ਭਾਰਤੀ ਰਿਜ਼ਰਵ ਬੈਂਕ ਵਲੋਂ ਦੇਸ਼ ਦੀ ਅਰਥਵਿਵਸਥਾ ਚਾਲੂ ਸਾਲ 2026-27 ਦੇ ਅਪ੍ਰੈਲ-ਜੂਨ ਵਿਚ ਉਮੀਦ ਨਾਲੋਂ ਤੇਜ਼ 7.8 ਫ਼ੀਸਦੀ ਵਧਣ ਦੀ ਜਾਣਕਾਰੀ ਦਿੱਤੀ ਗਈ ਹੈ | ਅਜਿਹਾ ਸਾਲਾਂ ਤੋਂ ਰੂਸ ਅਤੇ ਯੂਕਰੇਨ ਵਿਚ ਜੰਗ ਲੱਗੇ ਹੋਣ ਦੇ ਨਾਲ-ਨਾਲ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਅਤੇ ਈਰਾਨ ਵਿਚ ਛਿੜੀ ਜੰਗ ਦੇ ਬਾਵਜੂਦ ਹੋਇਆ ਹੈ | ਰਿਜ਼ਰਵ ਬੈਂਕ ਦਾ ਇਸ ਤਿਮਾਹੀ ਵਿਚ ਆਰਥਿਕਤਾ ਦੇ 6.7 ਫ਼ੀਸਦੀ ਵਧਣ ਦਾ ਅਨੁਮਾਨ ਸੀ ਪਰ ਨਤੀਜੇ ਉਸ ਦੇ ਅਨੁਮਾਨ ਤੋਂ ਵੀ ਜ਼ਿਆਦਾ ਆਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਧੇ 'ਤੇ ਬੇਹੱਦ ਸੰਤੁਸ਼ਟੀ ਪ੍ਰਗਟ ਕੀਤੀ ਹੈ | ਪਿਛਲੇ ਦਿਨੀਂ ਬੈਲਜੀਅਮ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ 'ਤੇ ਆਉਣ 'ਤੇ ਜਿੱਥੇ ਦੋਹਾਂ ਦੇਸ਼ਾਂ ਵਿਚਕਾਰ ਵੱਡੇ ਕਰਾਰ ਹੋਏ, ਉੱਥੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਆਰਥਿਕ ਵਾਧੇ ਦਾ ਵੀ ਜ਼ਿਕਰ ਕੀਤਾ ਹੈ | ਨਿਊਯਾਰਕ ਵਿਚ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਵੀ ਬੋਲਦਿਆਂ ਭਾਰਤ ਦੇ ਤਕੜੇ ਹੁੰਦੇ ਆਰਥਿਕ ਵਿਕਾਸ ਦੀ ਗੱਲ ਕੀਤੀ ਹੈ ਅਤੇ ਕਿਹਾ ਕਿ ਦੁਨੀਆ ਵਿਚ ਕਈ ਥਾਵਾਂ 'ਤੇ ਜੰਗਾਂ ਛਿੜੇ ਹੋਣ ਦੇ ਬਾਵਜੂਦ ਭਾਰਤ ਅਡੋਲਚਿਤ ਅੱਗੇ ਵਧਦਾ ਜਾ ਰਿਹਾ ਹੈ | ਇਸੇ ਕਰਕੇ ਦੁਨੀਆ ਭਰ ਦੇ ਦੇਸ਼ ਭਾਰਤ ਨਾਲ ਵਪਾਰਕ ਸਹਿਯੋਗ ਵਧਾਉਣ ਦੇ ਚਾਹਵਾਨ ਨਜ਼ਰ ਆ ਰਹੇ ਹਨ ਅਤੇ ਤਰਜੀਹੀ ਆਧਾਰ 'ਤੇ ਉਨ੍ਹਾਂ ਨੇ ਹੋਰ ਦੇਸ਼ਾਂ ਨਾਲੋਂ ਭਾਰਤ ਵਿਚ ਕੰਮਕਾਰ ਕਰਨ ਦੀ ਇੱਛਾ ਪ੍ਰਗਟਾਈ ਹੈ |
ਪਿਛਲੇ ਦਹਾਕਿਆਂ ਵਿਚ ਕਈ ਪੱਖਾਂ ਤੋਂ ਭਾਰਤ ਵਿਕਾਸ ਦੇ ਰਾਹ 'ਤੇ ਅੱਗੇ ਵਧਿਆ ਹੈ | ਪ੍ਰਧਾਨ ਮੰਤਰੀ ਮੋਦੀ ਨੇ ਵੀ ਲਗਾਤਾਰ ਇਹ ਦਾਅਵਾ ਕੀਤਾ ਹੈ ਕਿ ਪਿਛਲੇ ਦਹਾਕੇ ਵਿਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠੇ ਹਨ | ਇਸੇ ਲਈ ਮੱਧ ਵਰਗ ਦਾ ਘੇਰਾ ਵਧਦਾ ਜਾ ਰਿਹਾ ਹੈ | 40 ਕਰੋੜ ਦੇ ਲਗਭਗ ਲੋਕ ਅਜਿਹੇ ਹਨ ਜੋ ਅਨੁਪਾਤਨ ਚੰਗੀਆਂ ਸਹੂਲਤਾਂ ਨਾਲ ਜੀਅ ਰਹੇ ਹਨ | ਦੂਸਰੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇਨ੍ਹਾਂ ਅੰਕੜਿਆਂ ਨੂੰ ਫ਼ਰਜ਼ੀ ਦੱਸਦਿਆਂ ਦੇਸ਼ ਵਿਚਲੀ ਬੇਰੁਜ਼ਗਾਰੀ, ਮਹਿੰਗਾਈ ਅਤੇ ਵਧਦੀ ਅਸਮਾਨਤਾ ਦੀ ਆਲੋਚਨਾ ਕੀਤੀ ਹੈ | ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਸਰਕਾਰ ਵਾਰ-ਵਾਰ ਢੰਗ-ਤਰੀਕਾ ਬਦਲ ਕੇ ਇਨ੍ਹਾਂ ਅੰਕੜਿਆਂ ਨੂੰ ਆਪਣੇ ਹਿਸਾਬ ਨਾਲ ਸੈੱਟ ਕਰ ਰਹੀ ਹੈ | ਅਸੀਂ ਦੇਸ਼ ਦੀ ਵਧਦੀ ਵਿਕਾਸ ਗਤੀ ਦੇ ਨਾਲ-ਨਾਲ ਇੱਥੇ ਹਾਲੇ ਤੱਕ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਵੀ ਗੱਲ ਕਰਾਂਗੇ | ਕਿਸੇ ਵੀ ਦੇਸ਼ ਦੇ ਅੱਗੇ ਵਧਣ ਦਾ ਪੈਮਾਨਾ ਰੁਜ਼ਗਾਰ ਅਤੇ ਆਮ ਲੋਕਾਂ ਦੀ ਆਮਦਨ ਦਾ ਆਧਾਰ ਹੀ ਹੋਣਾ ਚਾਹੀਦਾ ਹੈ | ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ ਅਨੇਕਾਂ ਅੰਕੜਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚ ਖੇਤੀਬਾੜੀ, ਉਦਯੋਗ, ਉਸਾਰੀ ਦੀਆਂ ਸਰਗਰਮੀਆਂ ਅਤੇ ਸਰਕਾਰ ਨੂੰ ਹੋਣ ਵਾਲੀ ਆਮਦਨ ਸ਼ਾਮਿਲ ਹੁੰਦੀ ਹੈ | ਦੇਸ਼ ਵਿਚ ਮਜ਼ਬੂਤ ਹੁੰਦੇ ਆਰਥਿਕ ਵਿਕਾਸ ਦਾ ਪ੍ਰਭਾਵ ਆਮ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ | ਇਹ ਵੀ ਦੇਖਣਾ ਜ਼ਰੂਰੀ ਹੈ ਕਿ ਰੁਜ਼ਗਾਰ ਦੇ ਕਿੰਨੇ ਸਾਧਨ ਪੈਦਾ ਹੋ ਰਹੇ ਹਨ ਅਤੇ ਮਹਿੰਗਾਈ ਕਿਸ ਕਦਰ ਵਧ ਰਹੀ ਹੈ ਜਾਂ ਸੀਮਤ ਹੋ ਰਹੀ ਹੈ | ਨਿੱਜੀ ਨਿਵੇਸ਼ ਕਿੰਨਾ ਹੋ ਰਿਹਾ ਹੈ ਅਤੇ ਪ੍ਰਤੀ ਵਿਅਕਤੀ ਆਮਦਨ ਕਿੰਨੀ ਵਧ ਰਹੀ ਹੈ | ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਇਹ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਇੱਥੇ ਲਗਾਤਾਰ ਅਮੀਰਾਂ ਅਤੇ ਆਮ ਲੋਕਾਂ ਵਿਚ ਪਾੜਾ ਵਧਦਾ ਜਾ ਰਿਹਾ ਹੈ | ਪਿਛਲੇ 4 ਸਾਲਾਂ ਵਿਚ ਦੇਸ਼ ਵਿਚ ਇਕ ਅਰਬ ਤੋਂ ਜ਼ਿਆਦਾ ਸਾਲਾਨਾ ਆਮਦਨ ਵਾਲੇ ਲੋਕ 4 ਗੁਣਾ ਵਧ ਗਏ ਹਨ ਅਤੇ ਉਨ੍ਹਾਂ ਦੀ ਗਿਣਤੀ ਸਾਢੇ 500 ਤੋਂ ਵੀ ਵਧ ਗਈ ਹੈ | 'ਵਰਲਡ ਇਨ ਇਕੁਆਲਿਟੀ ਰਿਪੋਰਟ-2026' ਅਨੁਸਾਰ ਭਾਰਤ ਦੇ 10 ਫ਼ੀਸਦੀ ਲੋਕਾਂ ਦੀ ਆਮਦਨ ਕੁੱਲ ਆਮਦਨ 58 ਫ਼ੀਸਦੀ ਹੈ, ਜਦੋਂ ਕਿ 50 ਫ਼ੀਸਦੀ ਲੋਕਾਂ ਕੋਲ ਇਸ ਦਾ ਸਿਰਫ਼ 15 ਫ਼ੀਸਦੀ ਹਿੱਸਾ ਹੈ | ਸਾਡੇ ਇਕ ਫ਼ੀਸਦੀ ਬੇਹੱਦ ਅਮੀਰ ਲੋਕਾਂ ਕੋਲ ਕੌਮੀ ਆਮਦਨ ਦਾ 22.7 ਫ਼ੀਸਦੀ ਹਿੱਸਾ ਹੈ | ਬਿਨਾਂ ਸ਼ੱਕ ਵਧ ਰਹੀ ਵਿਕਾਸ ਦਰ ਦੇ ਪੇਸ਼ ਕੀਤੇ ਗਏ ਇਨ੍ਹਾਂ ਅੰਕੜਿਆਂ ਨੇ ਵੱਡੀ ਉਮੀਦ ਪੈਦਾ ਕੀਤੀ ਹੈ ਪਰ ਵਿਕਾਸ ਦਰ ਦੇ ਨਾਲ ਮਹਿੰਗਾਈ ਦਾ ਵਧਣਾ ਚੰਗਾ ਸੰਕੇਤ ਨਹੀਂ ਹੈ | ਸਰਕਾਰ ਨੇ ਖਾੜੀ ਦੇਸ਼ਾਂ ਦੇ ਤੇਲ ਦੇ ਸੰਕਟ ਦੇ ਬਾਵਜੂਦ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੇ ਭਾਅ ਉਸ ਉੱਚੀ ਦਰ ਤੱਕ ਨਹੀਂ ਵਧਾਏ, ਜਿਸ ਦਾ ਲਗਭਗ ਸਾਰੇ ਹੀ ਵੱਡੇ ਦੇਸ਼ਾਂ ਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ | ਇਸਦੇ ਨਾਲ-ਨਾਲ ਭਾਰਤੀ ਬਰਾਮਦ ਵਿਚ ਵਾਧਾ ਹੋਣਾ ਵੀ ਇਕ ਚੰਗਾ ਪੱਖ ਮੰਨਿਆ ਜਾ ਸਕਦਾ ਹੈ ਜੋ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋ ਸਕਦਾ ਹੈ |
ਅਸੀਂ ਸਰਕਾਰ ਦੀ ਉਤਪਾਦਨ ਵਿਚ ਸਵਦੇਸ਼ੀ ਪਹਿਲ ਦੀ ਨੀਤੀ ਦੀ ਸ਼ਲਾਘਾ ਜ਼ਰੂਰ ਕਰਦੇ ਹਾਂ ਪਰ ਹਾਲੇ ਤੱਕ ਇਸ ਨੂੰ ਪੂਰੀ ਤਰ੍ਹਾਂ ਅਮਲ ਵਿਚ ਲਿਆ ਸਕਣ ਵਿਚ ਸਰਕਾਰ ਕਾਮਯਾਬ ਨਹੀਂ ਹੋ ਸਕੀ | ਹਰ ਤਰ੍ਹਾਂ ਦੇ ਸਵਦੇਸ਼ੀ ਮਾਲ ਦੇ ਉਤਪਾਦਨ ਨਾਲ ਆਮ ਲੋਕਾਂ ਲਈ ਵਧੇਰੇ ਮੌਕੇ ਪੈਦਾ ਹੋ ਸਕਦੇ ਹਨ | ਆਰਥਿਕ ਵਿਕਾਸ ਦਰ ਦੇ ਵਧਣ ਨਾਲ ਹੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੋਨਾ ਘੱਟ ਖਰੀਦਣ ਅਤੇ ਵਿਦੇਸ਼ਾਂ ਦੇ ਸੈਰ-ਸਪਾਟੇ ਤੋਂ ਵੀ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ | ਜਿੱਥੇ ਸੋਨੇ ਦਾ ਕਾਰੋਬਾਰ ਉਤਪਾਦਕਤਾ ਦੇ ਮੌਕੇ ਪੈਦਾ ਨਹੀਂ ਕਰਦਾ, ਉੱਥੇ ਵਿਦੇਸ਼ਾਂ ਵਿਚ ਕੀਤਾ ਗਿਆ ਹਰ ਤਰ੍ਹਾਂ ਦਾ ਖ਼ਰਚ ਵੀ ਦੇਸ਼ ਦੀ ਆਰਥਿਕਤਾ 'ਤੇ ਅਸਰ-ਅੰਦਾਜ਼ ਜ਼ਰੂਰ ਹੁੰਦਾ ਹੈ | ਸਰਕਾਰ ਦੇ ਅਜਿਹੇ ਦਾਅਵਿਆਂ ਦੇ ਬਾਵਜੂਦ ਦੇਸ਼ ਦੇ ਲੋਕਾਂ ਦਾ ਜੀਵਨ ਹਰ ਪੱਖੋਂ ਉੱਚਾ ਕਰਨ ਲਈ ਹਾਲੇ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ | ਅਜਿਹੇ ਯਤਨ ਹੀ ਸਹੀ ਅਰਥਾਂ ਵਿਚ ਦੇਸ਼ ਨੂੰ ਵਿਕਾਸ ਦੇ ਰਾਹ 'ਤੇ ਤੋਰਨ ਵਿਚ ਵੱਡੀ ਹੱਦ ਤੱਕ ਸਹਾਈ ਹੋ ਸਕਣਗੇ |
-ਬਰਜਿੰਦਰ ਸਿੰਘ ਹਮਦਰਦ