06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐੱਫ.ਜ਼ੈੱਡ. 1073 ਉਡਾਣ ਦੀ ਘਟਨਾ ਜੇਕਰ ਜਹਾਜ਼ ਵਿਚ 'ਆਫ-ਡਿਊਟੀ' ਪਾਇਲਟ ਨਾ ਹੁੰਦੇ?

ਐੱਫ.ਜ਼ੈੱਡ. 1073 ਉਡਾਣ ਦੀ ਘਟਨਾ ਜੇਕਰ ਜਹਾਜ਼ ਵਿਚ 'ਆਫ-ਡਿਊਟੀ' ਪਾਇਲਟ ਨਾ ਹੁੰਦੇ?

ਅਜੀਤ ਡੈਸਕ 06-10-2026

ਜ਼ਰਾ ਸੋਚੋ, ਜਦੋਂ ਇਕ ਜਹਾਜ਼ 30,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਉੱਡ ਰਿਹਾ ਹੋਵੇ ਤੇ ਹੇਠਾਂ ਧਰਤੀ ਦੀ ਬਜਾਏ ਬੱਦਲਾਂ ਦਾ ਅਥਾਹ ਸਮੁੰਦਰ ਹੋਵੇ | ਜਹਾਜ਼ 'ਚ ਅਮਲੇ ਦੇ 6 ਮੈਂਬਰਾਂ ਤੋਂ ਇਲਾਵਾ 174 ਯਾਤਰੀ ਸਵਾਰ ਹੋਣ ਤੇ ਉਨ੍ਹਾਂ ਨੂੰ  ਕੋਈ ਅੰਦਾਜ਼ਾ ਨਾ ਹੋਵੇ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਖੌਫ਼ ਦੇ ਤੂਫ਼ਾਨ ਦੀ ਲਪੇਟ 'ਚ ਆਉਣ ਵਾਲੀਆਂ ਹਨ | ਅਚਾਨਕ ਕਾਕਪਿਟ 'ਚੋਂ ਚੀਕਾਂ ਆਉਣ ਲੱਗੀਆਂ, ਜਿੱਥੇ ਫਲਾਈਟ ਐੱਫ.ਜ਼ੈੱਡ. 1073 ਦੇ ਦੋ ਪਾਇਲਟ ਮੌਜੂਦ ਸਨ | ਇਹ ਮਹਿਜ਼ ਸੰਜੋਗ ਸੀ ਕਿ ਉਸ ਦਿਨ ਦੋ ਹੋਰ ਪਾਇਲਟ ਵੀ ਕਿਸੇ ਖਾਸ ਮਕਸਦ ਲਈ ਕੀਤੇ ਗਏ ਪ੍ਰਬੰਧ ਦੇ ਚਲਦਿਆਂ ਜਹਾਜ਼ 'ਚ ਸਵਾਰ ਸਨ, ਜੋ ਹਵਾਬਾਜ਼ੀ ਦੇ ਇਤਿਹਾਸ 'ਚ ਫਲਾਈਟ ਐੱਫ.ਜ਼ੈੱਡ. 1073 ਦੇ ਮਾਮਲੇ 'ਚ ਅਣਕਿਆਸੇ ਸੰਕਟ ਦੌਰਾਨ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਮਸੀਹੇ ਸਾਬਤ ਹੋ ਗਏ | ਹਵਾਈ ਜਹਾਜ਼ ਦੇ ਸਹਿ-ਪਾਇਲਟ ਹਮਾਮ ਅਲ-ਹਮਾਮੀ ਨੇ ਕੈਪਟਨ ਸਮਿਤ ਮੱਛਾਰ 'ਤੇ ਕੁਹਾੜੀ (ਜੋ ਐਮਰਜੈਂਸੀ ਸਮੇਂ ਲਈ ਕਾਕਪਿਟ ਵਿਚ ਰੱਖੀ ਹੋਈ ਹੁੰਦੀ ਹੈ |) ਨਾਲ ਹਮਲਾ ਕਰ ਦਿੱਤਾ ਤਾਂ ਜਹਾਜ਼ ਲਗਭਗ 30 ਸਕਿੰਟਾਂ 'ਚ ਕਰੀਬ 14,000 ਫੁੱਟ ਹੇਠਾਂ ਆ ਗਿਆ | ਹਾਲਾਂਕਿ ਜ਼ਖਮੀ ਕੈਪਟਨ ਵਲੋਂ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਕੇ ਅਮਲੇ ਨੂੰ  ਮਦਦ ਲਈ ਆਵਾਜ਼ ਮਾਰਨ 'ਤੇ ਅਮਲੇ ਦੇ ਯਾਤਰੀਆਂ ਨੇ ਹਮਲਾਵਰ ਪਾਇਲਟ ਨੂੰ  ਕਾਬੂ ਕਰ ਲਿਆ ਤੇ ਉਡਾਣ 'ਚ ਮੌਜੂਦ ਦੋਵੇਂ ਪਾਇਲਟ ਜਹਾਜ਼ ਦਾ ਕੰਟਰੋਲ ਸੰਭਾਲ ਕੇ ਉਸ ਨੂੰ  ਸਾਊਦੀ ਅਰਬ ਦੇ ਤਬੁਕ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਨ 'ਚ ਸਫਲ ਹੋ ਗਏ | 

ਇੱਥੋਂ ਹੀ ਇਸ ਕਹਾਣੀ ਦਾ ਸਭ ਤੋਂ ਅਹਿਮ ਸਵਾਲ 'ਜੇ ਅਜਿਹਾ ਨਾ ਹੁੰਦਾ ਤਾਂ ਕੀ ਹੁੰਦਾ' ਸਾਹਮਣੇ ਆਉਂਦਾ ਹੈ, ਜੇਕਰ ਉਹ ਦੋ ਪਾਇਲਟ ਉਡਾਨ 'ਚ ਮੌਜੂਦ ਨਾ ਹੁੰਦੇ ਤਾਂ ਕੀ ਹੁੰਦਾ? ਅੱਜ ਸ਼ਾਇਦ ਕੋਈ ਵੀ ਇਸ ਦਾ ਪੱਕਾ ਜਵਾਬ ਨਾ ਦੇ ਸਕੇ, ਜੇਕਰ ਜ਼ਖਮੀ ਕੈਪਟਨ ਜਹਾਜ਼ ਨੂੰ  ਕੰਟਰੋਲ 'ਚ ਨਾ ਰੱਖ ਸਕਦਾ ਜਾਂ ਯਾਤਰੀਆਂ ਤੇ ਕੈਬਿਨ ਕਰੂ ਦੀ ਦਖਲਅੰਦਾਜ਼ੀ ਸਫਲ ਨਾ ਹੁੰਦੀ ਤਾਂ ਕੀ  ਸਥਿਤੀ ਕਿਸੇ ਹੋਰ ਤਰੀਕੇ ਨਾਲ ਸੰਭਾਲੀ ਜਾ ਸਕਦੀ ਸੀ? ਬਿਨਾਂ ਸ਼ੱਕ  ਜੇਕਰ ਜਹਾਜ਼ 'ਚ ਸਿਖਲਾਈ-ਪ੍ਰਾਪਤ ਪਾਇਲਟ ਮੌਜੂਦ ਨਾ ਹੁੰਦੇ ਤਾਂ ਸਥਿਤੀ ਸੱਚਮੁੱਚ ਭਿਆਨਕ ਹੋ ਸਕਦੀ ਸੀ | ਹਵਾਬਾਜ਼ੀ ਦੇ ਇਤਿਹਾਸ 'ਚ ਅਜਿਹੀਆਂ ਮਿਸਾਲਾਂ ਸਪੱਸ਼ਟ ਕਰਦੀਆਂ ਹਨ ਕਿ ਕਾਕਪਿਟ 'ਚ ਮੌਜੂਦ ਇਕ ਯੋਗ ਪਾਇਲਟ ਸੁਰੱਖਿਆ ਲਈ ਕਿੰਨਾ ਅਹਿਮ ਹੁੰਦਾ ਹੈ | 1983 'ਚ ਏਅਰ ਕੈਨੇਡਾ-143 ਉਡਾਣ ਜਿਸ ਨੂੰ  ਬਾਅਦ ਵਿੱਚ 'ਗਿਮਲੀ ਗਲਾਈਡਰ' ਦਾ ਨਾਂਅ ਦਿੱਤਾ ਗਿਆ ਹੈ, ਉਸ ਦਾ ਈਾਧਨ ਖਤਮ ਹੋਣ ਕਾਰਨ ਦੋਵੇਂ ਇੰਜਣ ਬੰਦ ਹੋ ਗਏ ਤਾਂ ਕੈਪਟਨ ਰਾਬਰਟ ਪੀਅਰਸਨ ਤੇ ਫਸਟ ਅਫਸਰ ਮੌਰਿਸ ਕਿਵੰਟਲ ਇੰਜਣ ਦੀ ਸ਼ਕਤੀ ਤੋਂ ਬਗੈਰ ਵਿਸ਼ਾਲ ਬੋਇੰਗ 767 ਨੂੰ  ਹਵਾ 'ਚ ਗਲਾਈਡ ਕਰਵਾਉਂਦਿਆ ਸੁਰੱਖਿਅਤ ਉਤਾਰਨ 'ਚ ਕਾਮਯਾਬ ਹੋ ਗਏ ਸਨ | ਇਸੇ ਤਰ੍ਹਾਂ 2009 'ਚ ਪੰਛੀਆਂ ਦੇ ਝੁੰਡ ਨਾਲ ਟਕਰਾਉਣ ਨਾਲ  ਯੂ.ਐਸ. ਏਅਰਵੇਜ਼ ਦੀ ਉਡਾਣ 1549 ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਤਾਂ ਕੈਪਟਨ ਚੈਸਲੀ ਸੁਲੇਨਬਰਗਰ ਤੇ ਫਸਟ ਅਫਸਰ ਜੈਫ ਸਕਾਈਲਸ ਨੇ ਜਹਾਜ਼ ਨੂੰ  ਹਡਸਨ ਨਦੀ 'ਚ ਉਤਾਰ ਕੇ ਜਹਾਜ਼ 'ਚ ਸਵਾਰ ਸਾਰੇ 155 ਲੋਕਾਂ ਨੂੰ  ਸੁਰੱਖਿਅਤ ਬਚਾ ਲਿਆ ਸੀ | ਪਰ ਇਹ ਘਟਨਾਵਾਂ ਬਾਹਰੀ ਕਾਰਨਾਂ-ਇੰਜਣ ਦੀ ਖਰਾਬੀ, ਈਾਧਨ ਖ਼ਤਮ ਹੋਣ ਜਾਂ ਪੰਛੀਆਂ ਕਰਕੇ ਵਾਪਰੀਆਂ ਸਨ | 
ਹਾਲਾਂਕਿ ਇੱਥੇ ਸਥਿਤੀ ਬਿਲਕੁਲ ਵੱਖਰੀ ਹੈ, ਜਿਸ ਨੇ ਭਵਿੱਖ ਲਈ ਬਹੁਤ ਚਿੰਤਾਜਨਕ ਸਵਾਲ ਖੜ੍ਹੇ ਕਰ ਦਿੱਤੇ ਹਨ | ਹੁਣ ਸਵਾਲ ਇਹ ਹੈ ਕਿ ਫਿਰ ਕੀ ਹੋਵੇਗਾ ਜੇਕਰ ਖ਼ਤਰਾ ਬਾਹਰੋਂ ਨਹੀਂ, ਸਗੋਂ ਕਾਕਪਿਟ ਦੇ ਅੰਦਰੋਂ ਹੀ ਪੈਦਾ ਹੋ ਜਾਵੇ? ਸਾਲ 2015 ਦੀ ਜਰਮਨ ਵਿੰਗਜ਼ ਫਲਾਈਟ 9525 ਦੀ ਦੁਖਦਾਈ ਘਟਨਾ ਨੇ ਇਸੇ ਸਵਾਲ ਨੂੰ  ਦੁਨੀਆ ਦੇ ਸਾਹਮਣੇ ਲਿਆਂਦਾ ਸੀ; ਉਸ ਮਾਮਲੇ 'ਚ ਸਹਿ-ਪਾਇਲਟ ਵਲੋਂ ਜਹਾਜ਼ ਦੇ ਕਪਤਾਨ ਨੂੰ  ਜਾਣ-ਬੁੱਝ ਕੇ ਕਾਕਪਿਟ ਤੋਂ ਬਾਹਰ ਰੱਖਣ ਕਾਰਨ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 150 ਲੋਕ ਮਾਰੇ ਗਏ ਸਨ | ਦਰਅਸਲ ਜਹਾਜ਼ ਦੇ ਕਾਕਪਿਟ ਸੁਰੱਖਿਆ ਦੇ ਉਪਾਅ ਭਾਅ ਬਾਹਰੀ ਹਮਲਾਵਰਾਂ ਨੂੰ  ਰੋਕਣ ਲਈ ਬਣਾਏ ਜਾਂਦੇ ਹਨ, ਉਹ ਅੰਦਰੂਨੀ ਖ਼ਤਰੇ ਦਾ ਸਾਹਮਣਾ ਕਰਨ ਵੇਲੇ ਕਿਵੇਂ ਨਵੀਆਂ ਚੁਣੌਤੀਆਂ ਪੈਦਾ ਕਰਦੇ ਹਨ, ਪਰ ਐੱਫ.ਜ਼ੈੱਡ. 1073 ਉਡਾਣ ਨਾਲ ਜੁੜੀ ਘਟਨਾ ਅੰਦਰੂਨੀ ਖ਼ਤਰੇ ਦੇ ਪਹਿਲੂ ਨੂੰ  ਉਜਾਗਰ ਕਰਕੇ ਖੌਫ਼ ਨੂੰ  ਹੋਰ ਵਧਾਉਂਦੀ ਹੈ | ਇਹ ਘਟਨਾ ਸਿਰਫ਼ 'ਦੋ ਪਾਇਲਟ ਬਨਾਮ ਇਕ' ਦੀ ਕਹਾਣੀ ਨਹੀਂ ਹੈ; ਸਗੋਂ ਸੁਰੱਖਿਆ ਪਰਤ ਦੀ ਇਕ ਕਹਾਣੀ ਹੈ | ਚੰਗੀ ਹਵਾਬਾਜ਼ੀ ਸੁਰੱਖਿਆ ਦਾ ਇਕ ਮੂਲ ਸਿਧਾਂਤ ਇਹ ਹੈ ਕਿ ਕਿਸੇ ਇਕ ਵਿਅਕਤੀ, ਉਪਕਰਨ ਜਾਂ ਪ੍ਰਕਿਰਿਆ ਦੀ ਅਸਫਲਤਾ ਕਾਰਨ ਪੂਰਾ ਸਿਸਟਮ ਖ਼ਤਮ ਨਹੀਂ ਹੋਣਾ ਚਾਹੀਦਾ | ਪਰ ਕੀ ਇਸ ਦਾ ਮਤਲਬ ਇਹ ਹੈ ਕਿ ਹੁਣ ਹਰ ਯਾਤਰੀ ਉਡਾਣ 'ਚ ਡਿਊਟੀ 'ਤੇ ਨਾ ਹੋਣ ਵਾਲੇ ਦੋ ਵਾਧੂ ਪਾਇਲਟਾਂ ਦੀ ਮੌਜੂਦਗੀ ਲਾਜ਼ਮੀ ਕਰ ਦੇਣੀ ਚਾਹੀਦੀ ਹੈ? ਇਹ ਵਿਚਾਰ ਸੁਣਨ ਵਿਚ ਬਹੁਤ ਆਕਰਸ਼ਕ ਲਗਦਾ ਹੈ, ਆਖ਼ਰਕਾਰ ਫਲਾਈਟ ਐੱਫ.ਜ਼ੈੱਡ. 1073 'ਤੇ ਮੌਜੂਦ ਵਾਧੂ ਪਾਇਲਟ ਹੀ ਸਨ, ਜੋ ਸੰਕਟ ਤੋਂ ਬਾਅਦ ਜਹਾਜ਼ ਨੂੰ  ਸੁਰੱਖਿਅਤ ਢੰਗ ਨਾਲ ਉਤਾਰਨ 'ਚ ਮਦਦਗਾਰ ਸਾਬਤ ਹੋਏ | ਪਰ   ਡਿਊਟੀ 'ਤੇ ਨਾ ਹੋਣ ਵਾਲਾ ਪਾਇਲਟ ਵੀ ਸੁਰੱਖਿਆ ਲਈ ਕੋਈ ਜਾਦੂਈ ਢਾਲ ਨਹੀਂ ਹੈ; ਜੇਕਰ ਖਤਰਾ ਕਾਕਪਿਟ ਦੇ ਅੰਦਰ ਮੌਜੂਦ ਪਾਇਲਟ ਤੋਂ ਹੀ ਪੈਦਾ ਹੋ ਜਾਵੇ ਤਾਂ ਵਾਧੂ ਪਾਇਲਟਾਂ ਨੂੰ  ਪਹਿਲਾਂ ਕਾਕਪਿਟ 'ਚ ਪਹੁੰਚਣ ਲਈ ਮੌਕੇ ਦੀ ਲੋੜ ਪਵੇਗੀ | ਜੇਕਰ ਕਾਕਪਿਟ ਦਾ ਦਰਵਾਜ਼ਾ ਬੰਦ ਰਹਿੰਦਾ ਜਾਂ ਕਪਤਾਨ ਦੇ ਬੇਹੋਸ਼ ਹੋਣ ਕਾਰਨ ਕੰਟਰੋਲ ਖੋਹ ਜਾਂਦਾ ਤਾਂ ਜਹਾਜ਼ ਕਿਸੇ ਨਾਜ਼ੁਕ ਸਥਿਤੀ 'ਚ ਪਹੁੰਚ ਸਕਦਾ ਸੀ | ਇਸ ਲਈ ਸਾਹਮਣੇ ਆਈ ਇਸ ਚਿੰਤਾਜਨਕ ਸਮੱਸਿਆ ਦਾ ਕੋਈ ਸਧਾਰਨ ਜਾਂ ਸਪੱਸ਼ਟ ਹੱਲ ਨਹੀਂ ਹੈ |
ਇਸੇ ਕਰਕੇ ਫਲਾਈਟ ਐੱਫ.ਜ਼ੈੱਡ. 1073 ਤੋਂ ਲਿਆ ਗਿਆ ਸਬਕ ਸ਼ਾਇਦ 'ਹਰੇਕ ਜਹਾਜ਼ 'ਤੇ ਚਾਰ ਪਾਇਲਟ' ਹੋਣ ਦੇ ਵਿਚਾਰ ਨਾਲੋਂ ਵਧੇਰੇ ਮਹੱਤਵਪੂਰਨ ਹੈੈ: ਕੀ ਜਹਾਜ਼ 'ਚ ਪਾਇਲਟ ਦੇ ਅਸਮਰੱਥ ਹੋ ਜਾਣ ਜਾਂ ਕਾਕਪਿਟ ਦੇ ਅੰਦਰ ਗੰਭੀਰ ਸੰਕਟ ਪੈਦਾ ਹੋਣ 'ਤੇ ਤੁਰੰਤ ਬਦਲਵੇਂ ਕੰਟਰੋਲ ਲਈ ਢੁਕਵੇਂ ਪ੍ਰਬੰਧ ਹਨ? ਆਸਟ੍ਰੇਲੀਆ 'ਚ ਏ.ਟੀ.ਐੱਸ.ਬੀ. ਨੇ 2023 ਦੀ ਇਕ ਘਟਨਾ ਨੇ ਦਿਖਾਇਆ ਹੈ ਕਿ ਕਦੇ-ਕਦੇ ਪਾਇਲਟ ਦੀ ਅਸਮਰਥਾ ਉਸ ਦੀ ਅਚਾਨਕ ਬੇਹੋਸ਼ੀ ਦੇ ਰੂਪ 'ਚ ਆਉਂਦੀ ਹੈ | ਦੋਵਾਂ ਪਾਇਲਟਾਂ ਨੇ ਜਹਾਜ਼ ਦੇ ਕੈਬਿਨ ਤੋਂ ਹਵਾ ਨਾਲ ਜੁੜੇ ਲੱਛਣ ਵਿਕਸਤ ਕੀਤੇ; ਕਪਤਾਨ (ਮੁੱਖ ਪਾਇਲਟ) ਤੇ ਬਾਅਦ 'ਚ ਫਸਟ ਅਫ਼ਸਰ ਦੀਆਂ ਬੌਧਿਕ ਸਮਰੱਥਾਵਾਂ ਪ੍ਰਭਾਵਿਤ ਹੋਈਆਂ ਸਨ | ਭਾਵੇਂ ਹਾਦਸਾ ਟਲ ਗਿਆ, ਜਾਂਚ ਨੇ ਪਾਇਲਟ ਦੀ ਅਸਮਰੱਥਾ ਦੀ ਪਛਾਣ ਅਤੇ ਉਸ ਨਾਲ ਨਜਿੱਠਣ ਦੀ ਸਿਖਲਾਈ ਦੇ ਮਹੱਤਵ ਨੂੰ  ਰੇਖਾਂਕਿਤ ਕੀਤਾ |
ਇਸ ਲਈ ਭਵਿੱਖ ਦੀ ਸੁਰੱਖਿਆ ਨੀਤੀ ਨੂੰ  ਸਿਰਫ਼ ਚਾਰ ਪਾਇਲਟਾਂ ਨੂੰ  ਲਾਜ਼ਮੀ ਕਰਨ ਦੀ ਬਜਾਏ ਸੁਰੱਖਿਆ ਦੀਆਂ ਚਾਰ ਪਰਤਾਂ ਸਥਾਪਿਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਪਹਿਲਾ: ਕਾਕਪਿਟ 'ਚ ਮੌਜੂਦ ਦੋਵੇਂ ਪਾਇਲਟਾਂ ਦੀ ਬਿਹਤਰ ਸੁਰੱਖਿਆ ਤੇ ਨਿਰੰਤਰ ਨਿਗਰਾਨੀ ਹੋਵੇ, ਦੂਜਾ: ਐਮਰਜੈਂਸੀ ਦੌਰਾਨ ਕਾਕਪਿਟ ਤੱਕ ਵਧੇਰੇ ਭਰੋਸੇਮੰਦ ਤੇ ਸੁਰੱਖਿਅਤ ਪਹੁੰਚ ਯਕੀਨੀ ਬਣਾਉਣ ਵਾਲੀ ਵਿਵਸਥਾ ਹੋਵੇ, ਤੀਜਾ: ਪਾਇਲਟ ਦੇ ਅਸਮਰੱਥ ਹੋਣ 'ਤੇ ਕੈਬਿਨ ਕਰੂ ਕਾਕਪਿਟ ਐਮਰਜੈਂਸੀ ਨਾਲ ਨਜਿੱਠਣ ਲਈ ਵਿਹਾਰਕ ਸਿਖਲਾਈ ਪ੍ਰਾਪਤ ਹੋਵੇ, ਚੌਥਾ: ਜਿੱਥੇ ਸੰਚਾਲਨ ਸਥਿਤੀਆਂ ਦੀ ਜ਼ਰੂਰਤ ਹੋਵੇ ਉੱਥੇ ਰਾਹਤ ਲਈ ਵਾਧੂ ਸਿਖਲਾਈ ਪ੍ਰਾਪਤ ਪਾਇਲਟ ਦੀ ਉਪਲਬਧਤਾ ਹੋਣੀ ਚਾਹੀਦੀ ਹੈ |  ਇਸ ਤੋਂ ਇਲਾਵਾ ਲੰਬੀ ਦੂਰੀ ਦੀਆਂ ਜਾਂ ਵਿਸ਼ੇਸ਼ ਉਡਾਣਾਂ ਲਈ ਸੰਚਾਲਨ ਯੋਜਨਾਬੰਦੀ 'ਚ ਵਾਧੂ ਪਾਇਲਟਾਂ ਨੂੰ  ਸ਼ਾਮਿਲ ਕਰਨਾ ਇਕ ਮਿਆਰੀ ਉਪਾਅ ਹੋ ਸਕਦਾ ਹੈ | ਫਲਾਈਟ ਐੱਫ.ਜ਼ੈੱਡ. 1073 ਘਟਨਾ ਸਾਨੂੰ ਇਕ ਹੋਰ ਗੱਲ ਸਿਖਾਉਂਦੀ ਹੈ ਕਿ ਸੁਰੱਖਿਆ ਦੇ ਮਾਮਲਿਆਂ 'ਚ ਸੰਯੋਗ/ਮੌਕੇ ਨੂੰ  ਵਿਵਸਥਾ ਦਾ ਬਦਲ ਨਹੀਂ ਬਣਨ ਦੇਣਾ ਚਾਹੀਦਾ |
ਉਸ ਦਿਨ ਵਾਧੂ ਪਾਇਲਟਾਂ ਦੀ ਮੌਜੂਦਗੀ ਦੀ ਵਜ੍ਹਾ ਕਿਸੇ ਸੰਭਾਵੀ ਹਮਲੇ ਦਾ ਖਤਰਾ ਨਹੀਂ; ਸਗੋਂ ਇਕ ਲੰਬੀ ਦੂਰੀ ਦੀ ਉਡਾਣ ਸੀ | ਪਰ ਜਦੋਂ ਅਣਕਿਆਸੀ ਸਥਿਤੀ ਸਾਹਮਣੇ ਆਈ ਤਾਂ ਇਹ ਵਿਵਸਥਾ ਸੁਰੱਖਿਆ ਕਵਚ ਬਣ ਗਈ | ਹਰੇਕ ਉਡਾਣ 'ਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਇਕ ਲਾਜ਼ਮੀ, ਬਹੁ-ਪੱਧਰੀ ਤੇ ਤੁਰੰਤ ਕਿਰਿਆਸ਼ੀਲ ਹੋਣ ਵਾਲਾ ਸਿਸਟਮ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਜੋ ਕਾਕਪਿਟ 'ਚ ਪਾਇਲਟ ਦੇ ਅਚਾਨਕ ਅਸਮਰੱਥ ਹੋਣ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ | 

-(ਲੇਖਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ 'ਇਮੇਜ ਰਿਫਲੈਕਸ਼ਨ ਸੈਂਟਰ' ਵਿਖੇ ਕਾਰਜਕਾਰੀ ਸੰਪਾਦਕ ਹੈ |)

ਪਿਛਲੀ ਖ਼ਬਰ ਬਾਸਮਤੀ ਦੇ ਚੰਗੇ ਭਾਅ ਤੋਂ ਕਿਸਾਨਾਂ ਨੂੰ ਮਿਲੀ ਸੰਤੁਸ਼ਟੀ ਅਗਲੀ ਖ਼ਬਰ 21 ਸੋਨ ਤਗਮਿਆਂ ਨਾਲ ਭਾਰਤ ਚੌਥੇ ਸਥਾਨ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।