10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਇਕ ਵਾਰ ਫਿਰ ਸਿਖ਼ਰ ਨੂੰ ਛੂਹ ਰਹੀ ਹੈ ਮਹਿੰਗਾਈ

ਇਕ ਵਾਰ ਫਿਰ ਸਿਖ਼ਰ ਨੂੰ ਛੂਹ ਰਹੀ ਹੈ ਮਹਿੰਗਾਈ

ਅਜੀਤ ਡੈਸਕ 10-08-2026

ਦੇਸ਼ ਵਿਚ ਮਹਿੰਗਾਈ ਇਕ ਵਾਰ ਫਿਰ ਸਿਖਰਾਂ ਨੂੰ  ਛੂਹ ਰਹੀ ਹੈ | ਪਿਛਲੇ ਕਈ ਦਹਾਕਿਆਂ ਤੋਂ ਮਹਿੰਗਾਈ ਦਾ ਚੱਕਰ ਲਗਾਤਾਰ ਜਾਰੀ ਹੈ | ਇਸੇ ਦੇ ਚਲਦਿਆਂ ਮੌਜੂਦਾ ਦੌਰ ਵਿਚ ਵੀ ਸਭ ਵਸਤੂਆਂ ਤੇ ਖ਼ੁਰਾਕ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ | ਖ਼ੁਰਾਕ ਪਦਾਰਥਾਂ ਦੀਆਂ ਕੀਮਤਾਂ 'ਚ ਹੋਏ ਇਕਦਮ ਵਾਧੇ ਨੇ ਦੇਸ਼ ਦੇ 90 ਫ਼ੀਸਦੀ ਲੋਕਾਂ ਨੂੰ  ਮੁਸ਼ਕਿਲ ਵਿਚ ਪਾ ਦਿੱਤਾ ਹੈ | ਘਰ ਦੀ ਰਸੋਈ ਵਿਚ ਰੋਜ਼ਾਨਾ ਵਰਤੀਆਂ ਜਾਂਦੀਆਂ ਖ਼ੁਰਾਕੀ ਵਸਤੂਆਂ ਆਟਾ, ਖੰਡ, ਦਾਲਾਂ, ਚੌਲ, ਤੇਲਾਂ ਆਦਿ ਦੀਆਂ ਕੀਮਤਾਂ 'ਚ ਹੈਰਾਨੀਜਨਕ ਵਾਧਾ ਹੋਣ ਨਾਲ ਜਿੱਥੇ ਆਮ ਆਦਮੀ ਦੇ ਘਰ-ਪਰਿਵਾਰ ਦਾ ਬਜਟ ਹਿੱਲ ਗਿਆ ਹੈ, ਉੱਥੇ ਨੌਕਰੀਪੇਸ਼ਾ ਲੋਕਾਂ ਦੀ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਵੈਸੇ ਵੀ ਦੇਸ਼ ਵਿਚ ਅਗਸਤ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਜੋ ਰੱਖੜੀ ਤੋਂ ਲੈ ਕੇ ਦੀਵਾਲੀ ਤੱਕ ਦੇਸ਼ ਦੇ ਲੋਕਾਂ ਵਿਚ ਇਕ ਉਤਸ਼ਾਹ ਜਗਾਈ ਰੱਖਦਾ ਹੈ |
ਇਸ ਸਮੇਂ ਦੌਰਾਨ ਅਕਸਰ ਆਮ ਲੋਕਾਂ ਦਾ ਘਰੇਲੂ ਖ਼ਰਚ ਵਧ ਜਾਂਦਾ ਤੇ ਇਸੇ ਸਮੇਂ ਦੌਰਾਨ ਮਹਿੰਗਾਈ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ | ਪਰ ਇਸ ਸਾਲ ਵਸਤੂਆਂ ਤੇ ਖਾਧ ਪਦਾਰਥਾਂ ਦੀ ਕੀਮਤਾਂ ਵਿਚ ਵਾਧੇ ਦਾ ਅਜਿਹਾ ਦੌਰ ਸ਼ੁਰੂ ਹੋਇਆ, ਜੋ ਲਗਾਤਾਰ ਜਾਰੀ ਹੈ | ਦਾਲਾਂ ਤੇ ਸਬਜ਼ੀਆਂ ਦੇ ਭਾਅ ਵਧਣ ਦੇ ਨਾਲ ਹੀ ਫ਼ਲਾਂ ਖ਼ਾਸ ਕਰਕੇ ਸੇਬ, ਪਪੀਤੇ ਤੇ ਅੰਬ ਮਹਿੰਗੇ ਹੋ ਜਾਣ ਨਾਲ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ | ਪਿਛਲੇ 2-3 ਸਾਲਾਂ ਤੋਂ ਚੌਲਾਂ ਦੇ ਭਾਅ ਤਾਂ ਲਗਾਤਾਰ ਵਧ ਹੀ ਰਹੇ ਸਨ, ਪਰ ਹੁਣ ਖਾਣ ਵਾਲੇ ਤੇਲ ਤੇ ਘਿਓ ਦੀਆਂ ਕੀਮਤਾਂ 'ਚ ਹੋਏ ਵਾਧੇ ਨੇ ਤੜਕੇ ਦਾ ਸੁਆਦ ਵਿਗਾੜ ਕੇ ਰੱਖ ਦਿੱਤਾ ਹੈ | ਹੋਰ ਤਾਂ ਹੋਰ ਨਮਕ ਦੀਆਂ ਕੀਮਤਾਂ ਤੱਕ ਵਧ ਗਈਆਂ ਹਨ | ਜਿਊਣ ਲਈ ਜ਼ਰੂਰੀ ਸਭ ਵਸਤੂਆਂ ਲਗਾਤਾਰ ਮਹਿੰਗੀਆਂ ਹੋਈਆਂ ਹਨ, ਪਰ ਖਾਧ ਪਦਾਰਥਾਂ ਦੇ ਵਧਦੇ ਭਾਅ ਆਮ ਆਦਮੀ ਨੂੰ  ਚਿੰਤਾ ਵਿਚ ਪਾ ਰਹੇ ਹਨ | ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਵੀ ਮੰਨਿਆ ਹੈ ਕਿ ਇਸ ਸਾਲ ਮਹਿੰਗਾਈ ਦੀ ਦਰ ਵਿਚ ਅਚਾਨਕ ਵਾਧਾ ਹੋਇਆ ਹੈ | ਸੋਨਾ ਤੇ ਚਾਂਦੀ ਤਾਂ ਹੁਣ ਗਰੀਬ ਤੇ ਆਮ ਮੱਧ ਵਰਗ ਦੇ ਪਰਿਵਾਰਾਂ ਲਈ ਸੁਪਨੇ ਵਿਚ ਦਿੱਸਣ ਵਾਲੀਆਂ ਵਸਤੂਆਂ ਬਣ ਕੇ ਰਹਿ ਗਈਆਂ ਹਨ | ਦਹਾਕੇ ਪਹਿਲਾਂ ਮਹਿੰਗਾਈ ਵਧਣ ਨੂੰ  ਲੈ ਕੇ ਸੱਤਾਧਾਰੀਆਂ ਖ਼ਿਲਾਫ਼ ਨਾਅਰੇ ਲੱਗਦੇ ਸਨ 'ਇਕ ਰੁਪਏ ਦਾ ਕਿਲੋ ਆਟਾ, ਸਰਕਾਰ ਨੂੰ  ਸ਼ਰਮ ਦਾ ਘਾਟਾ' | ਹੁਣ ਆਟਾ 35 ਰੁਪਏ ਕਿਲੋ ਵਿਕ ਰਿਹਾ ਹੈ, ਪਰ ਕਿਸੇ ਸਰਕਾਰ, ਪ੍ਰਸ਼ਾਸਨ ਤੇ ਰਾਜਨੀਤਕ ਪਾਰਟੀ ਨੇ ਆਮ ਤੇ ਗਰੀਬ ਆਦਮੀ ਦੇ ਹੱਕ 'ਚ ਹਾਅ ਦਾ ਕੋਈ ਨਾਅਰਾ ਨਹੀਂ ਮਾਰਿਆ | ਇਸ ਮਹਿੰਗਾਈ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਪਰ ਮੌਜੂਦਾ ਸਥਿਤੀ ਵਿਚ ਇਕ ਵੱਡਾ ਕਾਰਨ ਧਰਤੀ ਅਤੇ ਆਸਮਾਨ ਵਿਚ ਲੜੇ ਜਾ ਰਹੇ ਯੁੱਧ ਵੀ ਹਨ | ਭਾਵੇਂ ਰੂਸ-ਯੂਕਰੇਨ ਯੁੱਧ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੋ ਰਿਹਾ ਹੈ, ਪਰ ਇਸ ਦੇ ਬਾਰੂਦੀ ਸੇਕ ਨੇ ਪੂਰੀ ਦੁਨੀਆ ਨੂੰ  ਚਿੰਤਾ ਵਿਚ ਪਾਇਆ ਹੋਇਆ ਹੈ | ਜਦਕਿ ਅਮਰੀਕਾ-ਇਜ਼ਰਾਈਲ ਦੇ ਈਰਾਨ ਖ਼ਿਲਾਫ਼ ਯੁੱਧ ਨੇ ਤਾਂ ਭਾਰਤ ਸਮੇਤ ਬਹੁਤੇ ਦੇਸ਼ਾਂ ਨੂੰ  ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ | ਇਨ੍ਹਾਂ ਦੋਵੇਂ ਯੁੱਧਾਂ 'ਚ ਖਰਚ ਹੋ ਰਹੇ ਅਰਬਾਂ-ਖਰਬਾਂ ਡਾਲਰਾਂ ਦੀ ਭਰਪਾਈ ਵੀ ਤਾਂ ਅਖੀਰ ਦੁਨੀਆ ਭਰ ਦੇ ਆਮ ਲੋਕਾਂ ਤੋਂ ਹੀ ਕੀਤੀ ਜਾਵੇਗੀ | ਮੌਨਸੂਨ ਦੇ ਆਉਣ ਵਿਚ ਦੇਰੀ ਤੇ ਇਸ ਦੇ ਰਸਤੇ 'ਚ ਖੜ੍ਹੀ ਹੋ ਰਹੀ ਰੁਕਾਵਟ ਵੀ ਕੀਮਤਾਂ ਵਧਣ ਦਾ ਸਬੱਬ ਬਣ ਸਕਦੀ ਹੈ | ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਵਿਚ ਹੋ ਰਹੀ ਦੇਰੀ ਨਾਲ ਕੀਮਤਾਂ ਦੇ ਵਾਧੇ ਨੂੰ  ਹੋਰ ਬਲ ਮਿਲਣ ਦੀ ਸੰਭਾਵਨਾ ਹੈ | ਵਪਾਰੀ ਵਰਗ ਵਲੋਂ ਨਿੱਜੀ ਲਾਭ ਵਧਾਉਣ ਨਾਲ ਵੀ ਕੀਮਤਾਂ ਵਧਣ ਲਈ ਇਕ ਮਾਹੌਲ ਬਣ ਜਾਂਦਾ ਹੈ |   
ਬਿਨ੍ਹਾਂ ਸ਼ੱਕ ਇਹ ਹਾਲਾਤ ਕਿਸੇ ਵੀ ਦੇਸ਼ ਦੇ ਆਮ ਲੋਕਾਂ ਲਈ ਠੀਕ ਨਹੀਂ ਹਨ | ਇਸ ਤਰ੍ਹਾਂ ਭਾਰਤ ਵਿਚ ਇਕ ਅਜਿਹਾ ਮਾਹੌਲ ਬਣ ਗਿਆ ਹੈ, ਜਿਸ ਨਾਲ ਆਮ ਆਦਮੀ ਦਾ ਜੀਵਨ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਦੇਸ਼ ਵਿਚ ਅਗਲੇ ਕੁਝ ਮਹੀਨੇ ਤਿਉਹਾਰ ਸੀਜ਼ਨ ਦੇ ਹੋਣ ਕਾਰਨ ਭਵਿੱਖ ਵਿਚ ਵੀ ਮਹਿੰਗਾਈ ਦੀ ਸਥਿਤੀ ਵਿਚ ਬਦਲਾਅ ਆਉਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ | ਕਿਸੇ ਵੀ ਲੋਕਤੰਤਰਿਕ ਦੇਸ਼ ਵਿਚ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਲੋੜਾਂ ਦੀ ਪੂਰਤੀ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ | ਭਾਵੇਂ ਜੰਗਾਂ ਦਾ ਨਿਪਟਾਰਾ ਦੂਜੇ ਦੇਸ਼ਾਂ ਦੇ ਹੱਥ ਹੈ ਅਤੇ ਸਮੇਂ 'ਤੇ ਮੌਨਸੂਨ ਆਉਣੀ ਕੁਦਰਤ 'ਤੇ ਨਿਰਭਰ ਹੈ, ਪਰ ਤਾਂ ਵੀ ਦੇਸ਼ ਦੀਆਂ ਸਰਕਾਰਾਂ ਵਸਤੂਆਂ ਦੇ ਭੰਡਾਰਨ ਅਤੇ ਬੇਲੋੜੇ ਮੁੱਲ ਵਾਧੇ 'ਤੇ ਰੋਕ ਲਾ ਕੇ ਆਮ ਲੋਕਾਂ ਨੂੰ  ਮਹਿੰਗਾਈ ਤੋਂ ਰਾਹਤ ਦੇ ਸਕਦੀਆਂ ਹਨ | ਸਰਕਾਰ ਤਿਉਹਾਰਾਂ ਮੌਕੇ ਥੋੜ੍ਹੀ ਜਿਹੀ ਚੌਕਸੀ ਵਧਾ ਕੇ ਮਹਿੰਗਾਈ ਅਤੇ ਕੀਮਤਾਂ 'ਤੇ ਕਾਬੂ ਪਾ ਸਕਦੀ ਹੈ | ਅਸੀਂ ਸਮਝਦੇ ਹਾਂ ਕਿ ਸਰਕਾਰਾਂ ਮਹਿੰਗਾਈ ਦੇ ਮੁੱਦੇ ਨੂੰ  ਲੈ ਕੇ ਜਿੰਨੀਆਂ ਸੰਵੇਦਨਸ਼ੀਲ ਰਹਿਣਗੀਆਂ, ਉਨੀਆਂ ਹੀ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਸਕਦੀਆਂ ਹਨ | ਮਾਹੌਲ ਉਨਾ ਹੀ ਜ਼ਿਆਦਾ ਸਾਜ਼ਗਾਰ ਬਣੇ ਰਹਿਣ ਦੀ ਸੰਭਾਵਨਾ ਬਣੇਗੀ |

ਪਿਛਲੀ ਖ਼ਬਰ ਵਧੀਆ ਲੇਖ ਅਗਲੀ ਖ਼ਬਰ ਜੈੱਨ-ਜ਼ੀ ਤੇ ਸੋਸ਼ਲ ਮੀਡੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।