ਮਨੁੱਖ ਦੇ ਖਾਣ-ਪੀਣ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਉਪਦੇਸ਼ ਦਿੱਤਾ ਸੀ ਕਿ ਮਨੁੱਖ ਨੂੰ ਹਮੇਸ਼ਾ ਸਾਦਾ ਭੋਜਨ ਹੀ ਖਾਣਾ ਚਾਹੀਦਾ ਹੈ। ਗੁਰੂ ਜੀ ਨੇ ਭਾਈ ਲਾਲੋ ਦੇ ਘਰ ਕੋਧਰੇ ਦਾ ਪ੍ਰਸ਼ਾਦਾ ਛਕ ਕੇ ਸੱਚੀ-ਸੁੱਚੀ ਕਿਰਤ ਕਰਨ ਨੂੰ ਵੰਡਿਆਉਣ ਤੇ ਸਾਦਾ ਭੋਜਨ ਖਾਣ ਨੂੰ ਤਰਜੀਹ ਦਿੱਤੀ ਸੀ, ਪਰ ਅੱਜ ਇਨਸਾਨ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫਲਸਫੇ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਵਿਗਿਆਨ ਦੀ ਤਰੱਕੀ ਨਾਲ ਮਨੁੱਖ ਦੀ ਖਾਣ-ਪੀਣ ਤੇ ਪਹਿਰਾਵੇ ਬਾਰੇ ਸੋਚ ਤੇ ਚੋਣ ਬਦਲ ਗਈ ਹੈ। ਅੱਜਕਲ੍ਹ ਲੋਕ ਘਰ ਦੇ ਖਾਣੇ ਦੀ ਬਜਾਏ ਬਾਹਰ ਦੇ ਖਾਣੇ ਨੂੰ ਤਰਜੀਹ ਦੇਣ ਲੱਗੇ ਹਨ। ਉਹ ਮਹਿੰਗੇ ਤਲੇ ਹੋਏ ਤੇ ਮਸਾਲੇਦਾਰ ਪਕਵਾਨਾਂ/ ਜੰਕ ਫੂਡ ਖਾਣ 'ਚ ਆਪਣੀ ਸ਼ਾਨ ਸਮਝਦੇ ਹਨ। ਮਨੁੱਖ ਜੀਭ ਦੇ ਚਸਕੇ ਕਾਰਨ ਅਜਿਹੀਆਂ ਚੀਜ਼ਾਂ ਖਾਣ ਦਾ ਆਦੀ ਹੋ ਰਿਹਾ ਹੈ, ਜੋ ਉਸ ਦੇ ਸਰੀਰ ਨੂੰ ਅੰਦਰੋਂ ਅੰਦਰ ਖੋਖਲਾ ਕਰਕੇ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇਕਰ ਅਸੀਂ ਤੰਦਰੁਸਤ ਰਹਾਂਗੇ ਤਾਂ ਹੀ ਖ਼ੁਸ਼ ਤੇ ਖ਼ੁਸ਼ਹਾਲ ਰਹਾਂਗੇ।
ਜੇ ਪੰਜਾਬ ਵਿਚ ਦੋ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਹਰ ਘਰ ਦੁਧਾਰੂ ਪਸ਼ੂ ਹੋਣ ਕਰਕੇ ਦੁੱਧ, ਮੱਖਣ, ਲੱਸੀ, ਆਮ ਮਿਲ ਜਾਂਦਾ ਸੀ। ਖਾਣ ਪੀਣ ਦੀ ਹਰ ਚੀਜ਼ ਘਰ ਵਿਚ ਹੀ ਬਣਾਈ ਜਾਂਦੀ ਸੀ ਤੇ ਆਏ ਗਏ ਪ੍ਰਾਹੁਣਿਆਂ ਦੀ ਸੇਵਾ ਵੀ ਘਰ ਦੇ ਲੱਸੀ, ਦੁੱਧ ਤੇ ਖਾਣੇ ਨਾਲ ਹੀ ਕੀਤੀ ਜਾਂਦੀ ਸੀ। ਬਹੁਤੇ ਘਰਾਂ 'ਚ ਅੰਬ, ਜਾਮਣ, ਅਮਰੂਦ ਜਿਹੇ ਫਲਦਾਰ ਬੂਟੇ ਆਮ ਹੁੰਦੇ ਸਨ। ਲੋਕ ਗਰਮੀਆਂ ਦੇ ਦਿਨਾਂ 'ਚ ਦਰੱਖਤਾਂ ਦੀ ਛਾਂ ਹੇਠ ਬੈਠਦੇ ਸਨ। ਪਹਿਲਾਂ ਲੋਕ ਘਰ ਦਾ ਬਣਿਆ ਹੋਇਆ ਸ਼ੁੱਧ ਤੇ ਸੰਤੁਲਿਤ ਭੋਜਨ ਖਾਂਦੇ ਸਨ ਤਾਂ ਲੰਬੀ ਉਮਰ ਭੋਗ ਕੇ ਹੀ ਜਾਂਦੇ ਸਨ। ਪਰ ਹੁਣ ਹਰ ਪਾਸੇ ਵੱਖ-ਵੱਖ ਕਿਸਮਾਂ ਦੇ ਕੋਲਡ ਡਰਿੰਕ, ਬਰਗਰ, ਪੀਜ਼ੇ, ਨਿਊਡਲ ਤੇ ਜੰਕ ਫੂਡ ਦਾ ਬੋਲਬਾਲਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਮਿਲਾਵਟਖੋਰੀ ਦੇ ਦੌਰ 'ਚ ਲੋਕ ਮਿਲਾਵਟੀ ਤੇ ਰਸਾਇਣਾਂ ਨਾਲ ਭਰੇ ਖਾਧ ਪਦਾਰਥ ਖਾ ਕੇ ਬਿਮਾਰ ਹੋ ਰਹੇ ਹਨ। ਦਰਅਸਲ ਟੈਕਨੋਲੋਜੀ ਤੇ ਪੈਸੇ ਦੀ ਹੋੜ ਵਧਣ ਨਾਲ ਇਨਸਾਨ ਨੇ ਕੁਦਰਤ ਨਾਲ ਖਿਲਵਾੜ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਅੱਜਕਲ੍ਹ ਬਾਜ਼ਾਰ 'ਚ ਆਉਣ ਵਾਲੇ ਬਹੁਤੇ ਫਲ਼ ਵੀ ਕੈਮੀਕਲ ਲਗਾ ਕੇ ਪਕਾਏ ਜਾਂਦੇ ਹਨ। ਉਂਝ ਪੰਜਾਬ 'ਚ ਬਹੁਤੇ ਫਲ਼ ਦੂਜੇ ਸੂਬਿਆਂ ਤੋਂ ਆਉਣ ਕਰਕੇ ਉਨ੍ਹਾਂ ਨੂੰ ਜਲਦੀ ਖਰਾਬ ਹੋਣ ਤੋਂ ਬਚਾਉਣ ਤੇ ਤਾਜ਼ਾ ਰੱਖਣ ਲਈ ਕਈ ਤਰ੍ਹਾਂ ਦੇ ਰਸਾਇਣ ਲਗਾ ਦਿੱਤੇ ਜਾਂਦੇ ਹਨ। ਅੱਜਕੱਲ੍ਹ ਦੇ ਬੱਚੇ ਘਰ ਦਾ ਖਾਣਾ ਪਸੰਦ ਨਹੀਂ ਕਰਦੇ ਤੇ ਬਾਜ਼ਾਰ ਦੇ ਖਾਣੇ ਨੂੰ ਤਰਜੀਹ ਦਿੰਦੇ ਹਨ। ਸ਼ਹਿਰਾਂ ਤੇ ਕਸਬਿਆਂ 'ਚ ਰੇੜ੍ਹੀਆਂ 'ਤੇ ਬਣਾਏ ਜਾਂਦੇ ਬਰਗਰ, ਨੂਡਲਜ਼, ਟਿੱਕੀਆਂ, ਫਰੈਂਚ ਫਰਾਈ, ਚਾਪਾਂ ਤੇ ਸਮੋਸੇ ਆਦਿ ਘਟੀਆ ਤੇਲ, ਮਸਾਲੇ, ਕਰੀਮ ਤੇ ਰੰਗਾਂ ਨਾਲ ਤਿਆਰ ਕੀਤੇ ਜਾਂਦੇ ਹਨ। ਮਿਲਾਵਟੀ ਸਾਮਾਨ ਨਾਲ ਤਿਆਰ ਕੀਤੇ ਖਾਧ ਪਦਾਰਥ ਮਨੁੱਖੀ ਸਿਹਤ ਲਈ ਬਹੁਤ ਘਾਤਕ ਤੇ ਜਾਨਲੇਵਾ ਸਿੱਧ ਹੋ ਰਹੇ ਹਨ। ਜੰਕ ਫੂਡ ਵਧੇਰੇ ਖਾਣ ਕਰਕੇ ਛੋਟੀ ਉਮਰ ਦੇ ਬੱਚੇ ਓਵਰਵੇਟ ਤੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ। ਦਿਲ ਦੇ ਰੋਗ ਤੇ ਸ਼ੂਗਰ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਨੌਜਵਾਨਾਂ ਦੇ ਸਟੰਟ ਪੈ ਰਹੇ ਹਨ। ਹੁਣ ਤਾਂ ਜੰਕ ਫੂਡ ਬਾਹਰ ਜਾ ਕੇ ਖਰੀਦ ਕੇ ਲਿਆਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ, ਕਿਉਂਕਿ ਆਨਲਾਈਨ ਆਰਡਰ ਕਰਨ 'ਤੇ ਸਭ ਕੁਝ ਘਰ ਬੈਠੇ ਹੀ ਮਿਲ ਜਾਂਦਾ ਹੈ। ਨੌਕਰੀਪੇਸ਼ਾ ਪਰਿਵਾਰਾਂ 'ਚ ਬਾਹਰ ਤੋਂ ਆਰਡਰ ਕਰਕੇ ਖਾਣ-ਪੀਣ ਦਾ ਸਾਮਾਨ ਮੰਗਵਾਉਣ ਦਾ ਰੁਝਾਨ ਬਹੁਤ ਵਧ ਰਿਹਾ ਹੈ।
ਸਾਨੂੰ ਚੰਗਾ ਤੇ ਸੰਤੁਲਿਤ ਭੋਜਨ ਹੀ ਖਾਣਾ ਚਾਹੀਦਾ ਹੈ, ਜੋ ਸਾਡੇ ਸਰੀਰ ਤੇ ਮਨ ਦੋਹਾਂ ਨੂੰ ਸਿਹਤਮੰਦ ਬਣਾਈ ਰੱਖੇ। ਸਿਆਣੇ ਕਹਿੰਦੇ ਹਨ ਕਿ ਜਿਉਂਦੇ ਰਹਿਣ ਲਈ ਖਾਣਾ ਖਾਓ, ਨਾ ਕਿ ਖਾਣ ਲਈ ਜੀਓ। ਸਾਨੂੰ ਆਪਣੇ ਤਨ ਤੇ ਮਨ ਤੰਦਰੁਸਤ ਰੱਖਣ ਲਈ ਹਮੇਸ਼ਾ ਸਾਦਾ ਭੋਜਨ ਤੇ ਪੂਰੀ ਨੀਂਦ ਲੈਣੀ ਚਾਹੀਦੀ ਹੈ। ਪਰ ਲੋਕ ਜੀਭ ਦੇ ਸਵਾਦ ਦੇ ਚੱਕਰ 'ਚ ਅਨੇਕਾਂ ਬਿਮਾਰੀਆਂ ਸਹੇੜ ਰਹੇ ਹਨ। ਹਰ ਨਸ਼ਾ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਮਾਲਵਾ ਖੇਤਰ ਦੂਸ਼ਿਤ ਪਾਣੀ ਕਾਰਨ ਕੈਂਸਰ ਦੀ ਮਾਰ ਹੇਠ ਹੈ ਤਾਂ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਤੇ ਉਪਲਬੱਧਤਾ ਪੰਜਾਬ ਦੀ ਨੌਜਵਾਨੀ ਦਾ ਬਹੁਤ ਨੁਕਸਾਨ ਕਰ ਰਹੀ ਹੈ। ਨਸ਼ੇ ਮਨੁੱਖ ਦਾ ਸਰੀਰਕ, ਮਾਨਸਿਕ ਤੇ ਬੌਧਿਕ ਤੌਰ 'ਤੇ ਵੱਡਾ ਨੁਕਸਾਨ ਕਰਦੇ ਹਨ। ਰਿਸ਼ੀਆਂ, ਮੁਨੀਆਂ, ਗੁਰੂਆਂ ਤੇ ਪੀਰਾਂ ਦੀ ਧਰਤੀ ਪੰਜਾਬ ਦੇ ਗੁਮਰਾਹ ਹੋਏ ਨੌਜਵਾਨ ਪਤਾ ਨਹੀਂ ਕਿਵੇਂ ਤੇ ਕਿਉਂ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ।
ਅੱਜ ਬਹੁਤ ਸਾਰੇ ਲੋਕ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ, ਕਿਉਂਕਿ ਉਨ੍ਹਾਂ ਨੇ ਮੋਟੇ ਅਨਾਜ ਖਾਣੇ ਛੱਡ ਦਿੱਤੇ ਹਨ। ਮਾਹਿਰਾਂ ਅਨੁਸਾਰ ਸਵੇਰੇ ਨਾਸ਼ਤਾ ਜ਼ਰੂਰ ਕਰੋ ਤੇ ਰੱਜ ਕੇ ਰੋਟੀ ਖਾਓ, ਦੁਪਹਿਰ ਵੇਲੇ ਚਾਵਲ ਜਾਂ ਰੋਟੀ 'ਚੋਂ ਕੋਈ ਇਕ ਹੀ ਖਾਓ। ਰਾਤ ਦਾ ਖਾਣਾ ਫਕੀਰਾਂ ਵਾਂਗ ਮਤਲਬ ਬਹੁਤ ਥੋੜ੍ਹਾ ਖਾਓ। ਆਪਣੀ ਖੁਰਾਕ 'ਚ ਸਲਾਦ, ਮੌਸਮੀ ਤਾਜ਼ੇ ਫਲ ਤੇ ਸਬਜ਼ੀਆਂ ਨੂੰ ਜ਼ਰੂਰ ਸ਼ਾਮਿਲ ਕਰੋ। ਮੌਸਮੀ ਫਲ ਖਾਣ ਨਾਲ ਸਰੀਰ ਨੂੰ ਕਦੇ ਵੀ ਕੁੱਝ ਨਹੀਂ ਹੁੰਦਾ। ਕਦੇ ਵੀ ਬੰਦ ਡੱਬਾ ਜੂਸ ਨਾ ਪੀਓ ਕਿਉਂਕਿ ਲੰਮੇ ਸਮੇਂ ਤੱਕ ਵਰਤਣਯੋਗ ਬਣਾਈ ਰੱਖਣ ਲਈ ਇਨ੍ਹਾਂ 'ਚ ਕਈ ਤਰ੍ਹਾਂ ਦੇ ਰਸਾਇਣ ਮਿਲਾਏ ਜਾਂਦੇ ਹਨ। ਸਿਹਤਮੰਦ ਰਹਿਣ ਲਈ ਜੰਕ ਫੂਡ ਤੇ ਬਾਜ਼ਾਰ ਦੇ ਖਾਣੇ ਨਾ ਖਾਓ, ਸਿਆਣਿਆਂ ਠੀਕ ਹੀ ਕਿਹਾ ਹੈ ਕਿ ਇਲਾਜ ਨਾਲੋਂ ਪ੍ਰਹੇਜ਼ ਹੀ ਚੰਗਾ ਹੈ।
-ਮੋਹਾਲੀ। ਮੋਬਾਈਲ : 78889-66168