20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਅਮਰਜੋਤ ਕੌਰ ਬੁੰਧੇਲ ਨੇ ਏਸ਼ੀਆ ਪੈਸੀਫਿਕ ਪੈਡਲ ਕੱਪ ’ਚ ਕੀਤੀ ਭਾਰਤ ਦੀ ਨੁਮਾਇੰਦਗੀ

ਅਜੀਤ ਡੈਸਕ 01-07-2026

ਜਲੰਧਰ, 30 ਜੂਨ (ਡਾ. ਜਤਿੰਦਰ ਸਾਬੀ)-ਭਾਰਤੀ ਕ੍ਰਿਕਟ ਨੂੰ ਕਈ ਯਾਦਗਾਰ ਪਲ ਦੇਣ ਵਾਲੇ ਯੋਗਰਾਜ ਸਿੰਘ ਦੇ ਪਰਿਵਾਰ ਤੋਂ ਇਕ ਹੋਰ ਖਿਡਾਰੀ ਨੇ ਹੁਣ ਅੰਤਰਰਾਸ਼ਟਰੀ ਮੰਚ ’ਤੇ ਤਿਰੰਗੇ ਦੀ ਸ਼ਾਨ ਵਧਾਈ ਹੈ। ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੀ ਧੀ ਅਤੇ ਵਿਸ਼ਵ ਕੱਪ ਹੀਰੋ ਯੁਵਰਾਜ ਸਿੰਘ ਦੀ ਭੈਣ ਅਮਰਜੋਤ ਕੌਰ ਬੁੰਧੇਲ (ਐਮੀ) ਨੂੰ ਏਸ਼ੀਆ ਪੈਸਿਫਿਕ ਪੈਡਲ ਕੱਪ 2026 ਲਈ ਭਾਰਤੀ ਟੀਮ ਵਿਚ ਚੋਣ ਹੋਈ ਸੀ ਅਤੇ ਇਹ ਟੂਰਨਾਮੈਂਟ 25 ਤੋਂ 28 ਜੂਨ ਤੱਕ ਮਨੀਲਾ (ਫਿਲੀਪੀਨਜ਼) ਵਿਚ ਕਰਵਾਇਆ ਗਿਆ ਸੀ, ਜਿਸ ਵਿਚ ਏਸ਼ੀਆ-ਪੈਸਿਫਿਕ ਖੇਤਰ ਦੀਆਂ ਸਰਬੋਤਮ ਟੀਮਾਂ ਨੇ ਹਿੱਸਾ ਲਿਆ। ਅਮਰਜੋਤ ਕੌਰ ਨੇ ਪਿਛਲੇ ਕੁਝ ਸਮੇਂ ਦੌਰਾਨ ਤੇਜ਼ੀ ਨਾਲ ਉਭਰ ਰਹੀ ਰੈਕੇਟ ਖੇਡ ਪੈਡਲ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇੰਟਰਨੈਸ਼ਨਲ ਪੈਡਲ ਫੈਡਰੇਸ਼ਨ ਦੀ ਅਧਿਕਾਰਤ ਪ੍ਰੋਫ਼ਾਈਲ ਅਨੁਸਾਰ ਉਹ ਭਾਰਤ ਦੀ ਪ੍ਰਤੀਨਿਧ ਖਿਡਾਰਨ ਹੈ ਅਤੇ ਉਸ ਦੀ ਸਰਬੋਤਮ ਵਿਸ਼ਵ ਰੈਂਕਿੰਗ 569 ਰਹੀ ਹੈ। ਹੈਦਰਾਬਾਦ ਵਿਚ ਹੋਏ ਇੰਡੀਅਨ ਓਪਨ ਫਿਪ ਸਿਲਵਰ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸ ਨੇ ਮਹੱਤਵਪੂਰਨ ਰੈਂਕਿੰਗ ਅੰਕ ਵੀ ਹਾਸਲ ਕੀਤੇ।
ਭਾਰਤੀ ਟੀਮ ਵਿਚ ਉਸ ਦੀ ਚੋਣ ਸਿਰਫ਼ ਇਕ ਨਿੱਜੀ ਉਪਲਬਧੀ ਨਹੀਂ, ਸਗੋਂ ਭਾਰਤ ਵਿਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਪੈਡਲ ਖੇਡ ਲਈ ਵੀ ਇਕ ਇਤਿਹਾਸਕ ਪਲ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੈਡਲ ਕੋਰਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਨੌਜਵਾਨਾਂ ਵਿਚ ਇਸ ਖੇਡ ਪ੍ਰਤੀ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਸਮੇਂ ਵਿਚ ਅਮਰਜੋਤ ਦੀ ਅੰਤਰਰਾਸ਼ਟਰੀ ਚੋਣ ਭਾਰਤੀ ਪੈਡਲ ਲਈ ਵੱਡੀ ਪ੍ਰੇਰਣਾ ਬਣੇਗੀ। ਯੋਗਰਾਜ ਦੇ ਪਰਿਵਾਰ ਦਾ ਨਾਂਅ ਭਾਰਤੀ ਕ੍ਰਿਕਟ ਵਿਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ। ਯੋਗਰਾਜ ਸਿੰਘ ਨੇ ਭਾਰਤ ਲਈ ਕ੍ਰਿਕਟ ਖੇਡੀ, ਜਦਕਿ ਯੁਵਰਾਜ ਸਿੰਘ ਨੇ ਟੀ-20 ਅਤੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਅ ਕੇ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ। ਹੁਣ ਅਮਰਜੋਤ ਕੌਰ ਨੇ ਕ੍ਰਿਕਟ ਦੀ ਬਜਾਏ ਪੈਡਲ ਨੂੰ ਆਪਣਾ ਕਰੀਅਰ ਬਣਾਕੇ ਇਹ ਸਾਬਤ ਕੀਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਹਰ ਖੇਡ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਅਮਰਜੋਤ ਕੌਰ ਦੀ ਇਹ ਉਪਲਬਧੀ ਪੰਜਾਬ ਦੀਆਂ ਧੀਆਂ ਲਈ ਨਵਾਂ ਸੰਦੇਸ਼ ਹੈ ਕਿ ਰਵਾਇਤੀ ਖੇਡਾਂ ਤੋਂ ਇਲਾਵਾ ਉਭਰ ਰਹੀਆਂ ਨਵੀਆਂ ਖੇਡਾਂ ਵਿਚ ਵੀ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ ਜਾ ਸਕਦੀ ਹੈ। ਦੇਸ਼ ਦੇ ਖੇਡ ਪ੍ਰੇਮੀਆਂ ਨੂੰ ਉਮੀਦ ਹੈ ਕਿ ਅਮਰਜੋਤ ਕੌਰ ਮਨੀਲਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਸਿਰਫ਼ ਭਾਰਤ ਦਾ ਮਾਣ ਵਧਾਏਗੀ, ਸਗੋਂ ਪੈਡਲ ਵਰਗੀ ਨਵੀਂ ਖੇਡ ਨੂੰ ਵੀ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ।

ਪਿਛਲੀ ਖ਼ਬਰ ਬਰਤਾਨੀਆ ’ਚ ਸ਼ਰਨਾਰਥੀਆਂ ਨੂੰ ਪੱਕੇ ਹੋਣ ਤੋਂ ਪਹਿਲਾਂ 10,000 ਪੌਂਡ ਤੱਕ ਦੀ ਰਕਮ ਸਰਕਾਰ ਨੂੰ ਵਾਪਸ ਕਰਨੀ ਪਵੇਗੀ ਅਗਲੀ ਖ਼ਬਰ ਅਮਰੀਕਾ ਦੇ ਗ੍ਰੀਨ ਕਾਰਡ ਧਾਰਕਾਂ ਲਈ ਵਿਦੇਸ਼ ਯਾਤਰਾ ਹੋਈ ਹੋਰ ਸਾਵਧਾਨੀ ਵਾਲੀ, ਸੁਪਰੀਮ ਕੋਰਟ ਦਾ ਅਹਿਮ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।