08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਧੁਆਂਖੀ ਦੀਵਾਲੀ

ਧੁਆਂਖੀ ਦੀਵਾਲੀ

ਅਜੀਤ ਡੈਸਕ 08-11-2026

ਪਿਛਲੇ ਕਈ ਸਾਲਾਂ ਤੋਂ ਹਰ ਸਾਲ ਨਵੰਬਰ ਦੇ ਮਹੀਨੇ ਵਿਚ ਅਤੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਧੰੂਏਾ ਅਤੇ ਵਧਦੇ ਪ੍ਰਦੂਸ਼ਣ ਦੀ ਚਰਚਾ ਹੁੰਦੀ ਆ ਰਹੀ ਹੈ | ਮਿਲ ਰਹੀਆਂ ਖ਼ਬਰਾਂ ਅਨੁਸਾਰ ਇਸ ਵੱਡੇ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਘੇਰੇ ਵਿਚ ਇਸ ਕਦਰ ਹਵਾ ਪ੍ਰਦੂਸ਼ਣ ਫੈਲਿਆ ਹੋਇਆ ਹੈ, ਜਿਸ ਵਿਚ ਸਾਹ ਲੈਣਾ ਬੇਹੱਦ ਮੁਸ਼ਕਿਲ ਜਾਪਦਾ ਹੈ | ਇਸ ਦੇ ਕਈ ਕਾਰਨ ਗਿਣਾਏ ਜਾਂਦੇ ਰਹੇ ਹਨ | ਦਿੱਲੀ ਵਿਚ ਭਾਜਪਾ ਦੀ ਸਰਕਾਰ ਹੈ ਅਤੇ  ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ | ਭਾਜਪਾ ਆਗੂ ਲਗਾਤਾਰ ਪੰਜਾਬ ਵਿਚ ਵੱਡੀ ਪੱਧਰ 'ਤੇ ਪਰਾਲੀ ਦੇ ਸਾੜੇ ਜਾਣ ਨੂੰ  ਇਸ ਪ੍ਰਦੂਸ਼ਣ ਦਾ ਕਾਰਨ ਦੱਸ ਰਹੇ ਹਨ | ਜਦੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਸ਼ਾਸਨ ਚਲਾ ਰਹੀ ਸੀ ਤਾਂ ਕੁਝ ਸਮੇਂ ਤੱਕ ਉਸ ਵਲੋਂ ਵੀ ਪੰਜਾਬ 'ਚ ਇਸ ਮੌਸਮ ਵਿਚ ਪਰਾਲੀ ਸਾੜੇ ਜਾਣ ਨੂੰ  ਦਿੱਲੀ ਦੇ ਹਵਾ ਪ੍ਰਦੂਸ਼ਣ ਤੇ ਧੁਆਂਖੇ ਵਾਤਾਵਰਨ ਨਾਲ ਜੋੜਿਆ ਜਾਂਦਾ ਸੀ, ਅੱਜ ਵੀ ਇਸ ਮਾਮਲੇ 'ਤੇ ਪੰਜਾਬ ਸਰਕਾਰ ਨੂੰ  ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 

ਇਸ ਸੰਬੰਧੀ ਹੁਣ ਸੁਪਰੀਮ ਕੋਰਟ ਦੀ ਟਿੱਪਣੀ ਨੇ ਦਿੱਲੀ ਵਿਚ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੋਰ ਕਾਰਨਾਂ ਵੱਲ ਵੀ ਧਿਆਨ ਕੇਂਦਰਿਤ ਕਰਵਾਇਆ ਹੈ | ਚੀਫ਼ ਜਸਟਿਸ ਨੇ ਦਿੱਲੀ ਸਰਕਾਰ ਤੋਂ ਸਖ਼ਤ ਸ਼ਬਦਾਂ ਵਿਚ ਪ੍ਰਦੂਸ਼ਣ ਨੂੰ  ਘੱਟ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਵਾਬ ਮੰਗਿਆ ਹੈ | ਦਿੱਲੀ ਨੇੜਲੇ ਸੂਬਿਆਂ ਵਿਚ ਪਰਾਲੀ ਸਾੜਨ ਦੀ ਸਮੱਸਿਆ ਸੰਬੰਧੀ ਵੀ ਮੁੱਖ ਜੱਜ ਨੇ ਕਈ ਅਹਿਮ ਟਿੱਪਣੀਆਂ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਫੈਲੇ ਪ੍ਰਦੂਸ਼ਣ ਦਾ ਇਕੋ-ਇਕ ਕਾਰਨ ਪਰਾਲੀ ਸਾੜਨਾ ਹੀ ਨਹੀਂ ਕਿਹਾ ਜਾ ਸਕਦਾ, ਸਗੋਂ ਇਥੇ ਬਾਹਰਲੇ ਸੂਬਿਆਂ ਤੋਂ ਆਉਂਦੇ ਵਾਹਨਾਂ ਦੀ ਵੱਡੀ ਗਿਣਤੀ ਅਤੇ ਸਨਅਤਾਂ ਦਾ ਸੰਘਣਾ ਧੰੂਆਂ ਅਤੇ ਉਸਾਰੀ ਦੇ ਕੰਮਾਂ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਵੀ ਇਸ ਲਈ ਵੱਡੀ ਪੱਧਰ 'ਤੇ ਜ਼ਿੰਮੇਵਾਰ ਹੈ, ਜਿਸ ਨਾਲ ਨਜਿੱਠਣ ਲਈ ਚਾਹੇ ਪਿਛਲੇ ਸਮੇਂ ਵਿਚ ਵੱਡੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ, ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਵੀ ਇਨ੍ਹਾਂ ਮਹੀਨਿਆਂ ਦੌਰਾਨ ਪ੍ਰਦੂਸ਼ਣ ਦੇ ਵਧਣ ਨੂੰ  ਨਹੀਂ ਰੋਕਿਆ ਜਾ  ਸਕਿਆ | ਦਿੱਲੀ ਦੇਸ਼ ਦੀ ਰਾਜਧਾਨੀ ਹੈ, ਉੱਥੇ ਦੇ ਪ੍ਰਦੂਸ਼ਣ ਸੰਬੰਧੀ ਧਿਆਨ ਕੇਂਦਰਿਤ ਹੋਣਾ ਕੁਦਰਤੀ ਹੈ, ਪਰ ਅੱਜ ਪੰਜਾਬ ਸਮੇਤ ਉੱਤਰੀ ਭਾਰਤ ਦੇ ਬਹੁਤੇ ਸੂਬੇ ਵੀ ਪ੍ਰਦੂਸ਼ਣ ਦੀ ਮਾਰ ਹੇਠ ਆਏ ਹੋਏ ਹਨ | ਇਹ ਪ੍ਰਦੂਸ਼ਣ ਸਿਰਫ਼ ਹਵਾ ਵਿਚ ਹੀ ਨਹੀਂ, ਸਗੋਂ ਇੱਥੋਂ ਦੇ ਪਾਣੀ ਵੀ ਕਾਫੀ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕੇ ਹਨ, ਜਿਸ ਨਾਲ ਜੀਵਨ ਜਿਊਣਾ ਦੁੱਭਰ ਹੋ ਗਿਆ ਹੈ | ਇਸ ਦੇ ਨਾਲ-ਨਾਲ ਖਾਣ-ਪੀਣ ਦੀਆਂ ਵਸਤਾਂ ਵਿਚ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਵਿਚ ਹੋ ਰਹੀ ਮਿਲਾਵਟ ਨੇ ਵੀ ਮਨੁੱਖੀ ਸਰੀਰ ਨੂੰ  ਇਕ ਤਰ੍ਹਾਂ ਨਾਲ ਖੋਖਲਾ ਕਰਕੇ ਰੱਖ ਦਿੱਤਾ ਹੈ | 
ਸਦੀਆਂ ਪਹਿਲਾਂ ਜਦੋਂ ਯੂਰਪੀਅਨ ਦੇਸ਼ਾਂ ਵਿਚ ਸਨਅਤੀ ਇਨਕਲਾਬ ਆਇਆ ਸੀ ਤਾਂ ਉਨ੍ਹਾਂ ਨੂੰ  ਵੀ ਵੱਡੀ ਪੱਧਰ 'ਤੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਦੀ ਮਾਰ ਝੱਲਣੀ ਪਈ ਸੀ, ਜਿਸ 'ਤੇ ਦਹਾਕਿਆਂ ਤੱਕ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਨੇ ਵੱਡੀ ਹੱਦ ਤੱਕ ਹਰ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਮਿਲਾਵਟਖੋਰੀ 'ਤੇ ਕਾਬੂ ਪਾ ਲਿਆ ਹੈ | ਇਸ ਕਰਕੇ ਅੱਜ ਭਾਰਤ ਵਰਗੇ ਦੇਸ਼ਾਂ ਨਾਲੋਂ ਯੂਰਪੀਅਨ ਦੇਸ਼ਾਂ ਵਿਚ ਲੋਕ ਬਿਹਤਰ ਜੀਵਨ ਜੀਅ ਰਹੇ ਹਨ | ਬਿਨਾਂ ਸ਼ੱਕ ਭਾਰਤੀ ਸਰਕਾਰਾਂ ਅਤੇ ਸਮਾਜ ਸਾਹਮਣੇ ਇਹ ਇਕ ਬੇਹੱਦ ਵੱਡੀ ਚੁਣੌਤੀ ਹੈ, ਜਿਸ ਦਾ ਮੁਕਾਬਲਾ ਕਰਨ ਲਈ ਦੇਸ਼ ਦੇ ਹਰ ਸੂਬੇ ਵਿਚ ਸਖ਼ਤ ਮਿਹਨਤ, ਚੰਗੀ ਯੋਜਨਾਬੰਦੀ ਅਤੇ ਵੱਡੇ ਜ਼ਾਬਤੇ ਦੀ ਜ਼ਰੂਰਤ ਹੋਵੇਗੀ | ਜੇਕਰ ਅਜਿਹਾ ਨਾ ਹੋ ਸਕਿਆ ਤਾਂ ਆਉਂਦੇ ਸਮੇਂ ਵਿਚ ਵੀ ਕਰੋੜਾਂ ਲੋਕ ਅਜਿਹਾ ਬੇਹੱਦ ਤਰਸਯੋਗ ਜੀਵਨ ਜਿਊਣ ਲਈ ਮਜਬੂਰ ਹੁੰਦੇ ਰਹਿਣਗੇ | 
ਦੀਵਾਲੀ ਦੀਆਂ ਸਭ ਨੂੰ  ਸ਼ੁੱਭ ਇਛਾਵਾਂ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ... ਅਗਲੀ ਖ਼ਬਰ 'ਭਾਰਤ ਰਤਨ' ਐੱਲ.ਕੇ. ਅਡਵਾਨੀ ਜੀਵਨ ਦੇ 100ਵੇਂ ਵਰ੍ਹੇ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।