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿਚ ਚਾਰ ਤਗਮੇ ਜਿੱਤੇ ਸਨ। ਊਸ਼ਾ ਅਜੇ ਵੀ ਇਕੋ ਏਸ਼ਿਆਈ ਖੇਡਾਂ ਵਿਚ ਕਿਸੇ ਖਿਡਾਰੀ ਵਲੋਂ ਸਭ ਤੋਂ ਵੱਧ ਤਗਮੇ ਜਿੱਤਣ ਦਾ ਭਾਰਤੀ ਰਿਕਾਰਡ ਆਪਣੇ ਨਾਂਅ ਰੱਖਦੀ ਹੈ। ਗੁਲਵੀਰ ਮਹਾਂਦੀਪੀ ਖੇਡਾਂ ਦੇ ਇਕ ਹੀ ਸੀਜ਼ਨ ਵਿਚ ਟਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਤਿੰਨ ਤਗਮੇ ਜਿੱਤਣ ਵਾਲੇ ਦੂਜੇ ਭਾਰਤੀ ਪੁਰਸ਼ ਅਤੇ ਦੇਸ਼ ਦੇ ਚੌਥੇ ਖਿਡਾਰੀ ਬਣ ਗਏ ਹਨ। ਗੁਲਵੀਰ ਤੋਂ ਪਹਿਲਾਂ ਲਾਵੀ ਪਿੰਟੋ (ਨਵੀਂ ਦਿੱਲੀ 1951, 3 ਤਗਮੇ), ਪੀ.ਟੀ. ਊਸ਼ਾ (ਸਿਓਲ, 1986, 4 ਤਗਮੇ) ਅਤੇ ਕੇਐਮ ਬੀਨਾਮੋਲ (ਬੁਸਾਨ 2002, 3 ਤਗਮੇ) ਅਜਿਹੀ ਪ੍ਰਾਪਤੀ ਕਰ ਚੁੱਕੇ ਹਨ।

ਪਿਛਲੀ ਖ਼ਬਰ ਉੱਚੀ ਛਾਲ ’ਚ ਭਾਰਤ ਨੂੰ ਪਹਿਲਾ ਤਗਮਾ ਅਗਲੀ ਖ਼ਬਰ ਭਾਰਤ ਨੇ ਨਵੇਂ ਕੌਮੀ ਰਿਕਾਰਡ ਨਾਲ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।