05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਏ. ਆਈ. ਦੇ ਦੌਰ ਵਿਚ ਅਧਿਆਪਕ ਹੋਣ ਦੇ ਮਾਇਨੇ

ਏ. ਆਈ. ਦੇ ਦੌਰ ਵਿਚ ਅਧਿਆਪਕ ਹੋਣ ਦੇ ਮਾਇਨੇ

ਅਜੀਤ ਡੈਸਕ 05-09-2026

ਅੱਜ ਲਈ ਵਿਸ਼ੇਸ਼

ਅਧਿਆਪਨ ਸਮਾਜ ਵਿਚ ਇਕ ਸਤਿਕਾਰਤ ਕਾਰਜ ਮੰਨਿਆ ਜਾਂਦਾ ਹੈ | ਭਾਰਤ ਵਿਚ ਅਧਿਆਪਕ ਦਿਵਸ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ.  ਰਾਧਾਕਿ੍ਸ਼ਨਨ ਦੇ ਜਨਮਦਿਨ ਨੂੰ  ਸਮਰਪਿਤ ਹਰ ਸਾਲ 5 ਸਤੰਬਰ ਨੂੰ  ਵਜੋਂ ਮਨਾਇਆ ਜਾਂਦਾ ਹੈ | ਪੱਛਮ ਦੇ ਵੱਡੇ ਵਿਦਵਾਨ ਬਰਟਰੈਂਡ ਰਸਲ ਅਨੁਸਾਰ ਕਿਸੇ ਸੱਭਿਅਤਾ ਦੀ ਰਾਖੀ ਲਈ ਚੰਗੇ ਅਧਿਆਪਕਾਂ ਦਾ ਹੋਣਾ ਜ਼ਰੂ੍ਰਰੀ ਹੈ | ਵੱਖ-ਵੱਖ ਧਰਮ ਸ਼ਾਸਤਰਾਂ ਤੇ ਗ੍ਰੰਥਾਂ ਵਿਚ ਅਧਿਆਪਨ ਨੂੰ  ਅਗਿਆਨਤਾ ਦੇ ਹਨੇਰੇ ਵਿਚ ਚਾਨਣ ਵੰਡਣ ਵਾਲੀ ਇਕ ਪਵਿੱਤਰ ਸਮਾਜਿਕ ਸੇਵਾ ਕਿਹਾ ਗਿਆ ਹੈ | ਬਿਨਾਂ ਸ਼ੱਕ ਮਨੁੱਖ, ਸਮਾਜ ਤੇ ਕੁਦਰਤ ਦੇ ਆਪਸੀ ਸਮਤੋਲ ਵਿਚ ਵਿੱਦਿਆ ਦਾ  ਅਹਿਮ ਰੋਲ ਹੈ | ਰਸਮੀ ਵਿੱਦਿਆ ਤੇ ਸੱਭਿਅਕ ਮਨੁੱਖ ਦੇ ਨਿਰਮਾਣ ਵਿਚ ਅਧਿਆਪਨ ਇਕ ਪ੍ਰਮੁੱਖ ਕੜੀ ਹੈ | ਪਰ ਅੱਜਕੱਲ੍ਹ ਮਸ਼ੀਨੀ ਬੁੱਧੀਮਾਨਤਾ ਭਾਵ ਏ. ਆਈ.  (Artificial Intelligence) ਦੇ ਵਿਕਾਸ ਨੂੰ  ਅਧਿਆਪਕਾਂ ਲਈ ਇਕ ਚੁਣੌਤੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ | ਸ਼ਾਇਦ ਆਉਣ ਵਾਲੇ ਸਮਿਆਂ ਵਿਚ ਏ. ਆਈ. ਅਧਿਆਪਕ ਨੂੰ  ਆਪ੍ਰਸੰਗਿਕ ਕਰ ਦੇਵੇ | ਪਰ ਇਸ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਅੱਜ ਦੇ ਦੌਰ ਵਿਚ ਇਕ ਅਧਿਆਪਕ ਕਿੰਨਾ ਕੁ ਪ੍ਰਸੰਗਿਕ ਰਹਿ ਗਿਆ ਹੈ?
ਗੌਰਤਲਬ ਹੈ ਕਿ 1991 ਦੀ ਨਵੀਂ ਆਰਥਿਕ ਨੀਤੀ ਤੇ ਵਿਸ਼ਵ ਵਪਾਰ ਸੰਗਠਨ ਦੇ ਸੇਵਾਵਾਂ ਸੰਬੰਧੀ ਵਪਾਰਿਕ ਸਮਝੌਤੇ (ਗੈਟਸ) ਤਹਿਤ ਵਿੱਦਿਆ ਨੂੰ  ਵੀ ਵਪਾਰਿਕ ਵਸਤੂ ਵਿਚ ਬਦਲ ਦਿੱਤਾ ਗਿਆ, ਅਧਿਆਪਕਾਂ ਦੀ ਲੋੜ ਜਾਂ ਮੰਗ ਸਮਾਜ ਵਿਚ ਉਨ੍ਹਾਂ ਦੀ ਅਹਿਮੀਅਤ ਦੀ ਬਜਾਏ ਬਾਜ਼ਾਰ ਦੇ ਨਿਯਮਾਂ ਤਹਿਤ ਤੈਅ ਹੋਣ ਲੱਗੀ | ਬਾਜ਼ਾਰ ਅਧਾਰਿਤ ਆਰਥਿਕਤਾ ਵਿਚ ਹਰ ਕਿਰਤ ਜਾਂ ਕਿੱਤਾ ਸਮੇਂ ਤੇ ਹਾਲਤਾਂ ਦੇ ਅਨੁਸਾਰ ਢਲਦੀ ਜਾਂਦੀ ਹੈ ਅਤੇ ਸਮਾਜ ਵਿਚ ਉਸ ਦੀ ਦਰਜਾਬੰਦੀ ਹੇਠਾਂ ਉਪਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਇਸ ਵਰਤਾਰੇ ਦਾ ਦੁਰ-ਪ੍ਰਭਾਵ ਅਧਿਆਪਕ ਵਰਗ 'ਤੇ ਵੀ ਪਿਆ, ਪੁੂਜਿਆ ਜਾਣ ਵਾਲਾ ਅਧਿਆਪਨ ਦਾ ਕਿੱਤਾ ਸ਼ੋਸ਼ਣ ਦਾ ਸ਼ਿਕਾਰ ਹੋ ਗਿਆ | ਅਧਿਆਪਕ ਪੱਕੇ, ਕੱਚੇ, ਠੇਕੇ 'ਤੇ, ਪਾਰਟ-ਟਾਇਮ, ਗੈਸਟ ਫੈਕਲਟੀ ਵਰਗੀਆਂ ਤਥਾਕਥਿਤ ਸ਼੍ਰੇਣੀਆਂ ਵਿਚ ਵੰਡੇ ਗਏ | ਵਿੱਦਿਅਕ ਅਦਾਰਿਆਂ ਵਿਚ ਪੱਕੀਆਂ ਅਸਾਮੀਆਂ 'ਤੇ ਅਧਿਆਪਕਾਂ ਦੀ ਭਰਤੀ ਘੱਟ ਹੁੰਦੀ ਗਈ | ਸਰਕਾਰੀ ਤੰਤਰ ਵਿਚ ਤਾਂ ਅਸਾਮੀਆਂ ਕਢਵਾਉਣ ਤੋਂ ਲੈ ਕੇ ਨਿਯੁਕਤੀ ਪੱਤਰ ਲੈਣ ਤੱਕ ਵੀ ਧਰਨੇ ਮੁਜ਼ਾਹਰਿਆਂ ਦੇ ਦੌਰ 'ਚੋਂ ਲੰਘਣਾ ਪੈਂਦਾ ਹੈ | ਸਿੱਖਿਆ ਦਾ ਵੱਡੇ ਪੱਧਰ 'ਤੇ ਨਿੱਜੀਕਰਨ ਹੋਣ ਕਰਕੇ ਸਕੂਲਾਂ/ਕਾਲਜਾਂ 'ਚ ਅਧਿਆਪਕ  ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ | ਜਿਸ ਵਰਗ ਨੇ ਲੋਕਾਈ ਨੂੰ  ਅਗਿਆਨ ਦੇ ਹਨੇਰੇ 'ਚੋਂ ਕੱਢਣਾ ਸੀ, ਉਹ ਸਵੈ-ਹਿੱਤਾਂ ਦੀ ਰਾਖੀ ਵਿਚ ਹੀ ਉਲਝਿਆ ਪਿਆ ਹੈ | ਜਿਸ ਵਿੱਦਿਆ ਦੇ ਪਸਾਰ ਨੂੰ  ਗੁਰੂ ਸਾਹਿਬ ਨੇ ਪਰਉਪਕਾਰ 'ਵਿੱਦਿਆ ਵੀਚਾਰੀ ਤਾਂ; ਪਰਉਪਕਾਰੀ ' ਕਮਾਉਣ ਵਜੋਂ ਨਵਾਜਿਆ ਸੀ,  ਉਹ ਹੁਣ ਖਰੀਦ-ਵੇਚ ਸਕਣ ਵਾਲੀ ਵਸਤੂ ਬਣ ਕੇ  ਰਹਿ ਗਈ ਹੈ?
ਜੇਕਰ ਅੱਜ ਅਧਿਆਪਕਾਂ ਦੀ ਹੋਂਦ ਦਾ ਜਾਇਜ਼ਾ ਲਗਾਉਣਾ ਹੋਵੇ ਤਾਂ ਸਮਾਜਿਕ-ਆਰਥਿਕ ਢਾਂਚੇ ਵਿਚ ਉਨ੍ਹਾਂ ਦੀ ਲੋੜ ਤੇ ਉਨ੍ਹਾਂ ਦੇ ਇਸ ਢਾਂਚੇ ਵਿਚ ਦਖ਼ਲ ਤੋਂ ਲਗਾਇਆ ਜਾ ਸਕਦਾ ਹੈ | ਇਥੇ ਦਖ਼ਲ ਤੋਂ ਭਾਵ ਸਮਾਜ ਨੂੰ  ਤਰੱਕੀ ਵੱਲ ਲਿਜਾਣ ਵਾਲਾ ਤੇ ਪਿਛਾਖੜੀ ਕਦਰਾਂ-ਕੀਮਤਾਂ ਨਾਲ਼ ਨੂੜ੍ਹ ਕੇ ਰੱਖਣ ਵਾਲਾ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ | ਸੱਤਾ 'ਤੇ ਸਥਾਪਤ ਧਿਰ ਕਦੇ ਨਹੀਂ ਚਾਹੇਗੀ ਕਿ ਸਮਾਜਿਕ ਚੇਤਨਤਾ ਉਸ ਦੁਆਰਾ ਸਿਰਜੀ ਵਿਵਸਥਾ ਦੀਆਂ ਜੜ੍ਹਾਂ ਕੁਰੇਦੇ | ਅਧਿਆਪਕਾਂ ਨੂੰ  ਆਪਣੀ ਨੌਕਰੀ ਲੱਗਣ ਤੇ ਇਸ ਨੂੰ  ਬਚਾਉਣ ਦੇ ਚੱਕਰ ਵਿਚ ਸਰਕਾਰੀ ਨਿਰਦੇਸ਼ਾ ਅਨੁਸਾਰ ਹੀ ਅਧਿਆਪਨ ਕਾਰਜ ਕਰਨਾ ਪੈਂਦਾ ਹੈ, ਜਦੋਂ ਕਿ ਉਸ ਦਾ ਉਦੇਸ਼ ਹਮੇਸ਼ਾ ਅਧਿਆਪਨ ਕਾਰਜ ਨੂੰ  ਸਮਰਪਿਤ ਹੋਣਾ ਹੁੰਦਾ ਹੈ | ਮੌਜੂਦਾ ਮੁਨਾਫਾ ਅਧਾਰਿਤ ਪੂਜੀਵਾਦੀ ਸਮਾਜਿਕ ਸਬੰਧਾਂ ਦੀ ਆੜ ਹੇਠ ਇਕ ਸੁਹਿਰਦ ਅਧਿਆਪਕ ਲਈ 'ਕਾਮਯਾਬੀ' ਦੇ ਮਾਇਨੇ ਦੂਜਿਆਂ ਨੂੰ  ਪਛਾੜ ਕੇ ਸਮਾਜਿਕ-ਆਰਥਿਕ ਦਰਜਾਬੰਦੀ ਵਿਚ ਉੱਪਰ ਉੱਠਣ ਦੀ ਦੌੜ ਵਿਚ ਲੱਗੇ ਰਹਿਣਾ ਨਹੀ ਹੋ ਸਕਦਾ | ਉਸ ਨੂੰ  ਵਿਦਿਆਰਥੀਆਂ ਵਿਚ ਗਿਆਨ ਦੀ ਚਿਣਗ ਲਗਾ ਕੇ ਗਿਆਨ ਦੀ ਰੌਸ਼ਨੀ ਸਦਕਾ ਅਗਿਆਨਤਾ ਦੇ ਹਨੇਰੇ  ਨੂੰ  ਦੂਰ ਕਰਦਿਆਂ ਸਦੀਆਂ ਤੋਂ ਚੱਲਦੇ ਆ ਰਹੇ ਸਮਾਜਿਕ-ਆਰਥਿਕ ਪਾੜੇ 'ਤੇ ਸਵਾਲ ਚੁੱਕਣ ਵਾਲੇ ਇਕ ਚੇਤੰਨ, ਵਿਤਕਰਾ-ਰਹਿਤ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣ ਕਰਨ ਯੋਗ ਬਣਾਉਣਾ ਚਾਹੀਦਾ ਹੈ | ਅਧਿਆਪਕ ਦੇ ਮੋਢਿਆਂ 'ਤੇ ਸਿਹਤਮੰਦ ਸਮਾਜ ਸਿਰਜਣ ਦੀ ਇਕ ਬਹੁਤ ਵੱਡੀ ਜ਼ਿੰਮੇਂਵਾਰੀ ਹੁੰਦੀ ਹੈ |
 ਪਰ ਇਕ ਵੱਡਾ ਸਵਾਲ ਹੈ ਕਿ ਇਸ ਪਵਿੱਤਰ ਸਮਾਜਿਕ ਸੇਵਾ ਨਾਲ ਜੁੜੇ ਹੋਏ ਅਧਿਆਪਕ ਇਸ ਦੀ ਖ਼ਸਲਤ ਨੂੰ  ਕਿੰਨਾ ਕੁ ਸਮਝਦੇ ਹਨ? ਗੁਣਾਤਮਕ ਤੌਰ 'ਤੇ ਇਕ ਆਦਰਸ਼ ਅਧਿਆਪਕ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਪ੍ਰਕਿਰਿਆ ਹੈ | ਮੌਜੂਦਾ ਵਿਵਸਥਾ ਦੁਆਰਾ ਇਕ ਨਿਸ਼ਚਿਤ ਵਿੱਦਿਆ ਪ੍ਰਾਪਤ ਕਰਨ 'ਤੇ ਭਰਤੀ ਪ੍ਰੀਖਿਆ ਤੇ ਇੰਟਰਵਿਊ ਪਾਸ ਕਰਨ ਵਾਲਾ ਕੋਈ ਵਿਅਕਤੀ ਅਧਿਆਪਕ ਬਣ ਸਕਦਾ ਹੈ | ਅਜੋਕੇ ਅਧਿਆਪਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਜਮਾਤੀ, ਸਮਾਜਿਕ ਅਤੇ ਜਿਣਸੀ ਪਹਿਚਾਣ ਦੀ ਪੁਣਛਾਣ ਹੋਵੇ ਕਿ ਕਿਨ੍ਹਾਂ ਹਾਲਾਤਾਂ ਵਿਚ ਉਨ੍ਹਾਂ ਨੂੰ  ਇਸ ਕਿੱਤੇ ਨੂੰ  ਚੁਣਨਾ ਪਿਆ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ | ਉਹ ਆਪਣੇ ਨਿੱਜੀ ਮਾਇਕ ਮਸਲਿਆਂ ਤੋਂ ਇਲਾਵਾ ਡਿੱਗ ਰਹੇ ਵਿੱਦਿਅਕ ਮਿਆਰ, ਸਿੱਖਿਆ ਦੇ ਨਿੱਜੀਕਰਨ ਤੇ ਆਰਜ਼ੀ ਅਸਾਮੀਆਂ 'ਤੇ ਕੰਮ ਕਰ ਰਹੇ ਅਧਿਆਪਕਾਂ ਦੇ ਸ਼ੋਸ਼ਣ ਬਾਰੇ ਉਹ ਕੀ ਸਮਝ ਰੱਖਦੇ ਹਨ? ਸਰਕਾਰੀੇ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿਚ ਸਰਕਾਰੀ ਸਕੂਲਾਂ ਦੀਆਂ 11 ਲੱਖ ਤੋਂ ਵੱਧ ਅਸਾਮੀਆਂ ਤੇ ਕੇਂਦਰੀ ਯੂਨੀਵਰਸਟੀਆਂ ਵਿਚ ਵੀ ਪ੍ਰੋਫੈਸਰਾਂ ਦੀ ਹਰ ਚੌਥੀ ਅਸਾਮੀ ਖਾਲੀ ਹੈ | ਜਨਤਕ ਵਿੱਦਿਅਕ ਅਦਾਰਿਆਂ ਵਿਚ ਕੰਮ ਕਰ ਰਹੇ ਅਧਿਆਪਕ ਤੇ ਉਨ੍ਹਾਂ ਦੀ ਯੂਨੀਅਨ ਆਪਣੇ ਤਨਖਾਹ ਸਕੇਲ਼ਾਂ ਤੋਂ ਇਲਾਵਾ ਅਦਾਰਿਆਂ ਦੀ ਖਸਤਾ ਹਾਲਤ ਤੇ ਲਗਾਤਾਰ ਖਾਲੀ ਚੱਲ ਰਹੀਆਂ ਅਸਾਮੀਆਂ ਬਾਰੇ ਕਿੰਨੇ ਕੁ ਚਿੰਤਿਤ ਹਨ? ਹੁਕਮਰਾਨ ਧਿਰਾਂ ਅਧਿਆਪਨ ਨੂੰ  ਰਾਜ ਕਰਨ ਲਈ ਅਜਿਹਾ ਜ਼ਰੂਰੀ ਸਾਧਨ ਮੰਨਦੀਆਂ ਆਈਆਂ ਹਨ, ਭਾਵ ਸਰਕਾਰਾਂ ਦੀ ਪਾਠਕ੍ਰਮ ਜ਼ਰੀਏ ਅਧਿਆਪਕਾਂ ਤੋਂ ਇਹ ਤਵੱਜੋ ਹੁੰਦੀ ਹੈ ਕਿ ਇਹ ਵਰਗ ਮੌਜੂਦਾ ਪ੍ਰਬੰਧ ਬਾਰੇ ਲੋਕਾਂ ਦੀ ਚੇਤਨਤਾ ਨੂੰ  ਜਿਉਂ ਦੀ ਤਿਉ ਬਣਾ ਕੇ ਰੱਖੇ ਤਾਂ ਕਿ ਜਨਤਾ ਕਿਸੇ ਹਕੂੁਮਤੀ ਨਾਇਨਸਾਫ਼ੀ ਤੇ ਜਬਰ ਖਿਲਾਫ਼ ਬਗ਼ਾਵਤ ਨਾ ਕਰ ਸਕੇ | ਪੜ੍ਹਾਉਣਾ ਕੀ ਹੈ ਇਹ ਵੀ ਪਾਠਕ੍ਰਮ ਰਾਹੀਂ ਸਰਕਾਰ ਤੈਅ ਕਰਦੀ ਹੈ | ਹੁਣ ਦੇ ਦੌਰ ਵਿਚ ਹੁਕਮਰਾਨਾਂ ਨੂੰ  ਲੱਗਦਾ ਹੈ ਕਿ ਏ. ਆਈ. ਤੋਂ ਅਧਿਆਪਕਾਂ ਨਾਲੋਂ ਬਿਹਤਰ ਤੇ ਸਸਤਾ ਕੰਮ ਲਿਆ ਜਾ ਸਕਦਾ ਹੈ | ਸਰਕਾਰੀ ਫੰਡਾਂ ਵਿਚ ਲਗਾਤਾਰ ਕਟੌਤੀ ਹੋਣ ਕਾਰਨ ਜਨਤਕ ਸਿੱਖਿਆ ਪ੍ਰਣਾਲੀ ਗੋਡਿਆਂ ਭਾਰ ਹੋ ਗਈ ਹੈ | ਨਿੱਜੀ ਵਿੱਦਿਅਕ ਅਦਾਰਿਆਂ ਵਿਚ ਇਕ ਅਧਿਆਪਕ ਨੂੰ  ਇਕ ਮਸ਼ੀਨੀ ਵਿੱਦਿਅਕ ਕਾਮੇ ਵਿਚ ਬਦਲ ਦਿੱਤਾ ਗਿਆ ਹੈ, ਉਨ੍ਹਾਂ ਦਾ ਕੰਮ ਸਿਰਫ਼ ਵਿਦਿਆਰਥੀਆਂ ਦੇ ਕਿਸੇ ਵੀ ਤਰ੍ਹਾਂ ਚੰਗੇ ਨੰਬਰਾਂ 'ਚ ਨਤੀਜੇ ਲਿਆਉਣਾ ਰਹਿ ਗਿਆ ਹੈ | ਵਿੱਦਿਆ ਦੇ ਨਿੱਜੀਕਰਨ ਦੇ ਪ੍ਰਭਾਵ ਹੇਠ ਚੰਗੇ ਨੰਬਰਾਂ ਵਾਲੇ ਨਤੀਜਿਆਂ ਲਈ ਦਬਾਅ ਤੇ ਨਿਗੁਣੀਆਂ ਤਨਖਾਹਾਂ ਕਾਰਨ ਅਧਿਆਪਕਾਂ ਵਿਚ ਪੜ੍ਹਨ-ਲਿਖਣ ਦਾ ਉਤਸ਼ਾਹ ਘਟਦਾ ਜਾਂਦਾ ਹੈ | ਹੁਣ ਸੁਹਿਰਦ ਅਧਿਆਪਕਾਂ ਦੀ ਹੋਂਦ ਦਾ ਮਸਲਾ ਖੜ੍ਹਾ ਹੋ ਗਿਆ  ਹੈ | ਜੇਕਰ ਮਨੁੱਖੀ ਬੋਧਿਕਤਾ ਤੇ ਸੱਤਾ ਰਾਹੀਂ ਮਸ਼ੀਨੀ ਕੰਟਰੋਲ ਵਧਦਾ ਹੈ ਤਾਂ ਅਧਿਆਪਕ ਵਰਗ ਤੇ ਸਮਾਜ ਲਈ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ | ਚੰਗੇ ਅਧਿਆਪਕਾਂ ਦੀ ਵਧੇਰੇ ਜ਼ਰੂਰਤ ਸਮਾਜ ਨੂੰ  ਹੈ ਸਰਕਾਰਾਂ ਨੂੰ  ਨਹੀਂ |
ਮਹਾਨ ਸਿੱਖਿਆ ਸ਼ਾਸਤਰੀ ਜਿਦੂ ਕਿ੍ਸ਼ਨਾਮੂਰਤੀ ਦਾ ਮੰਨਣਾ ਹੈ ਕਿ ਇਕ ਅਧਿਆਪਕ ਲਈ ਪੂਰਾ ਸਮਾਜ ਹੀ ਕਲਾਸਰੂਮ ਹੁੰਦਾ ਹੈ, ਜਿਥੇ ਉਹ ਵਿੱਦਿਆ ਦੇ ਪਾਸਾਰ ਲਈ ਸੇਵਾਵਾਂ ਦੇ ਸਕਦਾ ਹੈ | ਪਰ ਅਧਿਆਪਕ ਵਰਗ ਦੇ ਰੋਟੀ-ਰੋਜ਼ੀ ਦੇ ਮਸਲੇ ਲਈ ਸਮਾਜਿਕ ਫਿਕਰਮੰਦੀ ਵੀ ਅਤਿ-ਲਾਜ਼ਮੀ ਹੈ | ਸਿਰਫ਼ ਸਰਕਾਰਾਂ 'ਤੇ ਟੇਕ ਰੱਖਣ ਦੀ ਬਜਾਏ ਦੋਵੇਂ ਧਿਰਾਂ ਨੂੰ  ਇਕ-ਦੂਜੇ ਨਾਲ ਜੁੜ ਕੇ ਵਿੱਦਿਆ ਤੇ ਸਮਾਜ ਨੂੰ  ਸਹੀ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰਨੀ ਹੋਵੇਗੀ | ਮੁਨਾਫਾ ਅਧਾਰਿਤ ਵਿੱਦਿਅਕ ਢਾਂਚੇ ਦਾ ਇਕੋ-ਇਕ ਬਦਲ ਇਕ ਅਜਿਹੀ ਜਨਤਕ ਵਿੱਦਿਅਕ ਵਿਵਸਥਾ ਦੀ ਸਿਰਜਣਾ ਵਿਚ ਹੈ, ਜਿਸ 'ਚ ਸਮੁੱਚੇ ਸਮਾਜ ਦੇ ਹਿੱਤ ਤੇ ਫਿਕਰ ਸ਼ਾਮਿਲ ਹੋਣ | ਅਧਿਆਪਕ ਵਰਗ ਨੂੰ  ਇਸ ਦੀ ਅਗਵਾਈ ਕਰਦਿਆਂ ਅਹਿਮ ਭੂਮਿਕਾ  ਨਿਭਾਉਣ ਲਈ ਅੱਗੇ ਆਉਣਾ ਹੋਵੇਗਾ |


-ਅਸਿਸਟੈਂਟ ਪ੍ਰੋਫੈਸਰ, ਅਰਥ-ਸ਼ਾਸਤਰ ਵਿਭਾਗ
ਰਾਮਗੜ੍ਹੀਆ ਕਾਲਜ ਫਗਵਾੜਾ 
ਈ-ਮੇਲ:
 jksgill.economics@yahoo.in

ਮੋਬਾਈਲ : 9815480892

ਪਿਛਲੀ ਖ਼ਬਰ ਵਧਦੀ ਵਿਕਾਸ ਦਰ ਦਾ ਦਾਅਵਾ ਅਗਲੀ ਖ਼ਬਰ ਅਧਿਆਪਕਾਂ ਦੇ ਹੱਥਾਂ ਵਿਚ ਹੈ ਭਾਰਤ ਦਾ ਭਵਿੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।