28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕੌਮਾਂਤਰੀ ਪੱਧਰ 'ਤੇ ਬਾਲ ਪੁਸਤਕਾਂ ਦਾ ਮਹੱਤਵ

ਅਜੀਤ ਡੈਸਕ 02-04-2026

ਕੌਮਾਂਤਰੀ ਬਾਲ ਪੁਸਤਕ ਦਿਵਸ 'ਤੇ ਵਿਸ਼ੇਸ਼

ਬੱਚੇ ਭਾਵੇਂ ਜਿੰਨੀ ਵੀ ਛੋਟੀ ਉਮਰ ਦੇ ਹੋਣ ਉਨ੍ਹਾਂ ਦੇ ਸੁਪਨੇ, ਸੱਧਰਾਂ ਤੇ ਕਾਲਪਨਿਕ ਉਡਾਰੀਆਂ ਦਾ ਅਸਮਾਨ ਬਹੁਤ ਵਿਸ਼ਾਲ ਹੁੰਦਾ ਹੈ। ਪ੍ਰੋੜ੍ਹ ਸਾਹਿਤ ਵਾਂਗ ਬੱਚਿਆਂ ਦਾ ਸਾਹਿਤ ਵੀ ਉਨ੍ਹਾਂ ਨੂੰ ਸਮਾਜ ਦੇ ਯਥਾਰਥ ਨਾਲ ਜਾਣ-ਪਛਾਣ ਕਰਾਉਂਦਾ ਹੈ। ਸਾਹਿਤ ਬੱਚਿਆਂ ਲਈ ਕੇਵਲ ਮਨੋਰੰਜਨ ਜਾਂ ਵਿਹਲੇ ਸਮੇਂ ਨੂੰ ਬਿਤਾਉਣ ਦਾ ਜ਼ਰੀਆ ਹੀ ਨਹੀਂ, ਸਗੋਂ ਇਹ ਉਨ੍ਹਾਂ ਲਈ ਅਜਿਹਾ ਕਾਰਗਰ ਮਿੱਤਰ ਹੈ, ਜੋ ਉਨ੍ਹਾਂ ਦੇ ਮਨਾਂ 'ਚ ਰਹੱਸ-ਰੁਮਾਂਚ, ਹਿੰਮਤ, ਨਿਡਰਤਾ, ਪਰਉਪਕਾਰ, ਦਿਆਨਤਦਾਰੀ, ਹੱਕ-ਸੱਚ ਤੇ ਨੇਕ ਨੀਤੀ ਦੇ ਨਾਲ-ਨਾਲ ਛੋਟਿਆਂ ਨਾਲ ਪਿਆਰ ਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਪ੍ਰਬਲ ਕਰਦਾ ਹੈ। ਪੁਸਤਕ ਇਕ ਅਧਿਆਪਕ ਵਾਂਗ ਕਿਸੇ ਬੱਚੇ ਦੇ ਜੀਵਨ ਦੀ ਦਿਸ਼ਾ ਤੇ ਦਸ਼ਾ ਤੈਅ ਕਰਦੀ ਹੈ।
ਕੌਮਾਂਤਰੀ ਬਾਲ ਪੁਸਤਕ ਦਿਵਸ ਦਾ ਮਹੱਤਵ ਇਸ ਕੇਂਦਰੀ ਨੁਕਤੇ ਨੂੰ ਉਭਾਰਦਾ ਹੈ ਕਿ ਗਿਆਨ-ਵਿਗਿਆਨ, ਇਤਿਹਾਸ, ਫੈਂਟਸੀ ਤੇ ਹਾਸ ਵਿਅੰਗ ਦੇ ਰੂਪ 'ਚ ਮਿਆਰੀ ਬਾਲ ਪੁਸਤਕਾਂ ਬੱਚੇ ਦੀ ਸ਼ਖ਼ਸੀਅਤ ਉਸਾਰੀ 'ਚ ਵਡਮੁੱਲੀ ਭੂਮਿਕਾ ਨਿਭਾਉਂਦੀਆਂ ਹਨ। ਛਾਪੇਖਾਨੇ ਦੀ ਈਜਾਦ ਤੋਂ ਸਦੀਆਂ ਪਹਿਲਾਂ ਬੱਚੇ ਆਪਣੇ ਪੂਰਵਜ਼ਾਂ ਤੋਂ ਬਾਤਾਂ, ਬੁਝਾਰਤਾਂ, ਕਹਾਣੀਆਂ ਸੁਣਦੇ ਆਏ ਹਨ। ਪਰ ਜਿਵੇਂ-ਜਿਵੇਂ ਵਿਸ਼ਵ ਪੱਧਰ 'ਤੇ ਵਿਗਿਆਨਕ ਚੇਤਨਾ ਦਾ ਆਦਾਨ-ਪ੍ਰਦਾਨ ਹੋਇਆ, ਤਿਵੇਂ ਤਿਵੇਂ ਛਾਪੇਖਾਨੇ ਦੀ ਵਿਵਸਥਾ ਹੋਣ ਨਾਲ ਮੌਖਿਕ ਕਹਾਣੀਆਂ ਪੁਸਤਕ ਰੂਪ ਵਿਚ ਸਾਹਮਣੇ ਆਉਣ ਲੱਗੀਆਂ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਸਮੇਂ ਦੇ ਪਰਿਵਰਤਨ ਨਾਲ ਬਾਤਾਂ-ਬੁਝਾਰਤਾਂ ਦੀ ਉਹੀ ਪਰੰਪਰਾ ਵਰਤਮਾਨ ਸਮੇਂ ਵਿਚ ਬਾਲ ਸਾਹਿਤ ਦਾ ਰੂਪ ਧਾਰ ਗਈ।
ਸਾਲ 1967 ਤੋਂ ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਪੱਧਰੀ ਮਨਾਇਆ ਜਾਣ ਵਾਲਾ ਕੌਮਾਂਤਰੀ ਬਾਲ ਪੁਸਤਕ ਦਿਵਸ ਪ੍ਰਸਿੱਧ ਡੈਨਿਸ਼ ਬਾਲ ਸਾਹਿਤ ਲੇਖਕ ਹੈਂਸ ਕ੍ਰਿਸਚੀਅਨ ਐਂਡਰਸਨ ਦੇ ਜਨਮ ਦਿਨ ਨਾਲ ਸੰਬੰਧਿਤ ਹੈ। ਐਂਡਰਸਨ ਨੇ ਸਾਲ 1835 'ਚ ਬੱਚਿਆਂ ਲਈ ਕਹਾਣੀਆਂ ਲਿਖਣੀਆਂ ਆਰੰਭੀਆਂ, ਜੋ ਉਸ ਦੀ ਪਹਿਲੀ ਪੁਸਤਕ 'ਟਿੰਡਰਬਾਕਸ' ਤੋਂ ਇਲਾਵਾ 'ਲਿਟਲ ਕਲਾਜ਼ ਐਂਡ ਬਿਗ ਕਲਾਜ਼', 'ਪ੍ਰਿੰਸੈੱਸ ਐਂਡ ਦ ਪੀ', 'ਲਿਟਲ ਇਡਾਜ਼ ਫਲਾਵਰਸ' ਆਦਿ ਪੁਸਤਕਾਂ 'ਚ ਛਪੀਆਂ। ਦੈਂਤਾਂ, ਜਾਦੂਗਰਾਂ, ਚਿੜੀ-ਜਨੌਰਾਂ ਅਤੇ ਰਾਜੇ-ਰਾਣੀਆਂ ਦੀਆਂ ਇਨ੍ਹਾਂ ਕਹਾਣੀ ਪੁਸਤਕਾਂ ਨੇ ਵਿਸ਼ਵ ਪੱਧਰ 'ਤੇ ਬਾਲ ਸਾਹਿਤ 'ਚ ਲਿਖਤੀ ਪਰੰਪਰਾ ਨੂੰ ਹੋਰ ਅਮੀਰ ਬਣਾਇਆ। ਬੱਚਿਆਂ ਲਈ ਲਿਖੀਆਂ ਗਈਆਂ ਮਿਆਰੀ ਬਾਲ ਪੁਸਤਕਾਂ ਨੂੰ ਵਿਸ਼ਵ ਪੱਧਰ ਦੇ ਬਾਲ ਪਾਠਕਾਂ ਤੱਕ ਪੁਚਾਉਣ ਵਿਚ ਇੰਟਰਨੈਸ਼ਨਲ ਬੋਰਡ ਆਨ ਬੁਕਸ ਫਾਰ ਯੰਗ ਪੀਪਲਜ਼ (ਆਈ.ਬੀ.ਬੀ.ਵਾਈ.) ਦੀ ਸਾਰਥਿਕ ਭੂਮਿਕਾ ਹੈ, ਜੋ ਵੱਡੀ ਤਾਦਾਦ 'ਚ ਬੱਚਿਆਂ ਵਿਚ ਸਿਰਜਣਾਤਮਿਕ ਰੁਚੀਆਂ ਦੀ ਚੇਟਕ ਲਗਾਉਂਦਾ ਹੈ। 18ਵ੍ਹੀਂ ਸਦੀ ਦੇ ਦੂਜੇ ਮੱਧ ਵਿਚ ਦੋ ਜਰਮਨ ਭਰਾਵਾਂ ਜੈਕਬ ਗ੍ਰਿਮ ਤੇ ਵਿਲੀਅਮ ਗ੍ਰਿਮ ਨੇ ਆਪਣੀਆਂ ਬਾਲ ਕਹਾਣੀ ਦੀਆਂ ਪੁਸਤਕਾਂ ਨਾਲ ਦੁਨੀਆ ਭਰ ਦੇ ਬੱਚਿਆਂ ਨੂੰ ਕਾਲਪਨਿਕ ਸੰਸਾਰ ਦੀ ਖ਼ੂਬ ਸੈਰ ਕਰਾਈ ਤੇ ਪੁਸਤਕਾਂ ਪੜ੍ਹਨ ਦੇ ਸੁਨਹਿਰੇ ਮੌਕੇ ਪ੍ਰਦਾਨ ਕੀਤੇ। 19ਵੀਂ ਸਦੀ ਦੇ ਲੇਖਕ ਜਾਨ ਰਸਕਿਨ ਦੀ ਬਾਲ ਪੁਸਤਕ 'ਕਿੰਗ ਆਫ ਦ ਗੋਲਡਨ ਰਿਵਰ' ਨੇ ਵੀ ਕੌਮਾਂਤਰੀ ਬਾਲ ਪੁਸਤਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਅੰਗਰੇਜ਼ੀ ਲੇਖਕ ਹਿਊ ਲਾਫਿੰਗ (ਨੋਬਲ ਪੁਰਸਕਾਰ ਵਿਜੇਤਾ), ਬਾਲ ਸਾਹਿਤ ਲੇਖਕ ਰੁਡਯਾਰਡ ਕਿਪਲਿੰਗ (ਪੁਸਤਕ 'ਜੰਗਲ ਬੁਕ' ਦੇ ਰਚੇਤਾ), ਹੰਗਰੀ ਲੇਖਕ ਫੈਲਿਕਸ ਸਾਲਟਨ ਤੇ ਡੈਨੀਅਲ, ਡੈਫੀ ਤੋਂ ਇਲਾਵਾ ਜੋਨਾਥਨ ਸਵਿਫਟ, ਲਿਓ ਟਾਲਸਟਾਏ, ਮੈਕਸਿਮ ਗੋਰਕੀ ਆਦਿ ਲੇਖਕਾਂ ਨੇ ਅਜਿਹੀਆਂ ਪੁਸਤਕਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਨੇ ਵਿਸ਼ਵ ਬਾਲ ਸਾਹਿਤ ਨੂੰ ਨਵੀਆਂ ਲੀਹਾਂ 'ਤੇ ਤੋਰਿਆ। 'ਹੈਰੀ ਪਾਟਰ' ਦੀ ਲੇਖਕਾ ਜੇ.ਕੇ. ਰੋਲਿੰਗ ਜੋ ਅੱਜ-ਕੱਲ੍ਹ ਇੰਗਲੈਂਡ ਦੀ ਵਸਨੀਕ ਹੈ, ਨੇ ਆਪਣੇ ਜਾਦੂਈ ਪਾਤਰਾਂ ਨਾਲ ਅਨੋਖੀ ਦੁਨੀਆ ਸਿਰਜੀ। ਇਸ ਪੁਸਤਕ ਦਾ ਪੰਜਾਬੀ ਭਾਸ਼ਾ ਨੂੰ ਛੱਡ ਕੇ ਦੁਨੀਆ ਦੀ ਲਗਭਗ ਹਰ ਜ਼ੁਬਾਨ 'ਚ ਅਨੁਵਾਦ ਹੋ ਚੁੱਕਾ ਹੈ। ਪ੍ਰਸਿੱਧ ਜਪਾਨੀ ਲੇਖਕ ਸੁਜ਼ੂਕੀ ਸਾਰਾਹ ਵਲੋਂ ਰਚਿਤ ਪੁਸਤਕ 'ਯਾਯੋਈ ਕੁਸਾਮਾ : ਫਰਾਮ ਹੇਅਰ ਟੂ ਇਨਫਿਨਟੀ' ਬਾਲ ਪੁਸਤਕ ਵਿਚ ਇਕ ਅਜਿਹੇ ਸਾਧਾਰਨ ਬਾਲ ਨਾਇਕ ਦੀ ਕਹਾਣੀ ਹੈ, ਜੋ ਬਚਪਨ ਵਿਚ ਆਪਣੇ ਨਿਰੰਤਰ ਸੰਘਰਸ਼ ਸਦਕਾ ਵਿਸ਼ਵ ਦਾ ਇਕ ਮਹਾਨ ਕਲਾਕਾਰ ਬਣਨ ਦਾ ਰੁਤਬਾ ਹਾਸਿਲ ਕਰਦਾ ਹੈ। ਇਹ ਪੁਸਤਕ ਦੱਸਦੀ ਹੈ ਕਿ ਇਕ ਚੰਗੀ ਬਾਲ ਪੁਸਤਕ ਵਿਚ ਕਿਸੇ ਸਾਧਾਰਨ ਬੱਚੇ ਨੂੰ ਕੌਮਾਂਤਰੀ ਪ੍ਰਸਿੱਧੀ ਦਾ ਨਾਇਕ ਬਣਾਉਣ ਦੀ ਊਰਜਾ ਹੁੰਦੀ ਹੈ।
ਭਾਰਤ ਵਿਚ ਕੌਮਾਂਤਰੀ ਬਾਲ ਪੁਸਤਕ ਦਿਵਸ 'ਤੇ ਅਨੇਕਾਂ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਦਰਸਾਇਆ ਜਾਂਦਾ ਹੈ ਕਿ ਬਾਲ ਪੁਸਤਕਾਂ ਦਾ ਮਕਸਦ ਬੱਚਿਆਂ ਵਿਚ ਪੜ੍ਹਨ ਪ੍ਰਤੀ ਪ੍ਰੇਮ ਭਾਵਨਾ ਤੇ ਉਨ੍ਹਾਂ ਅੰਦਰ ਰਚਨਾਤਮਿਕ ਕਾਰਜਾਂ ਨੂੰ ਜਗਾਉਣਾ ਹੈ। ਮਸੂਰੀ (ਉੱਤਰਾਖੰਡ) ਦੇ ਵਿਸ਼ਵ ਪ੍ਰਸਿੱਧ ਪਰੀ ਕਹਾਣੀ ਲੇਖਕ ਰਸਕਿਨ ਬਾਂਡ ਦੀਆਂ ਪਰੀ ਕਹਾਣੀਆਂ ਨੇ ਵਿਸ਼ਵ ਦੇ ਅਣਗਿਣਤ ਬਾਲ ਪਾਠਕਾਂ 'ਚ ਕਹਾਣੀਆਂ ਪੜ੍ਹਨ ਦੀ ਜਿਗਿਆਸਾ ਪੈਦਾ ਕੀਤੀ ਹੈ। ਵਿਸ਼ਵ ਪੱਧਰ ਦੇ ਬਾਲ ਪੁਸਤਕ ਸੰਸਾਰ ਵਿਚ ਜਿੱਥੇ ਬੰਗਲਾ, ਉੜੀਆ, ਮਰਾਠੀ, ਤਮਿਲ, ਹਿੰਦੀ ਪੁਸਤਕਾਂ ਨੇ ਆਪਣੀ ਪਛਾਣ ਬਣਾਈ ਹੈ, ਉੱਥੇ ਹੁਣ ਪੰਜਾਬੀ ਬਾਲ ਪੁਸਤਕਾਂ ਵੀ ਹੌਲੀ-ਹੌਲੀ ਕੌਮੀ ਪੱਧਰ ਤੋਂ ਕੌਮਾਂਤਰੀ ਪੱਧਰ ਦੇ ਮਾਰਗ ਦੀਆਂ ਪਾਂਧੀ ਬਣਨ ਦੇ ਸਮਰੱਥ ਹੋ ਰਹੀਆਂ ਹਨ। ਗੁਰੂਦੇਵ ਰਬਿੰਦਰ ਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਗਿੱਜੂ ਭਾਈ ਬਧੇਕਾ, ਗਿਆਨੀ ਧਨਵੰਤ ਸਿੰਘ ਸੀਤਲ, ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ, ਗੁਰਦਿਆਲ ਸਿੰਘ, ਅਜਾਇਬ ਚਿੱਤ੍ਰਕਾਰ ਅਤੇ ਨਵੀਂ ਪੀੜ੍ਹੀ ਦੇ ਅਨੇਕਾਂ ਬਾਲ ਸਾਹਿਤ ਲੇਖਕਾਂ ਨੇ ਆਪਣੀਆਂ ਪੁਸਤਕਾਂ 'ਚ ਬੱਚਿਆਂ ਦੀਆਂ ਬਾਤਾਂ ਪਾਈਆਂ ਹਨ ਤਾਂ ਜੋ ਉਨ੍ਹਾਂ ਦੇ ਮਨਾਂ ਅੰਦਰ ਮਾਤ ਭਾਸ਼ਾ ਪ੍ਰਤੀ ਸਨੇਹ ਜਗਾਇਆ ਜਾ ਸਕੇ।
ਕੌਮਾਂਤਰੀ ਬਾਲ ਪੁਸਤਕ ਦਿਵਸ ਇਸ ਪੱਖੋਂ ਵੀ ਚੇਤੰਨ ਕਰਦਾ ਹੈ ਕਿ ਸਕੂਲ ਲਾਇਬ੍ਰੇਰੀਆਂ ਲਈ ਕਮੇਟੀਆਂ ਦਾ ਗਠਨ ਕਰਕੇ ਮਿਆਰੀ ਬਾਲ ਪੁਸਤਕਾਂ ਜੋ ਨਾ ਕੇਵਲ ਸਸਤੀਆਂ ਤੇ ਰੰਗਦਾਰ ਹੋਣ, ਸਗੋਂ ਨਿੱਗਰ ਜੀਵਨ ਮੁੱਲਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਵੀ ਦੇਣ, ਦੀ ਨਿਯਮਤ ਤੌਰ 'ਤੇ ਖ਼ਰੀਦ ਕਰਨੀ ਚਾਹੀਦੀ ਹੈ। ਜੋ ਪੁਸਤਕਾਂ ਲੰਮੇ ਸਮੇਂ ਤੋਂ ਉਪਲਬਧ ਨਹੀਂ, ਉਨ੍ਹਾਂ ਨੂੰ ਮੁੜ ਛਾਪਣਾ ਚਾਹੀਦਾ ਹੈ। ਸਕੂਲਾਂ ਤੋਂ ਇਲਾਵਾ ਪੰਜਾਬ ਦੀਆਂ ਜ਼ਿਲ੍ਹਾ ਤੇ ਸੈਂਟਰਲ ਸਟੇਟ ਲਾਇਬ੍ਰੇਰੀਆਂ ਵੀ ਪਿਛਲੇ ਕਈ ਦਹਾਕਿਆਂ ਤੋਂ ਮਿਆਰੀ ਬਾਲ ਪੁਸਤਕਾਂ ਨੂੰ ਆਪਣੀ ਗੋਦ 'ਚ ਲੈਣ ਲਈ ਤਰਸੇਵਾਂ ਹੰਢਾ ਰਹੀਆਂ ਹਨ। ਇਨ੍ਹਾਂ ਲਾਇਬ੍ਰੇਰੀਆਂ ਦੀ ਸਥਾਪਨਾ ਦਾ ਮਕਸਦ ਤਾਂ ਹੀ ਸਾਰਥਿਕ ਸਿੱਧ ਹੋ ਸਕਦਾ ਹੈ, ਜੇ ਬੱਚਿਆਂ ਲਈ ਵੀ ਵਿਸ਼ੇਸ਼ ਕੋਨੇ ਜਾਂ ਬਾਲ ਵਿੰਗ ਸਥਾਪਤ ਕੀਤੇ ਜਾਣ, ਜਿੱਥੇ ਬੱਚੇ ਮਨੋਰੰਜਨ ਕਰ ਸਕਣ। ਕੌਮਾਂਤਰੀ ਬਾਲ ਪੁਸਤਕ ਦਿਵਸ ਇਹ ਵੀ ਸੰਕੇਤ ਕਰਦਾ ਹੈ ਕਿ ਪੁਸਤਕ ਮੇਲਿਆਂ 'ਚ ਬੱਚਿਆਂ ਨੂੰ ਆਪਣੀਆਂ ਪਸੰਦੀਦਾ ਕਿਤਾਬਾਂ ਖੋਜਣ ਤੇ ਖਰੀਦਣ ਦੇ ਖੁੱਲ੍ਹੇ-ਡੁੱਲ੍ਹੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਪ੍ਰਕਾਸ਼ਕਾਂ ਨੂੰ ਵੀ ਪੁਸਤਕਾਂ ਦੇ ਖਰੜਿਆਂ ਦੇ ਮੁਲਾਂਕਣ ਲਈ ਬਾਲ ਸਾਹਿਤ ਮਾਹਿਰਾਂ, ਅਧਿਆਪਕਾਂ, ਬਾਲ ਮਨੋਵਿਗਿਆਨੀਆਂ, ਬਾਲ ਚਿੱਤਰਕਾਰਾਂ ਅਤੇ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦੀ ਕਮੇਟੀ ਵਲੋਂ ਜ਼ਰੂਰ ਮੁਲਾਂਕਣ ਕਰਵਾਉਣਾ ਚਾਹੀਦਾ ਹੈ।
ਇਸ ਪ੍ਰਕਾਰ ਕੌਮਾਂਤਰੀ ਪੱਧਰ 'ਤੇ ਮਨਾਇਆ ਜਾਣ ਵਾਲਾ ਬਾਲ ਪੁਸਤਕ ਦਿਵਸ ਜਿੱਥੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਦੁਨੀਆ ਦੀ ਚਕਾਚੌਂਧ 'ਚ ਗੁਆਚਣ ਤੋਂ ਖ਼ਬਰਦਾਰ ਕਰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਕਿਤਾਬੀ ਸੰਸਾਰ ਨਾਲ ਜੁੜ ਕੇ ਪੁਸਤਕਾਂ ਨਾਲ ਇਕ ਵਫ਼ਾਦਾਰ ਸਾਥੀ ਵਜੋਂ ਦੋਸਤੀ ਦਾ ਹੱਥ ਵਧਾਉਣ ਲਈ ਵੀ ਉਤਸ਼ਾਹਿਤ ਕਰਦਾ ਹੈ। ਬੱਚਿਆਂ ਅਤੇ ਪੁਸਤਕਾਂ ਦੀ ਦੋਸਤੀ ਕਦੇ ਟੁੱਟਣੀ ਨਹੀਂ ਚਾਹੀਦੀ।

-(ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ, ਸਟੇਟ ਐਵਾਰਡੀ)
ਸਾਹਮਣੇ ਪੰਜਾਬੀ ਯੂਨੀਵਰਸਿਟੀ, ਪਟਿਆਲਾ-147002
ਮੋਬਾਈਲ : 98144-23703

ਪਿਛਲੀ ਖ਼ਬਰ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ, ਫ਼ਸਲਾਂ 'ਤੇ ਮੰਡਰਾਇਆ ਖ਼ਤਰਾ ਅਗਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਤੇ ਪੰਜਾਬ ਦਾ ਦਾਅਵਾ-2

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।