07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਿਧੜਕ ਆਗੂ ਜਥੇਦਾਰ ਜੀਵਨ ਸਿੰੰਘ ਉਮਰਾ ਨੰਗਲ ਨੂੰ ਯਾਦ ਕਰਦਿਆਂ

ਨਿਧੜਕ ਆਗੂ ਜਥੇਦਾਰ ਜੀਵਨ ਸਿੰੰਘ ਉਮਰਾ ਨੰਗਲ ਨੂੰ ਯਾਦ ਕਰਦਿਆਂ

ਅਜੀਤ ਡੈਸਕ 07-11-2026

ਬਰਸੀ 'ਤੇ ਵਿਸ਼ੇਸ਼

ਪੰਜਾਬ ਜਦੋਂ ਕਾਲੇ ਦੌਰ 'ਚੋਂ ਗੁਜ਼ਰ ਰਿਹਾ ਸੀ ਤੇ ਦਹਿਸ਼ਤ ਦਾ ਪੂਰਾ ਜ਼ੋਰ ਸੀ ਤਾਂ ਉਸ ਸਮੇਂ ਬਜ਼ੁਰਗ ਅਕਾਲੀ ਨੇਤਾ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਹੀ ਅਜਿਹੇ ਆਗੂ ਸਨ, ਜਿਨ੍ਹਾਂ ਨੇ ਉਸ ਸਮੇਂ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਦਿ੍ੜ੍ਹਤਾ ਨਾਲ ਸੰਘਰਸ਼ ਕੀਤਾ | ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦੇ ਵਿਕਾਸਸ਼ੀਲ ਕਿਸਾਨ ਪਰਿਵਾਰ 'ਚ ਜਥੇਦਾਰ ਉਮਰਾ ਨੰਗਲ ਦਾ ਜਨਮ 1 ਅਕਤੂਬਰ 1914 ਨੂੰ  ਪਿਤਾ ਸ. ਬਸੰਤ ਸਿੰਘ ਦੇ ਗ੍ਰਹਿ ਵਿਖੇ ਹੋਇਆ | ਉਹ 1938 ਨੂੰ  ਪਿੰਡ ਉਮਰਾ ਨੰਗਲ (ਨਜ਼ਦੀਕ ਬਾਬਾ ਬਕਾਲਾ ਸਾਹਿਬ) ਵਿਖੇ ਆ ਵਸੇ | ਇੱਥੇ ਪਿੰਡ ਦੇ ਨੰਬਰਦਾਰ ਤੇ ਫਿਰ ਸਰਪੰਚ ਬਣੇ |
 

ਅਕਾਲੀ ਦਲ ਦੇ ਸੀਨੀਅਰ ਨੇਤਾ ਸਵ. ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਨਾ ਸਦਕਾ ਜਥੇ. ਉਮਰਾ ਨੰਗਲ 1950 'ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਅਤੇ 1955 ਵਿਚ ਉਨ੍ਹਾਂ ਨੂੰ  ਪਾਰਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਚੋਣਾਂ ਦੀ ਟਿਕਟ ਦਿੱਤੀ ਗਈ ਤੇ ਉਹ ਚੋਣਾਂ ਜਿੱਤ ਗਏ | ਇਸ ਤੋਂ ਬਾਅਦ 1960, 1965 ਤੇ 1979 ਵਿਚ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਜਿੱਤ ਕੇ ਉਹ ਕਾਰਜਕਾਰੀ ਮੈਂਬਰ, ਫਿਰ ਜਨਰਲ ਸਕੱਤਰ ਤੇ ਫਿਰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਰਹੇ | ਜਥੇਦਾਰ ਉਮਰਾ ਨੰਗਲ ਲਗਭਗ ਸਾਰੇ ਅਕਾਲੀ ਮੋਰਚਿਆਂ ਅਤੇ ਐਮਰਜੈਂਸੀ ਦੌਰਾਨ ਕਈ ਵਾਰ ਜੇਲ੍ਹ ਗਏ | ਉਹ 1960 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ ਅਤੇ ਜਸਟਿਸ ਗੁਰਨਾਮ ਸਿੰਘ ਦੇ ਮੰਤਰੀ ਮੰਡਲ ਵਿਚ ਬਤੌਰ ਮਾਲ ਮੰਤਰੀ ਰਹੇ | 1977 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਬਿਆਸ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿਚ ਮਾਲ ਅਤੇ ਮੁੜ ਵਸੇਬਾ ਮੰਤਰੀ ਬਣੇ | 1980 ਵਿਚ ਉਹ ਇਸੇ ਹਲਕੇ ਤੋਂ ਸ. ਗੁਰਦਿਆਲ ਸਿੰਘ ਢਿੱਲੋਂ (ਸਪੀਕਰ ਲੋਕ ਸਭਾ) ਨੂੰ  ਹਰਾ ਕੇ ਵਿਧਾਇਕ ਚੁਣੇ ਗਏ | ਸ੍ਰੀ ਅਨੰਦਪੁਰ ਸਾਹਿਬ ਦੇ ਮਤੇ 'ਤੇ ਲੱਗੇ ਮੋਰਚੇ ਵਿਚ ਵੀ ਉਨ੍ਹਾਂ ਨੇ ਡੇਢ ਸਾਲ ਦੀ ਕੈਦ ਕੱਟੀ | ਪੰਜਾਬ 'ਚ ਜਦੋਂ ਫਿਰਕੂ ਮਾਹੌਲ ਗੰਧਲਾ ਹੋਣ ਲੱਗਾ ਅਤੇ ਬੇਗੁਨਾਹਾਂ ਦੇ ਕਤਲ ਹੋਣੇ ਸ਼ੁਰੂ ਹੋਏ ਤਾਂ ਉਨ੍ਹਾਂ ਨੇ ਇਸ ਵਰਤਾਰੇ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ | ਮੋਰਚਾ ਖੋਲ੍ਹ ਦਿੱਤਾ | ਦੇਸ਼ ਵਿਚ ਅਮਨ-ਸ਼ਾਂਤੀ ਲਈ ਕਈ ਪੈਦਲ ਯਾਤਰਾਵਾਂ ਕੀਤੀਆਂ, ਜੋ ਅੰਤਿਮ ਸਾਹਾਂ ਤੱਕ ਉਨ੍ਹਾਂ ਨੇ ਜਾਰੀ ਰੱਖੀਆਂ | ਅੱਤਵਾਦ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ  ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ | ਇਕ ਵਾਰ ਤਾਂ ਉਨ੍ਹਾਂ 'ਤੇ ਰਾਕੇਟ ਨਾਲ ਜਾਨਲੇਵਾ ਹਮਲਾ ਵੀ ਕੀਤਾ ਗਿਆ, ਖ਼ੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਏ | ਪਰ ਉਨ੍ਹਾਂ ਦੇ ਬੇਟੇ ਸੁਖਦੇਵ ਸਿੰਘ ਉਮਰਾ ਨੰਗਲ ਨੂੰ  8 ਮਈ 1987 ਨੂੰ  ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ | ਆਪਣੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਉਹ ਲੜਖੜਾਏ ਨਹੀ, ਸਗੋਂ ਸੱਚ ਦੇ ਮਿਸ਼ਨ ਤੇ ਚੱਲ ਕੇ ਆਪਣੀ ਅਵਾਜ਼ ਨੂੰ  ਹੋਰ ਬੁਲੰਦ ਕਰੀ ਰੱਖਿਆ | 1987 ਵਿਚ ਉਨ੍ਹਾਂ ਨੂੰ  'ਮਹਾਰਾਣਾ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਜਥੇ. ਉਮਰਾ ਨੰਗਲ ਦੇ ਕੌਮੀ ਏਕਤਾ, ਫਿਰਕੂ ਸਦਭਾਵਨਾ ਅਤੇ ਸ਼ਾਂਤੀ ਲਈ ਕੀਤੇ ਯਤਨਾਂ ਕਰਕੇ ਭਾਰਤ ਸਰਕਾਰ ਨੇ 1991 ਵਿਚ ਉਹਨਾਂ ਨੂੰ  'ਪਦਮ ਭੂਸ਼ਣ' ਅਤੇ 1996 ਵਿਚ 'ਨੈਸ਼ਨਲ ਐਮਿਟੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਆਖਰੀ ਦਮ ਤੱਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਅਲਖ ਜਗਾਉਂਦੇ ਹੋਏ ਜਥੇ. ਉਮਰਾ ਨੰਗਲ 7 ਨਵੰਬਰ 1998 ਨੂੰ  ਹਮੇਸ਼ਾ ਲਈ ਅਲਵਿਦਾ ਕਹਿ ਗਏ | ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੀ ਸਾਲਾਨਾ ਬਰਸੀ ਅਤੇ ਮਾਤਾ ਸੰਪੂਰਨ ਕੌਰ, ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਤੇ ਜਸਵੰਤ ਸਿੰਘ ਉਮਰਾ ਨੰਗਲ, ਇੰਦਰਰਾਜ ਸਿੰਘ ਉਮਰਾ ਨੰਗਲ ਜੋ ਕਿ ਬੀਤੇੇ ਸਮਿਆਂ ਦੌਰਾਨ ਵੱਖ-ਵੱਖ ਸਮੇਂ 'ਤੇ ਅਕਾਲ ਚਲਾਣਾ ਕਰ ਗਏ ਸਨ, ਦੀ ਮਿੱਠੀ ਯਾਦ ਵਿਚ ਉਮਰਾ ਨੰਗਲ ਪਰਿਵਾਰ ਵਲੋਂ ਸਹਿਜ ਪਾਠ ਦੇ ਭੋਗ 7 ਨਵੰਬਰ (ਸਨਿਚਰਵਾਰ) ਨੂੰ  ਪਿੰਡ ਉਮਰਾ ਨੰਗਲ ਸ਼ੈਲਰ 'ਤੇ (ਨਜ਼ਦੀਕ ਬਾਬਾ ਬਕਾਲਾ ਸਾਹਿਬ) ਵਿਖੇ ਪੈਣਗੇ | ਇਹ ਜਾਣਕਾਰੀ ਦਿੰਦਿਆਂ ਜਥੇ. ਉਮਰਾ ਨੰਗਲ ਦੇ ਸਪੁੱਤਰ ਸ. ਅਵਤਾਰ ਸਿੰਘ ਉਮਰਾ ਨੰਗਲ ਸਾਬਕਾ ਚੀਫ ਇੰਜੀਨੀਅਰ ਅਤੇ ਪੋਤਰੇ ਸ. ਪਰਮਰਾਜ ਸਿੰਘ ਉਮਰਾ ਨੰਗਲ ਸਾਬਕਾ ਏ.ਡੀ.ਜੀ.ਪੀ. ਪੰਜਾਬ ਪੁਲਿਸ ਨੇ ਦੱਸਿਆ ਕਿ ਸਵੇਰੇ ਭੋਗ ਪਾਉਣ ਤੋਂ ਬਾਅਦ ਗੁਰਬਾਣੀ ਕੀਰਤਨ ਹੋਵੇਗਾ ਅਤੇ ਫਿਰ ਵੱਖ-ਵੱਖ ਸਿਆਸੀ ਆਗੂਆਂ ਵਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ |

-ਪ੍ਰਤੀਨਿਧ ਬਾਬਾ ਬਕਾਲਾ ਸਾਹਿਬ |
ਮੋਬਾਈਲ : 98157-69164

 

 

ਪਿਛਲੀ ਖ਼ਬਰ ਰੁਜ਼ਗਾਰ ਤੇ ਸਨਮਾਨਜਨਕ ਜ਼ਿੰਦਗੀ ਯਕੀਨੀ ਬਣਾਏ ਸਰਕਾਰ ਅਗਲੀ ਖ਼ਬਰ ED Raids Nothing Found Live | Harpal Singh Cheema ਅਤੇ Amandeep Kaur ਚੰਡੀਗੜ੍ਹ ਤੋਂ Live

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।