ਕਿਸੇ ਵੀ ਚੋਣ ਵਿਚ ਭਾਜਪਾ ਦੀ ਜਿੱਤ ਦਾ ਇਕ ਮੁੱਖ ਕਾਰਨ ਹਿੰਦੂ-ਮੁਸਲਿਮ ਮੁੱਦਾ ਹੁੰਦਾ ਹੈ, ਇਸ ਲਈ ਇਸ ਦੇ ਨੇਤਾ ਨਫ਼ਰਤ ਭਰੇ ਭਾਸ਼ਣ ਦੇਣ ਤੋਂ ਕੋਈ ਗੁਰੇਜ਼ ਨਹੀਂ ਕਰਦੇ। ਪਰ ਹੁਣ ਇਕ ਨਵਾਂ ਫੈਸ਼ਨ ਦੇਖਣ ਨੂੰ ਮਿਲ ਰਿਹਾ ਭਾਜਪਾ ਦੇ ਛੋਟੇ ਤੋਂ ਲੈ ਕੇ ਵੱਡੇ ਨੇਤਾ ਸ਼ਰੇਆਮ ਕਹਿਣ ਲੱਗੇ ਹਨ ਕਿ 'ਸਾਨੂੰ ਮੁਸਲਿਮ ਵੋਟਾਂ ਨਹੀਂ ਚਾਹੀਦੀਆਂ' ਜਾਂ 'ਮੁਸਲਮਾਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ' ਜਾਂ 'ਅਸੀਂ ਮੁਸਲਮਾਨਾਂ ਦਾ ਕੰਮ ਨਹੀਂ ਕਰਾਂਗੇ।' ਅਜਿਹੇ ਬਿਆਨ ਪਹਿਲਾਂ ਕਦੇ ਨਹੀਂ ਸਨ ਸੁਣੇ ਗਏ ਕਿਉਂਕਿ ਚੋਣਾਂ ਦੌਰਾਨ ਉਮੀਦਵਾਰ ਤੇ ਪਾਰਟੀਆਂ ਸਾਰੀਆਂ ਜਾਤਾਂ ਤੇ ਭਾਈਚਾਰਿਆਂ ਦੇ ਲੋਕਾਂ ਤੋਂ ਵੋਟਾਂ ਮੰਗਦੀਆਂ ਸਨ ਤੇ ਚੋਣਾਂ ਤੋਂ ਬਾਅਦ ਸਾਰਿਆਂ ਲਈ ਕੰਮ ਕਰਨ ਦਾ ਵਾਅਦਾ ਵੀ ਕਰਦੇ ਸਨ। ਪਰ ਹੁਣ ਧਰੁਵੀਕਰਨ ਦੀ ਰਾਜਨੀਤੀ ਇਸ ਮੁਕਾਮ 'ਤੇ ਪਹੁੰਚ ਗਈ ਹੈ ਕਿ ਭਾਜਪਾ ਆਗੂ ਸ਼ਰੇਆਮ ਸਮਾਜ ਨੂੰ ਵੰਡਣ ਵਾਲੇ ਬਿਆਨ ਦੇ ਰਹੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਅਜਿਹੇ ਬਿਆਨ ਦੇਣ ਵਾਲੇ ਨੇਤਾਵਾਂ ਵਿਰੁੱਧ ਕੋਈ ਕਾਰਵਾਈ ਵੀ ਨਹੀਂ ਕਰਦੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਤਾਂ ਹੁਣ ਵੀ ਵਾਰ-ਵਾਰ ਕਹਿ ਰਹੇ ਹਨ ਕਿ ਉਸ ਨੂੰ ਸਿਰਫ਼ ਹਿੰਦੂ ਬੂਥਾਂ ਤੋਂ ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਮੁਸਲਮਾਨਾਂ ਲਈ ਕੰਮ ਨਹੀਂ ਕਰੇਗਾ। ਇਸ ਤੋਂ ਬਾਅਦ ਬੰਗਾਲ ਵਿਚ ਭਾਜਪਾ ਦੇ ਹੋਰ ਵਿਧਾਇਕਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਮੁਸਲਮਾਨਾਂ ਲਈ ਕੰਮ ਨਹੀਂ ਕਰਨਗੇ। ਮੱਧ ਪ੍ਰਦੇਸ਼, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕਈ ਵਿਧਾਇਕ ਪਹਿਲਾਂ ਹੀ ਅਜਿਹੇ ਬਿਆਨ ਦੇ ਰਹੇ ਸਨ, ਕੁੱਲ ਮਿਲਾ ਕੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਾ ਖੁੱਲਾ ਪ੍ਰਦਰਸ਼ਨ ਹੋਣ ਲੱਗ ਪਿਆ ਹੈ।
ਬੰਗਾਲ 'ਚ ਖੇਡੀ ਖੁੱਲ੍ਹੀ ਖੇਡ
ਹਰ ਕੋਈ ਜਾਣਦਾ ਹੈ ਕਿ ਪੱਛਮੀ ਬੰਗਾਲ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਮੁੜ ਪੜਤਾਲ (ਐੱਸ.ਆਈ.ਆਰ.) ਕਿਵੇਂ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਐੱਸ.ਆਈ.ਆਰ. ਦੇ ਨਾਂਅ 'ਤੇ ਲਗਭਗ 91 ਲੱਖ ਵੋਟਰਾਂ ਦੇ ਨਾਂਅ ਕੱਟ ਦਿੱਤੇ, ਜਿਨ੍ਹਾਂ 'ਚੋਂ 27.1 ਲੱਖ ਅਜਿਹੇ ਵੋਟਰ ਬੰਗਾਲ 'ਚ ਰਹਿ ਰਹੇ ਸਨ ਤੇ ਉਨ੍ਹਾਂ ਕੋਲ ਸਭ ਵੋਟਰ ਲਈ ਜ਼ਰੂਰੀ ਸਭ ਦਸਤਾਵੇਜ਼ ਵੀ ਸਨ। ਪਰ ਉਨ੍ਹਾਂ ਦੇ ਨਾਂਅ ਕਥਿਤ ਤਰੁੱਟੀਆਂ ਦੇ ਬਹਾਨੇ ਹਟਾ ਦੇਣ ਕਰਕੇ ਉਹ ਵੋਟ ਨਹੀਂ ਪਾ ਸਕੇ। ਬੰਗਾਲ 'ਚ ਹੋਈ ਪੱਖਪਾਤੀ ਐੱਸ.ਆਈ.ਆਰ. ਦੀ ਨਿਗਰਾਨੀ ਕਰਨ ਵਾਲੇ ਸੁਬਰਤ ਗੁਪਤਾ ਨੂੰ ਚੋਣਾਂ ਤੋਂ ਤੁਰੰਤ ਬਾਅਦ ਪੱਛਮੀ ਬੰਗਾਲ 'ਚ ਨਵੀਂ ਬਣੀ ਭਾਜਪਾ ਸਰਕਾਰ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ, ਜੋ ਐੱਸ.ਆਈ.ਆਰ. ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਨਿਗਰਾਨ ਸਨ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਬੰਗਾਲ 'ਚ ਐੱਸ.ਆਈ.ਆਰ. ਪ੍ਰਕਿਰਿਆ, ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਪੂਰੀ ਚੋਣ ਪ੍ਰਕਿਰਿਆ ਮਨੋਜ ਅਗਰਵਾਲ ਦੀ ਅਗਵਾਈ ਹੇਠ ਹੀ ਹੋਈ ਸੀ। ਕੀ ਭਾਜਪਾ ਇਨ੍ਹਾਂ ਦੋ ਮਹਤੱਵਪੂਰਨ ਨਿਯੁਕਤੀਆਂ ਰਾਹੀਂ ਸੁਨੇਹਾ ਦੇ ਰਹੀ ਹੈ ਕਿ ਉਸ ਨੂੰ ਰਾਜਨੀਤੀ 'ਚ ਜਨਤਕ ਲੋਕਲਾਜ ਦੀ ਕੋਈ ਚਿੰਤਾ ਨਹੀਂ ਹੈ। ਭਾਜਪਾ ਦਾ ਸਮੁੱਚੀ ਨੌਕਰਸ਼ਾਹੀ ਨੂੰ ਦੂਜਾ ਸੁਨੇਹਾ ਇਹ ਹੈ ਕਿ ਉਹ ਕਿਸੇ ਨੂੰ ਵੀ ਕੁਝ ਵੀ ਦੇ ਸਕਦੀ ਹੈ, ਇਹ ਕੋਈ ਆਮ ਸੁਨੇਹਾ ਨਹੀਂ ਹੈ ਕਿਉਂਕਿ ਜ਼ਿਆਦਾਤਰ ਅਧਿਕਾਰੀ ਅਕਸਰ ਚੰਗਾ ਅਹੁਦਾ ਪ੍ਰਾਪਤ ਕਰਨ ਲਈ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦੇ ਹਨ। ਵੈਸੇ ਪੂਰੇ ਦੇਸ਼ ਨੇ ਸੁਵੇਂਦੂ ਅਧਿਕਾਰੀ ਨੂੰ ਕੈਮਰੇ 'ਤੇ ਰਿਸ਼ਵਤ ਲੈਂਦਿਆ ਦੇਖਿਆ ਸੀ, ਜੋ ਹੁਣ ਬੰਗਾਲ ਦੇ ਮੁੱਖ ਮੰਤਰੀ ਹਨ।
ਪਰਜੀਵੀ ਹੋਣ 'ਚ ਅੰਤਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫ਼ਤੇ ਦੱਖਣੀ ਭਾਰਤ ਦੀ ਆਪਣੀ ਫੇਰੀ ਦੌਰਾਨ ਕਾਂਗਰਸ ਨੂੰ ਪਰਜੀਵੀ ਪਾਰਟੀ ਕਿਹਾ ਸੀ, ਜਦੋਂ ਤਾਮਿਲਨਾਡੂ 'ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਰਾਹੁਲ ਗਾਂਧੀ ਮੁੱਖ ਮੰਤਰੀ ਵਿਜੇ ਦੇ ਨਾਲ ਸਟੇਜ 'ਤੇ ਮੌਜੂਦ ਸਨ। ਭਾਵੇਂ ਮੋਦੀ ਦਾ ਕਾਂਗਰਸ ਨੂੰ ਪਰਜੀਵੀ ਕਹਿਣਾ ਇਕ ਪੱਧਰ 'ਤੇ ਸਹੀ ਹੋਵੇ। ਪਰ ਕਾਂਗਰਸ ਦੀ ਇਸ ਸਮੇਂ 3 ਸੂਬਿਆਂ- ਕਰਨਾਟਕ, ਤੇਲੰਗਾਨਾ ਤੇ ਹਿਮਾਚਲ ਪ੍ਰਦੇਸ਼ 'ਚ ਆਪਣੀ ਸਰਕਾਰ ਹੈ ਜਦਕਿ ਪਾਰਟੀ ਚੌਥੇ ਸੂਬੇ ਕੇਰਲਾ ਵਿਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਇੱਥੇ ਕਾਂਗਰਸ ਨੇ ਇਕ ਖੇਤਰੀ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। ਇਹ ਵੀ ਸੱਚ ਹੈ ਕਾਂਗਰਸ ਬਿਹਾਰ ਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ 'ਚ ਦੂਜੀਆਂ ਪਾਰਟੀਆਂ 'ਤੇ ਨਿਰਭਰ ਹੈ, ਪਰ ਪਾਰਟੀ ਜ਼ਿਆਦਾਤਰ ਸੂਬਿਆਂ 'ਚ ਇੱਕਲੇ ਹੀ ਚੋਣਾਂ ਲੜਦੀ ਹੈ। ਦੱਸਣਯੋਗ ਹੈ ਕਿ ਇਕ ਸਮੇਂ ਕੁਝ ਸੂਬਿਆਂ ਨੂੰ ਛੱਡ ਕੇ ਭਾਜਪਾ ਹਰ ਸੂਬੇ 'ਚ ਗੱਠਜੋੜਾਂ 'ਤੇ ਨਿਰਭਰ ਸੀ। ਅਟਲ ਬਿਹਾਰੀ ਵਾਜਪਾਈ ਨੇ ਤਾਂ ਲਗਭਗ 25 ਪਾਰਟੀਆਂ ਦੇ ਸਮਰਥਨ ਨਾਲ 6 ਸਾਲ ਆਪਣੀ ਸਰਕਾਰ ਚਲਾਈ ਅਤੇ ਇਸ ਸਮੇਂ ਮੋਦੀ ਸਰਕਾਰ ਵੀ ਕਈ ਪਾਰਟੀਆਂ ਦੇ ਗੱਠਜੋੜ ਤੇ ਸਮਰਥਨ ਨਾਲ ਹੀ ਚੱਲ ਰਹੀ ਹੈ। ਹੁਣ ਜੇਕਰ ਕਾਂਗਰਸ ਤੇ ਭਾਜਪਾ ਵਿਚਕਾਰ ਅੰਤਰ ਦੀ ਚਰਚਾ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਂਗਰਸ ਨਾਲ ਗੱਠਜੋੜ ਕਰਨ ਵਾਲੀਆਂ ਜ਼ਿਆਦਾਤਰ ਪਾਰਟੀਆਂ ਅੱਜ ਵੀ ਸਿਆਸੀ ਤੌਰ 'ਤੇ ਮਜ਼ਬੂਤ ਸਥਿਤੀ ਵਿਚ ਹਨ, ਜਦਕਿ ਭਾਜਪਾ ਨਾਲ ਗੱਠਜੋੜ ਕਰਨ ਵਾਲੀਆਂ ਪਾਰਟੀਆਂ ਆਪੋ-ਆਪਣੇ ਵਜੂਦ ਲਈ ਲੜ ਰਹੀਆਂ ਹਨ।
ਅੰਨਾ ਡੀ.ਐਮ.ਕੇ. ਦੀ ਹੋਂਦ ਖ਼ਤਰੇ 'ਚ
ਤਾਮਿਲਨਾਡੂ ਵਿਚ ਅੱਨਾ.ਡੀ.ਐਮ.ਕੇ. ਦੇ ਭਵਿੱਖ ਬਾਰੇ ਤੁਰੰਤ ਅੰਦਾਜ਼ਾ ਲਗਾਉਣਾ ਅਸੰਭਵ ਹੈ, ਕਿਉਂਕਿ ਪਾਰਟੀ ਅਜੇ ਵੀ ਮਾੜੇ ਹਾਲਾਤਾਂ 'ਚੋਂ ਲੰਘ ਰਹੀ ਹੈ। ਦਰਅਸਲ ਅੱਨਾ.ਡੀ.ਐਮ.ਕੇ. ਉਨ੍ਹਾਂ ਕੁਝ ਖੇਤਰੀ ਪਾਰਟੀਆਂ 'ਚੋਂ ਇਕ ਹੈ, ਜਿਸ ਦੇ ਸੰਸਥਾਪਕ ਐਮ.ਜੀ. ਰਾਮਚੰਦਰਨ ਨੇ ਆਪਣੇ ਪਰਿਵਾਰ 'ਚੋਂ ਕਿਸੇ ਨੂੰ ਵੀ ਆਪਣਾ ਉੱਤਰਾਧਿਕਾਰੀ ਨਹੀਂ ਬਣਾਇਆ ਸੀ। ਹਾਲਾਂਕਿ ਐਮ.ਜੀ. ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਾਨਕੀ ਰਾਮਚੰਦਰਨ ਨੇ ਪਾਰਟੀ ਦੀ ਕਮਾਨ ਸੰਭਾਲੀ, ਪਰ ਉਸ ਦੇ ਅਸਫਲ ਰਹਿਣ 'ਤੇ ਜੈਲਲਿਤਾ ਨੇ ਸਫਲਤਾਪੂਰਬਕ ਪਾਰਟੀ ਨੂੰ ਚਲਾਇਆ ਸੀ। ਜੈਲਲਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦੋ ਨਜ਼ਦੀਕੀ ਨੇਤਾ ਓ. ਪਨੀਰਸੇਲਵਮ ਅਤੇ ਈ. ਪਲਾਨੀਸਵਾਮੀ ਪਾਰਟੀ ਦੀ ਅਗਵਾਈ ਲਈ ਕਈ ਸਾਲਾਂ ਤੱਕ ਇਕ-ਦੂਜੇ ਨਾਲ ਉਲਝਦੇ ਰਹੇ ਤੇ ਐਤਕੀਂ ਚੋਣਾਂ ਤੋਂ ਪਹਿਲਾਂ ਪਨੀਰਸੇਲਵਮ ਪਾਰਟੀ ਛੱਡ ਕੇ ਡੀ.ਐਮ.ਕੇ 'ਚ ਸ਼ਾਮਿਲ ਹੋ ਗਏ। ਪਰ ਹੁਣ ਅੱਨਾ.ਡੀ. ਐਮ.ਕੇ. ਦੇ 30 ਵਿਧਾਇਕਾਂ ਨੇ ਸੀ.ਵੀ. ਸ਼ਨਮੁਗਮ ਦੀ ਅਗਵਾਈ 'ਚ ਪਾਰਟੀ ਤੋਂ ਵੱਖ ਹੋ ਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਦਾ ਸਮਰਥਨ ਕੀਤਾ ਹੈ, ਜਦਕਿ ਪਲਾਨੀਸਵਾਮੀ ਕੋਲ 17 ਵਿਧਾਇਕ ਹੀ ਬਚੇ ਹਨ। ਇਨ੍ਹਾਂ ਚੋਣਾਂ 'ਚ ਵਿਜੇ ਦੀ ਪਾਰਟੀ ਟੀ.ਵੀ.ਕੇ ਇਕ ਵੱਡੀ ਤਾਕਤ ਵਜੋਂ ਉਭਰੀ ਹੈ, ਜਦਕਿ ਡੀ.ਐਮ.ਕੇ. ਵਿਚ ਸਾਬਕਾ ਮੁੱਖ ਮੰਤਰੀ ਐਮ.ਕੇ ਸਟਾਲਿਨ ਤੋਂ ਬਾਅਦ ਉਸ ਦਾ ਪੁੱਤਰ ਉਦੈਨਿਧੀ ਸਟਾਲਿਨ ਪਾਰਟੀ ਦੀ ਵਾਗਡੋਰ ਸੰਭਾਲ ਰਿਹਾ। ਦਰਅਸਲ ਅੱਨਾ.ਡੀ.ਐਮ.ਕੇ. ਦੀ ਹੋਂਦ ਪਹਿਲਾਂ ਜੈਲਲਿਤਾ ਵਰਗੀ ਕ੍ਰਿਸ਼ਮਈ ਲੀਡਰ ਕਰਕੇ ਬਚੀ ਰਹੀ ਸੀ।
ਰੇਵੰਤ ਰੈਡੀ ਨੂੰ ਮੋਦੀ ਦੀ ਪੇਸ਼ਕਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਉਨ੍ਹਾਂ ਨਾਲ ਜੁੜਨ ਦੀ ਪੇਸ਼ਕਸ਼ ਕੀਤੀ। ਮੋਦੀ ਨੇ ਇਕ ਖਾਸ ਸੰਦਰਭ ਵਿਚ ਗੱਲ ਕਰਦਿਆਂ ਰੇਵੰਤ ਰੈਡੀ ਨੂੰ ਸੂਬੇ ਦੀ ਭਲਾਈ ਲਈ ਉਨ੍ਹਾਂ ਨਾਲ ਆਉਣ ਲਈ ਕਿਹਾ ਸੀ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਮੁੱਖ ਮੰਤਰੀ ਰੈਡੀ ਨੇ ਮੋਦੀ ਜੀ ਦੀ ਪੇਸ਼ਕਸ਼ ਨੂੰ ਸਵੀਕਾਰ ਨਾ ਕੀਤਾ ਤਾਂ ਤੇਲੰਗਾਨਾ ਦੀ ਭਲਾਈ ਲਈ ਉਸ ਨੂੰ ਕੇਂਦਰ ਸਰਕਾਰ ਦਾ ਕੋਈ ਸਮਰਥਨ ਨਹੀਂ ਮਿਲੇਗਾ। ਰੇਵੰਤ ਰੈਡੀ ਨੂੰ ਮੁੱਖ ਮੰਤਰੀ ਬਣਿਆਂ ਅਜੇ ਢਾਈ ਸਾਲ ਹੀ ਹੋਏ ਹਨ ਤੇ ਉਹ ਕਾਂਗਰਸ ਨੂੰ ਛੱਡ ਕੇ ਸ਼ਾਇਦ ਹੋਰ ਕਿਤੇ ਨਹੀਂ ਜਾਣਗੇ ਕਿਉਂਕਿ ਉਹ ਸੋਨੀਆ ਤੇ ਰਾਹੁਲ ਗਾਂਧੀ ਪ੍ਰਤੀ ਬਹੁਤ ਜ਼ਿਆਦਾ ਵਫ਼ਾਦਾਰੀ ਦਿਖਾਉਂਦੇ ਹਨ। ਪਰ ਰੇਵੰਤ ਰੈਡੀ ਲੰਬੇ ਸਮੇਂ ਤੱਕ ਆਰ.ਐੱਸ.ਐੱਸ. ਨਾਲ ਜੁੜੇ ਰਹੇ ਹਨ ਤੇ ਉਹ ਏ.ਬੀ.ਵੀ.ਪੀ. ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਸਨ। ਦੂਜੇ ਪਾਸੇ ਅਸਾਮ ਦੇ ਮੌਜੂਦਾ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਜਿਹੇ ਨੇਤਾਵਾਂ ਦਾ ਤਾਂ ਕਦੇ ਵੀ ਆਰ.ਐੱਸ.ਐੱਸ. ਨਾਲ ਕੋਈ ਸੰਬੰਧ ਨਹੀਂ ਰਿਹਾ, ਪਰ ਜਦੋਂ ਉਹ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਤਾਂ ਅੱਜ ਉਹ ਸੰਘ ਦੇ ਪੁਰਾਣੇ ਵਾਲੰਟੀਅਰ ਰਹੇ ਨੇਤਾਵਾਂ ਨੂੰ ਵੀ ਮਾਤ ਦੇਣ ਲੱਗੇ ਹਨ। ਇਸ ਲਈ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਕੀ ਪਤਾ ਰੇਵੰਤ ਰੈਡੀ ਦੇ ਅੰਦਰ ਸੁੱਤਾ ਪਿਆ ਆਰ.ਐੱਸ.ਐੱਸ. ਦਾ ਪੁਰਾਣਾ ਵਾਲੰਟੀਅਰ ਕਦੋਂ ਜਾਗ ਪਏ ਅਤੇ ਉਹ ਭਾਜਪਾ ਵੱਲ ਚੱਲ ਪੈਣ।
ਫੈਸ਼ਨ ਬਣ ਗਿਆ ਹੈ ਮੁਸਲਮਾਨਾਂ ਨਾਲ ਨਫ਼ਰਤ ਕਰਨਾ
ਅਜੀਤ ਡੈਸਕ
18-05-2026