28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਦੁਨੀਆ ਨੂੰ ਤਬਾਹ ਕਰ ਸਕਦਾ ਹੈ ਡੋਨਾਲਡ ਟਰੰਪ ਦਾ ਜੰਗੀ ਜਨੂੰਨ

ਅਜੀਤ ਡੈਸਕ 02-04-2026

ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਵਿਰੁੱਧ ਛੇੜੀ ਜੰਗ ਦਾ ਵਿਰੋਧ ਕਰਨ ਲਈ ਅਮਰੀਕਾ ਵਿਚ 29 ਮਾਰਚ ਨੂੰ 80 ਲੱਖ ਤੋਂ ਵੱਧ ਲੋਕ 'ਨੋ ਕਿੰਗਜ਼ ਰੈਲੀ' ਦੇ ਰੂਪ ਵਿਚ 3,300 ਥਾਵਾਂ 'ਤੇ ਇਕੱਠੇ ਹੋਏ। ਪੂਰੇ ਅਮਰੀਕਾ ਵਿਚ ਵੱਡੀ ਗਿਣਤੀ 'ਚ ਇੱਕਠੇ ਹੋਏ ਇਹ ਲੋਕ ਈਰਾਨ ਵਿਰੁੱਧ ਜੰਗ ਸ਼ੁਰੂ ਕਰਨ ਤੋਂ ਨਾਰਾਜ਼ ਹਨ ਅਤੇ ਇਸ ਨੂੰ ਟਰੰਪ ਦੀ ਮਨਮਰਜ਼ੀ ਦੱਸ ਰਹੇ ਹਨ। ਲੋਕ ਈਰਾਨ ਯੁੱਧ ਤੋਂ ਇਲਾਵਾ ਟਰੰਪ ਦੇ ਸਖ਼ਤ ਇਮੀਗ੍ਰੇਸ਼ਨ ਕਾਨੂੰਨਾਂ ਤੇ ਮਹਿੰਗਾਈ ਨੂੰ ਲੈ ਕੇ ਵੀ ਬਹੁਤ ਨਾਰਾਜ਼ ਹਨ ਅਤੇ ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਅਮਰੀਕਾ ਵਿਚ ਇਸ ਤੋਂ ਪਹਿਲਾਂ ਵੀ ਈਰਾਨ ਯੁੱਧ ਵਿਰੁੱਧ ਕਈ ਵਿਰੋਧ ਪ੍ਰਦਰਸ਼ਨ ਹੋਏ ਹਨ, ਪਰ ਐਤਵਾਰ ਦਾ ਇਹ ਪ੍ਰਦਰਸ਼ਨ ਹੈਰਾਨੀਜਨਕ ਸੀ। ਅਮਰੀਕੀਆਂ ਤੋਂ ਪ੍ਰੇਰਿਤ ਹੋ ਕੇ ਹੁਣ ਯੂਰਪ ਦੇ ਕਈ ਹਿੱਸਿਆਂ ਦੇ ਲੋਕ ਵੀ ਇਸ ਜੰਗ ਵਿਰੁੱਧ ਇਕਜੁੱਟ ਹੋ ਰਹੇ ਹਨ। ਇਸ ਜੰਗ ਦੇ 2 ਹਫ਼ਤਿਆਂ ਬਾਅਦ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਯੁੱਧ ਨੂੰ ਖਤਮ ਕਰਨ ਦਾ ਰਸਤਾ ਲੱਭ ਲਿਆ ਜਾਪਦਾ ਸੀ, ਪਰ ਈਰਾਨ ਦੇ ਪਲਟਵਾਰ ਤੋਂ ਖਿਝੇ ਟਰੰਪ ਤੇ ਨੇਤਨਯਾਹੂ ਨੇ ਇਸ ਨੂੰ ਇੱਜ਼ਤ ਦਾ ਮਸਲਾ ਬਣਾ ਕੇ ਆਪਣੀ ਸ਼ਰਮਿੰਦਗੀ ਨੂੰ ਘੱਟ ਕਰਨ ਲਈ ਹਰ ਕੀਮਤ 'ਤੇ ਈਰਾਨ ਨੂੰ ਤਬਾਹ ਕਰਨ ਲਈ ਆਪਣੀਆਂ ਨਵੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਯੁੱਧ ਸਿਰਫ਼ ਦੁਬਾਰਾ ਹੀ ਨਹੀਂ ਭੜਕਿਆ, ਸਗੋਂ ਇਸ ਦਾ ਦਾਇਰਾ ਹਰ ਬੀਤਦੇ ਘੰਟੇ ਨਾਲ ਵੱਡਾ ਤੇ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਜਦੋਂ ਇਜ਼ਰਾਈਲ ਨੇ 50 ਲੜਾਕੂ ਜਹਾਜ਼ਾਂ ਨਾਲ ਈਰਾਨੀ ਪ੍ਰਮਾਣੂ ਸਹੂਲਤਾਂ 'ਤੇ ਹਮਲਾ ਕਰ ਰਿਹਾ ਸੀ ਤਾਂ ਈਰਾਨ ਦੇ ਸਮਰਥਨ ਵਿਚ ਹੂਤੀ ਬਾਗ਼ੀ ਬੈਲਿਸਟਿਕ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਹਮਲਾ ਕਰਕੇ ਜੰਗ ਦੀ ਅੱਗ ਵਿਚ ਤੇਲ ਪਾ ਰਹੇ ਸਨ। ਪਹਿਲਾਂ ਜੰਗ ਖਤਮ ਹੋਣ ਦੇ ਜੋ ਆਸਾਰ ਬਣੇ ਸਨ, ਹੁਣ ਦੁੱਗਣੀ ਤੇਜ਼ੀ ਨਾਲ ਜੰਗ ਨੂੰ ਫੈਲਾਉਣ ਵਾਲੇ ਬਣ ਗਏ ਹਨ। ਇਸ ਯੁੱਧ ਦਾ ਸਭ ਤੋਂ ਡਰਾਉਣਾ ਸੰਕੇਤ ਇਹ ਹੈ ਕਿ ਰੂਸ 1 ਅਪ੍ਰੈਲ 2026 ਤੋਂ 4 ਮਹੀਨਿਆਂ ਲਈ ਪੈਟਰੋਲ ਨਿਰਯਾਤ 'ਤੇ ਪਾਬੰਦੀ ਲਗਾ ਰਿਹਾ ਹੈ, ਇਹ ਫ਼ੈਸਲਾ ਭਾਰਤ, ਚੀਨ, ਬ੍ਰਾਜ਼ੀਲ ਤੇ ਤੁਰਕੀ ਜਿਹੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਅਰਥਵਿਵਸਥਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਵਿਸ਼ਵਵਿਆਪੀ ਮੰਦੀ ਨੂੰ ਹੋਰ ਨੇੜੇ ਲਿਆਏਗਾ।
ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਆਪਣੇ ਊਰਜਾ ਮੰਤਰਾਲੇ ਨੂੰ 1 ਅਪ੍ਰੈਲ ਤੋਂ 31 ਜੁਲਾਈ 2026 ਤੱਕ ਪੈਟਰੋਲ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਦਕਿ ਰੂਸ ਦੇ ਇਸ ਫ਼ੈਸਲੇ ਤੋਂ ਪਹਿਲਾਂ ਹੀ ਦੁਨੀਆ ਦੀਆਂ 50 ਵੱਡੀਆਂ ਅਰਥਵਿਵਸਥਾਵਾਂ ਊਰਜਾ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਵੱਖ-ਵੱਖ ਗਲੋਬਲ ਏਜੰਸੀਆਂ ਨੇ 2026 ਲਈ ਆਰਥਿਕ ਵਿਕਾਸ ਦਰ ਨੂੰ 1 ਤੋਂ 1.25 ਫ਼ੀਸਦੀ ਤੱਕ ਘਟਾ ਦਿੱਤਾ ਸੀ, ਜਿਸ ਦਾ ਅਰਥ ਹੈ ਕਿ ਮੰਦੀ ਕਈ ਸਾਲਾਂ ਲਈ ਵਿਸ਼ਵ ਅਰਥਵਿਵਸਥਾ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਪਰ ਹੁਣ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਇਸ ਫ਼ੈਸਲੇ ਤੇ ਅਮਰੀਕਾ 'ਚ ਪਹਿਲਾਂ ਹੀ ਮਹਿੰਗਾਈ 1.5 ਫ਼ੀਸਦੀ ਤੱਕ ਵਧਣ ਕਰਕੇ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ 2026 ਤੱਕ ਗਲੋਬਲ ਜੀ.ਡੀ.ਪੀ. ਵਿਚ 10 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਦੀ ਕਮੀ ਆਵੇਗੀ। ਜੋ ਅਗਲੇ ਕਈ ਮਹੀਨਿਆਂ ਤੱਕ ਦੁਨੀਆ ਭਰ ਦੇ ਘੱਟੋ-ਘੱਟ 3 ਅਰਬ ਲੋਕਾਂ 'ਤੇ ਪ੍ਰਤੀ ਮਹੀਨਾ ਲਗਭਗ 5,000 ਤੋਂ 7,000 ਰੁਪਏ ਦਾ ਦਬਾਅ ਪਾਏਗੀ। ਇਹ ਬਹੁਤ ਖਤਰਨਾਕ ਹੈ, ਕਿਉਂਕਿ ਇਸ ਨਾਲ ਸਿਰਫ਼ ਪੂਰੀ ਵਿਸ਼ਵ ਅਰਥਵਿਵਸਥਾ ਦੇ ਪਟੜੀ ਤੋਂ ਉਤਰਨ ਦਾ ਖਦਸ਼ਾ ਹੀ ਨਹੀਂ, ਸਗੋਂ ਇਸ ਨਾਲ ਸਟਾਕ ਮਾਰਕੀਟ, ਪ੍ਰਾਪਰਟੀ ਮਾਰਕੀਟ ਤੇ ਸਰਾਫਾ ਬਾਜ਼ਾਰ ਵਿਚ ਲਗਾਤਾਰ ਗਿਰਾਵਟ ਆਉਣ ਦਾ ਸਪੱਸ਼ਟ ਸੰਕੇਤ ਮਿਲਦਾ ਹੈ। ਭਾਵੇਂ ਇਸ ਯੁੱਧ ਨੂੰ ਅਜੇ ਵਿਸ਼ਵ ਯੁੱਧ ਨਹੀਂ ਮੰਨਿਆ ਜਾ ਰਿਹਾ, ਪਰ ਇਸ ਦਾ ਆਰਥਿਕ ਕੁਪ੍ਰਭਾਵ ਤਾਂ ਪਹਿਲਾਂ ਹੀ ਵਿਸ਼ਵਵਿਆਪੀ ਹੋ ਚੁੱਕਾ ਹੈ। ਰੂਸ ਰੋਜ਼ਾਨਾ 1,20,000 ਤੋਂ 1,70,000 ਬੈਰਲ ਪੈਟਰੋਲ ਨਿਰਯਾਤ ਕਰਦਾ ਹੈ, ਜੋ ਬਹੁਤ ਸਾਰੀਆਂ ਉੱਭਰ ਰਹੀਆਂ ਅਰਥਵਿਵਸਥਾਵਾਂ ਦੀ ਊਰਜਾ ਜੀਵਨ ਰੇਖਾ ਹੈ। ਅਜਿਹੀ ਸਥਿਤੀ ਵਿਚ ਰੂਸ ਵਲੋਂ ਪੈਟਰੋਲ ਨਿਰਯਾਤ ਨੂੰ ਰੋਕਣ ਨਾਲ ਇਨ੍ਹਾਂ ਅਰਥਵਿਵਸਥਾਵਾਂ 'ਤੇ ਗੰਭੀਰ ਪ੍ਰਭਾਵ ਪਵੇਗਾ। ਹਾਲਾਂਕਿ ਭਾਰਤ 'ਤੇ ਇਸ ਦਾ ਖਾਸ ਪ੍ਰਭਾਵ ਨਹੀਂ ਪਵੇਗਾ, ਕਿਉਂਕਿ ਅਸੀਂ ਪੈਟਰੋਲ ਦੀ ਬਜਾਏ ਕੱਚਾ ਤੇਲ ਆਯਾਤ ਕਰਦੇ ਹਾਂ।
ਰੂਸ ਵਲੋਂ ਖ਼ੁਦ ਲਈ ਵਧੇਰੇ ਪੈਟਰੋਲ ਬਚਾਉਣ ਦੀ ਨੀਤੀ ਤੋਂ ਸਪੱਸ਼ਟ ਹੈ ਕਿ ਉਹ ਆਪਣੇ ਕੱਚੇ ਤੇਲ ਦੀ ਜ਼ਿਆਦਾ ਵਰਤੋਂ ਕਰੇਗਾ। ਇਸ ਦਾ ਅਰਥ ਹੈ ਕਿ ਭਾਰਤ ਵੀ ਮੁਸੀਬਤ ਵਿਚ ਹੈ ਕਿਉਂਕਿ ਭਾਰਤ ਨੂੰ ਰੋਜ਼ਾਨਾ 56 ਲੱਖ ਬੈਰਲ ਕੱਚਾ ਤੇਲ ਸੋਧਣ ਲਈ ਲੋੜੀਂਦਾ ਹੈ, ਹੁਣ ਜੇਕਰ ਰੂਸ ਤੇਲ ਕੀਮਤਾਂ ਵਧਾਉਂਦਾ ਹੈ ਜਾਂ ਨਿਰਯਾਤ ਵਿਚ ਕਟੌਤੀ ਕਰਦਾ ਹੈ ਤਾਂ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਫਰਵਰੀ 2026 ਤੱਕ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਰੂਸ ਤੋਂ ਜ਼ਿਆਦਾ ਕੱਚਾ ਤੇਲ ਆਯਾਤ ਕਰ ਰਿਹਾ ਸੀ। ਰੂਸੀ ਤੇਲ ਦੇ ਤਿੰਨ ਸਭ ਤੋਂ ਵੱਡੇ ਖਰੀਦਦਾਰ ਚੀਨ, ਭਾਰਤ ਤੇ ਤੁਰਕੀ ਹਨ, ਜੋ ਦੁਨੀਆ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਾਲੀਆਂ ਮੋਹਰੀ ਅਰਥਵਿਵਸਥਾਵਾਂ ਵੀ ਹਨ। ਚੀਨ ਰੂਸ ਤੋਂ 63,100 ਕਰੋੜ ਰੁਪਏ ਤੇ ਭਾਰਤ ਲਗਭਗ 23,000 ਕਰੋੜ ਦਾ ਤੇਲ ਆਯਾਤ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਰੂਸੀ ਤੇਲ ਇਨ੍ਹਾਂ ਦੋ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਅਰਥਵਿਵਸਥਾਵਾਂ ਨੂੰ ਸ਼ਕਤੀ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਈਰਾਨ ਲਗਭਗ 30 ਦਿਨਾਂ ਦੀ ਬੰਬਾਰੀ ਨਾਲ ਲਗਭਗ ਤਬਾਹ ਹੋ ਗਿਆ ਹੈ। ਹਾਲਾਂਕਿ ਫ਼ੌਜੀ ਪਲਟਵਾਰ ਕਰਨ ਲਈ ਉਸ ਦਾ ਜਜ਼ਬਾ ਤੇ ਦ੍ਰਿੜ੍ਹ ਵਿਸ਼ਵਾਸ ਅਜੇ ਵੀ ਪੂਰੀ ਤਰ੍ਹਾਂ ਨਾਲ ਕਾਇਮ ਹੈ, ਜਿਸ ਨਾਲ ਉਹ ਇਸ ਯੁੱਧ ਦਾ ਮੁਕਾਬਲਾ ਤਾਂ ਕਰਦਾ ਰਹੇਗਾ, ਪਰ ਉਹ ਇਜ਼ਰਾਈਲ ਤੇ ਅਮਰੀਕਾ ਨੂੰ ਫ਼ੈਸਲਾਕੁੰਨ ਹਾਰ ਨਹੀਂ ਦੇ ਸਕਦਾ। ਹਾਲਾਂਕਿ ਇਹ ਜੰਗ ਨਾ ਸਿਰਫ਼ ਈਰਾਨ ਨੂੰ ਸਗੋਂ ਅਮਰੀਕਾ ਤੇ ਇਜ਼ਰਾਈਲ ਆਦਿ ਦੋਵੇਂ ਦੇਸ਼ਾਂ ਦੀ ਆਰਥਿਕਤਾ ਨੂੰ ਜ਼ਰੂਰ ਭਾਰੀ ਨੁਕਸਾਨ ਪਹੁੰਚਾਏਗੀ। ਪੂਰੀ ਦੁਨੀਆ ਨੂੰ ਹੀ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਮਰੀਕਾ 28 ਮਾਰਚ ਤੱਕ ਈਰਾਨ 'ਤੇ 850 ਤੋਂ ਵੱਧ ਟੌਮ ਹਾਕ ਕਰੂਜ਼ ਮਿਜ਼ਾਈਲਾਂ ਦਾਗ ਚੁੱਕਾ ਸੀ ਅਤੇ ਇਸ ਤੋਂ ਵੱਧ ਮਿਜ਼ਾਈਲਾਂ ਤੇ ਬੰਬ ਇਜ਼ਰਾਈਲ ਨੇ ਈਰਾਨ 'ਤੇ ਦਾਗੇ ਹਨ। ਇਸ ਯੁੱਧ ਦੌਰਾਨ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਹਥਿਆਰਾਂ ਤੇ ਗੋਲਾ ਬਾਰੂਦ ਦੀ ਅਮਰੀਕਾ ਨੂੰ ਭਾਰੀ ਕਮੀ ਹੋ ਗਈ ਹੈ। ਭਾਵੇਂ ਇਜ਼ਰਾਈਲ ਜਨਤਕ ਤੌਰ 'ਤੇ ਸਵੀਕਾਰ ਨਾ ਕਰੇ, ਪਰ ਈਰਾਨ ਵਲੋਂ ਦਲੇਰੀ ਨਾਲ ਕੀਤੇ ਗਏ ਮੁਕਾਬਲੇ ਕਾਰਨ ਆਰਥਿਕ ਤੌਰ 'ਤੇ ਉਹ ਵੀ ਤਬਾਹ ਹੋ ਚੁੱਕਾ ਹੈ।
ਹੁਣ ਸਥਿਤੀ ਇਸ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਈਰਾਨ ਇਸ ਯੁੱਧ ਦਾ ਬਿਰਤਾਂਤ (ਨੈਰੇਟਿਵ) ਅਮਰੀਕਾ ਤੇ ਇਜ਼ਰਾਈਲ ਦੇ ਹਾਰਨ ਤੇ ਜੰਗਬੰਦੀ ਦਾ ਰਸਤਾ ਲੱਭਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਆਲੇ-ਦੁਆਲੇ ਸੈੱਟ ਕਰ ਰਿਹਾ ਹੈ। ਜਿਸ ਕਰਕੇ ਇਹ ਦੋਵੇਂ ਦੇਸ਼ ਭੜਕ ਗਏ ਹਨ ਅਤੇ ਗੁੱਸੇ ਵਿਚ ਕਿਸੇ ਵੀ ਕੀਮਤ 'ਤੇ ਆਪਣੀ ਸ਼ਰਮਿੰਦਗੀ ਨੂੰ ਘਟਾਉਣ ਲਈ ਆਪਣੇ ਨਾਲ ਸਾਰੀ ਦੁਨੀਆ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਚੀਨ, ਰੂਸ, ਭਾਰਤ ਤੇ ਬ੍ਰਾਜ਼ੀਲ ਨੂੰ ਇਸ ਯੁੱਧ ਨੂੰ ਰੁਕਵਾਉਣ ਲਈ ਪੂਰੀ ਸਰਗਰਮੀ ਨਾਲ ਦਖਲ ਦੇਣਾ ਪਵੇਗਾ, ਨਹੀਂ ਤਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਅਗਲੇ ਕਈ ਸਾਲਾਂ ਲਈ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਂਝ ਵੀ ਇਕ ਅਨੁਮਾਨ ਅਨੁਸਾਰ ਜੇਕਰ ਅੱਜ ਵੀ ਇਹ ਯੁੱਧ ਬੰਦ ਹੋ ਜਾਂਦਾ ਹੈ ਤਾਂ ਵੀ ਇਸ ਯੁੱਧ 'ਚ ਸਿੱਧੇ ਤੌਰ 'ਤੇ ਸ਼ਾਮਿਲ ਇਨ੍ਹਾਂ 3 ਦੇਸ਼ਾਂ ਤੋਂ ਇਲਾਵਾ ਅੱਧਾ ਦਰਜਨ ਹੋਰ ਦੇਸ਼ਾਂ ਦੀ ਅਰਥਵਿਵਸਥਾ ਨੂੰ ਵੀ ਅਸਿੱਧੇ ਤੌਰ 'ਤੇ ਹੁਣ ਤੱਕ 30 ਟ੍ਰਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਇਸ ਯੁੱਧ ਵਿਚ ਇਕ ਅਮਰੀਕਾ ਪਹਿਲਾਂ ਹੀ ਕੁਰਬਾਨ ਹੋ ਚੁੱਕਾ ਹੈ (ਅਮਰੀਕੀ ਅਰਥਵਿਵਸਥਾ 30 ਟ੍ਰਿਲੀਅਨ ਡਾਲਰ ਦੀ ਹੈ) ਅਤੇ ਜੇਕਰ ਯੁੱਧ ਤੁਰੰਤ ਨਾ ਰੁਕਿਆ ਤਾਂ ਅਗਲੇ ਕੁਝ ਮਹੀਨਿਆਂ ਵਿਚ ਬਹੁਤ ਸਾਰੇ ਹੋਰ ਅਮਰੀਕਾ ਵੀ ਸੁਆਹ ਹੋ ਜਾਣਗੇ, ਜਿਸ ਦੀ ਭਰਪਾਈ ਦੁਨੀਆ ਨੂੰ ਦਹਾਕਿਆਂ ਤੱਕ ਕਰਨੀ ਪਏਗੀ।
-(ਲੇਖਕ ਇਮੇਜ ਰਿਫਲੈਕਸ਼ਨ ਸੈਂਟਰ 'ਚ ਇਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ ਦਾ ਸੀਨੀਅਰ ਸੰਪਾਦਕ ਹੈ।)

ਪਿਛਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਤੇ ਪੰਜਾਬ ਦਾ ਦਾਅਵਾ-2 ਅਗਲੀ ਖ਼ਬਰ ਕਣਕ ਦਾ ਮੰਡੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।