21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗੰਭੀਰ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਪੰਜਾਬ

ਅਜੀਤ ਡੈਸਕ 01-04-2026

ਪੰਜਾਬ ਅਣਖੀਲੇ ਯੋਧਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰੀ ਕ੍ਰਾਂਤੀ ਸਮੇਤ ਹਰ ਖੇਤਰ ਵਿਚ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ। ਪਰ ਅੱਜ ਪੰਜਾਬ ਗੰਭੀਰ ਸੰਕਟਾਂ ਦੇ ਦੌਰ 'ਚੋਂ ਲੰਘ ਰਿਹਾ ਹੈ, ਜਿੱਥੇ ਰੋਜ਼ਾਨਾ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਕਾਰਨ ਦਿਲ ਦਹਿਲ ਉੱਠਦਾ ਹੈ। ਸਿਆਸੀ ਪਾਰਟੀਆਂ ਸੂਬੇ ਦੀ ਬਿਹਤਰੀ ਦੀ ਬਜਾਏ ਆਪਣੀ ਵੋਟ ਦੀ ਰਾਜਨੀਤੀ ਨੂੰ ਸਾਧਣ ਵਿਚ ਲੱਗੀਆਂ ਹੋਈਆਂ ਹਨ। ਇਕ-ਦੂਜੇ 'ਤੇ ਇਲਜ਼ਾਮ ਲਗਾਉਂਦਿਆ ਚਿੱਕੜ ਉਛਾਲਣ ਦੀ ਰਾਜਨੀਤੀ ਹੇਠਲੇ ਪੱਧਰ ਤੱਕ ਚਲੀ ਗਈ ਹੈ, ਪਰ ਬੇਸ਼ੁਮਾਰ ਸਮੱਸਿਆਵਾਂ ਤੇ ਅਹਿਮ ਮਸਲਿਆਂ ਨੂੰ ਹੱਲ ਕਰਨ ਵੱਲ ਨਾ ਕਿਸੇ ਦਾ ਧਿਆਨ ਹੈ ਤੇ ਨਾ ਹੀ ਕੋਈ ਢੁਕਵੀਂ ਯੋਜਨਾ ਬਣਾਈ ਜਾ ਰਹੀ। ਪੰਜਾਬ ਦਾ ਪਾਣੀਆਂ ਦਾ ਮੁੱਦਾ ਪਿਛਲੇ ਲੰਮੇ ਅਰਸੇ ਤੋਂ ਲਟਕਿਆ ਪਿਆ ਹੈ, ਹੁਣ ਤਾਂ ਸੁਪਰੀਮ ਕੋਰਟ ਨੇ ਵੀ ਦੋਵਾਂ ਸੂਬਿਆਂ- ਪੰਜਾਬ ਤੇ ਹਰਿਆਣਾ ਨੂੰ ਆਪਸੀ ਗੱਲਬਾਤ ਨਾਲ ਮਸਲੇ ਦਾ ਹੱਲ ਲੱਭਣ ਲਈ ਕਹਿ ਕੇ ਆਪਣਾ ਪੱਲਾ ਛੁਡਾ ਰਿਹਾ ਹੈ। ਸੂਬੇ 'ਚ ਰੋਜ਼ਾਨਾ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੌਰਾਨ ਵਪਾਰੀਆਂ, ਰਸੂਖਦਾਰ ਪਰਿਵਾਰਾਂ ਤੇ ਨਾਮਵਰ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਨਿੱਤ ਹੁੰਦੇ ਮੁਕਾਬਲਿਆਂ ਤੇ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਸੂਬੇ ਦੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦਿਨ-ਦਿਹਾੜੇ ਗੋਲੀਆਂ ਚੱਲ ਰਹੀਆਂ ਹਨ, ਰਾਹ ਜਾਂਦੀਆਂ ਔਰਤਾਂ ਝਪਟਮਾਰਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਸੁਰੱਖਿਅਤ ਨਹੀਂ ਹਨ।
ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਦੇਸ਼ ਦਾ ਅੰਨ ਭੰਡਾਰ ਭਰਨ ਵਿਚ ਉਹ ਹਮੇਸ਼ਾ ਸਭ ਤੋਂ ਮੋਹਰੀ ਰਹੇ ਹਨ। ਪਰ ਫਸਲਾਂ ਦੇ ਵੱਧ ਝਾੜ ਲੈਣ ਦੇ ਲਾਲਚ ਵਿਚ ਉਨ੍ਹਾਂ ਅੰਨ੍ਹੇਵਾਹ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡਾ ਖੋਰਾ ਲਗਾ ਲਿਆ ਹੈ। ਵਧੇਰੇ ਖਾਦਾਂ ਤੇ ਕੀਟਨਾਸ਼ਕਾਂ ਨਾਲ ਤਿਆਰ ਹੋਏ ਅਨਾਜ ਨੂੰ ਖਾਣ ਕਾਰਨ ਸੂਬੇ ਦੇ ਲੋਕ ਤੇ ਪਸ਼ੂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗੇ ਹਨ। ਧਰਤੀ ਹੇਠਲੇ ਪਾਣੀ ਅਤੇ ਕੀਟਨਾਸ਼ਕਾਂ ਤੇ ਖਾਦਾਂ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਕਾਰਨ ਧਰਤੀ ਹੇਠਲਾ ਪਾਣੀ ਨੀਵਾਂ ਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਸਰਕਾਰ ਵਲੋਂ ਸਿਰਫ਼ ਝੋਨੇ ਤੇ ਕਣਕ 'ਤੇ ਐਮ.ਐੱਸ.ਪੀ. ਦਿੱਤੇ ਜਾਣ ਕਾਰਨ ਪੰਜਾਬ 'ਚ ਖੇਤੀ ਵਿਭਿੰਨਤਾ ਪ੍ਰਭਾਵੀ ਤੌਰ 'ਤੇ ਲਾਗੂ ਨਹੀਂ ਹੋ ਸਕੀ ਅਤੇ ਕਿਸਾਨ ਫਸਲੀ ਚੱਕਰ 'ਚੋਂ ਬਾਹਰ ਨਹੀਂ ਨਿਕਲ ਸਕੇ। ਭਾਵੇਂ ਮਾਹਿਰਾਂ ਵਲੋਂ ਵਾਰ-ਵਾਰ ਕਿਸਾਨਾਂ ਨੂੰ ਮੱਕੀ, ਸਬਜ਼ੀਆਂ ਤੇ ਬਾਗਬਾਨੀ ਹੇਠ ਜ਼ਮੀਨ ਦਾ ਰਕਬਾ ਵਧਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਨ੍ਹਾਂ ਲਈ ਮੰਡੀਕਰਨ ਦੀ ਢੁਕਵੀਂ ਵਿਵਸਥਾ ਨਾ ਹੋਣ ਕਾਰਨ ਖੇਤੀ ਵਿਭਿੰਨਤਾ ਨੂੰ ਬਹੁਤਾ ਹੁਲਾਰਾ ਨਹੀਂ ਮਿਲ ਸਕਿਆ। ਪੰਜਾਬ ਦਾ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਪਹਿਲਾਂ ਪਿੰਡਾਂ ਵਿਚ ਹਰੇਕ ਜ਼ਿਮੀਂਦਾਰ ਦੇ ਖੇਤਾਂ ਵਿਚ ਲੱਗੇ ਟਿਊਬਵੈੱਲਾਂ 'ਤੇ 5-7 ਫਲਦਾਰ ਜਾਂ ਛਾਂ ਵਾਲੇ ਦਰੱਖ਼ਤ ਆਮ ਹੁੰਦੇ ਸਨ। ਲੋਕਾਂ ਦੇ ਘਰਾਂ, ਹਵੇਲੀਆਂ, ਸੜਕਾਂ ਤੇ ਖੇਤਾਂ ਵਿਚ ਦਰੱਖ਼ਤਾਂ ਦੀ ਭਰਮਾਰ ਹੁੰਦੀ ਸੀ, ਪਰ ਅੱਜਕਲ੍ਹ ਖੇਤਾਂ 'ਚ ਮੋਟਰ ਵਾਲੇ ਛੋਟੇ ਕੋਠਿਆਂ ਤੇ ਘਰਾਂ 'ਚ ਕੋਈ ਦਰੱਖ਼ਤ ਨਜ਼ਰ ਨਹੀਂ ਆਉਂਦਾ।
ਭਾਵੇਂ ਵਾਤਾਵਰਨ ਨੂੰ ਸੰਤੁਲਿਤ ਕਰਨ ਲਈ ਹਰ ਸਾਲ ਬਰਸਾਤਾਂ 'ਚ ਨਵੇਂ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਚੰਗੀ ਤਰ੍ਹਾਂ ਸਾਂਭ-ਸੰਭਾਲ ਨਾ ਹੋਣ ਕਰਕੇ ਬਹੁਤੇ ਬੂਟੇ ਮਰ ਜਾਂਦੇ ਹਨ। ਕਿਸਾਨਾਂ ਵਲੋਂ ਹਰ ਸਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਕਰਕੇ ਜ਼ਹਿਰੀਲਾ ਧੂੰਆਂ ਵਾਤਾਵਰਨ ਨੂੰ ਬਹੁਤ ਪਲੀਤ ਕਰ ਦਿੰਦਾ ਹੈ, ਇਸ ਦੌਰਾਨ ਕਈ ਵਾਰ ਗੰਭੀਰ ਹਾਦਸੇ ਵੀ ਵਾਪਰ ਜਾਂਦੇ ਹਨ। ਉਦਯੋਗਿਕ ਇਕਾਈਆਂ ਤੇ ਬੇਸ਼ੁਮਾਰ ਵਾਹਨਾਂ ਵਲੋਂ ਜ਼ਹਿਰੀਲੇ ਧੂੰਏਂ ਨਾਲ ਵਾਤਾਵਰਨ ਨੂੰ ਪਲੀਤ ਕਰਨ ਵਿਚ ਪਾਏ ਜਾਂਦੇ ਯੋਗਦਾਨ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਪਰ ਸਰਕਾਰਾਂ ਕਿਸਾਨਾਂ ਨੂੰ ਹੀ ਵਾਤਾਵਰਨ ਦੇ ਦੁਸ਼ਮਣ ਮੰਨ ਕੇ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਵਿਚ 'ਰੈੱਡ ਐਂਟਰੀ' ਕਰਨ ਦੇ ਰਾਹ ਤੁਰ ਪਈਆਂ ਹਨ। ਪੰਜਾਬ ਹਮੇਸ਼ਾ ਭਾਈਚਾਰਕ ਸਾਂਝੀਵਾਲਤਾ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਰਿਹਾ ਹੈ। ਪਰ ਹੁਣ ਬਦਲਦੇ ਮਾਹੌਲ ਤੇ ਸਮਾਜਿਕ ਕੁਰੀਤੀਆਂ ਦੇ ਦੌਰ ਵਿਚ ਖੂਨ ਦੇ ਰਿਸ਼ਤਿਆਂ ਵਿਚ ਵੀ ਪਹਿਲਾਂ ਜਿਹਾ ਨਿੱਘ ਤੇ ਸਤਿਕਾਰ ਨਹੀਂ ਰਿਹਾ ਹੈ। ਹੁਣ ਤਾਂ ਕਈ ਥਾਵਾਂ 'ਤੇ ਪੁੱਤਰਾਂ ਵਲੋਂ ਆਪਣੇ ਮਾਂ-ਬਾਪ ਨੂੰ ਬੇਰਹਿਮੀ ਨਾਲ ਮਾਰ ਦੇਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਸਕੇ ਭਰਾ ਦੁਸ਼ਮਣ ਬਣ ਕੇ ਇਕ-ਦੂਜੇ ਦੇ ਹੱਕ ਖੋਹ ਰਹੇ ਹਨ। ਔਰਤਾਂ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀਆਂ ਨੂੰ ਮਰਵਾ ਰਹੀਆਂ ਹਨ। ਮਾਵਾਂ ਵਲੋਂ ਆਪਣੇ ਹੀ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਗੁਰੂਆਂ ਦੇ ਨਾਂਅ 'ਤੇ ਵਸਦਾ ਪੰਜਾਬ ਪਤਾ ਨਹੀਂ ਕਿਉਂ ਮਾੜੇ ਪਾਸੇ ਵੱਲ ਤੁਰ ਪਿਆ ਹੈ। ਪੰਜਾਬ ਵਿਚ ਮੁੜ ਖੁਸ਼ੀਆਂ ਤੇ ਖੇੜੇ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਸੁਹਿਰਦ ਤੇ ਇਕਜੁੱਟ ਹੋਣਾ ਪਵੇਗਾ, ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਤੇ ਰੰਗਲਾ ਪੰਜਾਬ ਬਣਾ ਸਕਾਂਗੇ।

-ਮੁਹਾਲੀ।
ਮੋਬਾਈਲ : 78889-66168

ਪਿਛਲੀ ਖ਼ਬਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ-ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਕਾਰ ਹੀ ਹੈ ਮੁੱਖ ਮੁਕਾਬਲਾ ਅਗਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਤੇ ਪੰਜਾਬ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।