ਪੱਛਮੀ ਬੰਗਾਲ ਦੇ 74 ਸਾਲ ਦੇ ਚੋਣ ਇਤਿਹਾਸ 'ਚ ਪਹਿਲੀ ਵਾਰ ਦੋ ਗੇੜਾਂ 'ਚ ਵੋਟਾਂ ਪੈਣਗੀਆਂ। ਇਸਦੇ ਨਾਲ ਹੀ ਇਹ ਵੀ ਪਹਿਲੀ ਵਾਰ ਹੈ ਕਿ ਐਸ.ਆਈ.ਆਰ. ਕਾਰਨ ਇਕ ਕਰੋੜ ਤੋਂ ਵੱਧ ਵੋਟਰਾਂ ਨੂੰ ਉਮੀਦ ਨਹੀਂ ਹੈ ਕਿ ਉਹ ਮਤਦਾਨ ਕਰ ਸਕਣਗੇ ਜਾਂ ਨਹੀਂ। ਮਮਤਾ ਬੈਨਰਜੀ ਦੀ ਅਗਵਾਈ 'ਚ ਨਵੀਂ ਰਾਜਨੀਤਕ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਬਣਨ ਤੋਂ 13 ਸਾਲ ਬਾਅਦ 34 ਸਾਲਾਂ ਤੋਂ ਚੱਲੇ ਆ ਰਹੇ ਖੱਬੇ ਮੋਰਚੇ ਦੇ ਰਾਜ ਨੂੰ ਖ਼ਤਮ ਕਰਨ 'ਚ ਸਫਲਤਾ ਮਿਲੀ ਸੀ। 2011 'ਚ ਭਾਰਤੀ ਜਨਤਾ ਪਾਰਟੀ ਨੇ 289 ਸੀਟਾਂ 'ਤੇ ਚੋਣ ਲੜ ਕੇ ਸਿਰਫ਼ 2.13 ਫੀਸਦੀ ਵੋਟ ਹਾਸਿਲ ਕੀਤੇ ਸਨ। ਐਪਰ ਵਿਧਾਨ ਸਭਾ 'ਚ ਖਾਤਾ ਨਹੀਂ ਖੁੱਲ੍ਹਿਆ ਸੀ। ਪਹਿਲੀ ਵਾਰ 2016 'ਚ ਪਾਰਟੀ 3 ਸੀਟਾਂ ਜਿੱਤਣ 'ਚ ਸਫ਼ਲ ਰਹੀ ਸੀ ਅਤੇ ਹੁਣ ਉਹ ਮਮਤਾ ਬੈਨਰਜੀ ਦੀ 15 ਸਾਲ ਪੁਰਾਣੀ ਸੱਤਾ ਨੂੰ ਚੁਣੌਤੀ ਦੇ ਰਹੀ ਹੈ। ਭਾਵੇਂ ਇਹ ਕੋਸ਼ਿਸ਼ 2021 'ਚ ਵੀ ਕੀਤੀ ਗਈ ਸੀ। ਪਰ ਸਫ਼ਲਤਾ ਨਹੀਂ ਸੀ ਮਿਲੀ।
ਪੱਛਮੀ ਬੰਗਾਲ ਦੇ ਰਾਜਨੀਤਕ ਇਤਿਹਾਸ ਵੱਲ ਮੁੜ ਕੇ ਵੇਖਣ 'ਚ ਸਾਫ਼ ਤੌਰ 'ਤੇ ਵਿਖਾਈ ਦਿੰਦਾ ਹੈ ਕਿ ਇਥੇ ਸਿਰਫ਼ ਦੋ ਪਾਰਟੀਆਂ 'ਚ ਹੀ ਮੁਕਾਬਲਾ ਹੁੰਦਾ ਹੈ। ਪਹਿਲਾਂ ਕਾਂਗਰਸ ਅਤੇ ਕਮਿਊਨਿਸਟ, ਬਾਅਦ 'ਚ ਕਮਿਊਨਿਸਟ ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਹੁਣ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ 'ਚ ਮੁਕਾਬਲਾ ਹੋ ਰਿਹਾ ਹੈ। 2011 'ਚ 184, 2016 'ਚ 221 ਅਤੇ 2021 'ਚ 215 ਸੀਟਾਂ ਜਿੱਤਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦਾ ਦਾਅਵਾ ਹੈ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ਵਿਚ ਉਹ 294 'ਚੋਂ 250 ਸੀਟਾਂ ਜਿੱਤਣ 'ਚ ਸਫਲ ਹੋਵੇਗੀ। ਖੱਬੇ ਮੋਰਚਾ ਦੇ ਮੁੱਖ ਪੱਤਰ ਗਣਸ਼ਕਤੀ ਨੇ ਭਾਵੇਂ ਓਪੀਨੀਅਨ ਪੋਲ ਕਰ ਕੇ ਕਮਿਊਨਿਸਟਾਂ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਖੱਬਾ ਮੋਰਚੇ ਨੂੰ 170, ਤ੍ਰਿਣਮੂਲ ਕਾਂਗਰਸ ਨੂੰ 75, ਭਾਜਪਾ ਨੂੰ 45 ਅਤੇ ਹੋਰਨਾਂ ਪਾਰਟੀਆਂ ਨੂੰ 4 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਪਰ ਮੁੱਖ ਤੌਰ 'ਤੇ ਮੁਕਾਬਲਾ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਹੀ ਹੈ ਅਤੇ ਪੰਜ ਸਾਲ ਪਹਿਲਾਂ ਵਾਂਗ ਕਮਿਊਨਿਸਟਾਂ ਅਤੇ ਕਾਂਗਰਸ ਨੂੰ ਖਾਤਾ ਖੋਲ੍ਹਣ ਲਈ ਜੀਅ ਜਾਨ ਨਾਲ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਇਸ ਵਾਰ ਬੰਗਾਲ 'ਚ ਮੁੱਖ ਮੁੱਦਾ ਐਸ.ਆਈ.ਆਰ. ਹੈ ਅਤੇ ਇਹ ਤੈਅ ਕਰੇਗਾ ਕਿ ਸੱਤਾ 'ਤੇ ਕੌਣ ਕਬਜ਼ਾ ਕਰੇਗਾ। ਸੱਤਾਧਾਰੀ ਪਾਰਟੀ ਵਲੋਂ ਦੋਸ਼ ਲਾਇਆ ਜਾਂਦਾ ਹੈ ਕਿ ਬੀਤੇ ਸਾਲਾਂ ਦੌਰਾਨ ਭਾਜਪਾ ਹਰ ਹੀਲਾ-ਵਸੀਲਾ ਵਰਤਣ ਤੋਂ ਬਾਅਦ ਵੀ ਮਮਤਾ ਦੇ ਕ੍ਰਿਸ਼ਮੇ ਸਾਹਮਣੇ ਫਿੱਕੀ ਪੈਂਦੀ ਰਹੀ ਹੈ, ਇਸ ਲਈ ਮਮਤਾ ਦੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਤੋਂ ਬਾਹਰ ਕਰਨ ਲਈ ਉਨ੍ਹਾਂ ਦੇ ਨਾਂਅ ਕੱਟਣੇ ਸ਼ੁਰੂ ਕਰ ਦਿੱਤੇ ਹਨ। 2025 ਦੀ ਵੋਟਰ ਲਿਸਟ 'ਚ 7,66,37,529 ਵੋਟਰ ਸਨ। ਐਸ.ਆਈ.ਆਰ. ਸ਼ੁਰੂ ਹੋਣ ਤੋਂ ਪਹਿਲਾਂ ਹੀ 63 ਲੱਖ ਵੋਟਰਾਂ ਦੇ ਨਾਂਅ ਕੱਟ ਕੇ ਡ੍ਰਾਫਟ ਵੋਟਰ ਲਿਸਟ ਜਾਰੀ ਕੀਤੀ ਗਈ। 28 ਫਰਵਰੀ ਨੂੰ ਫਾਈਨਲ ਵੋਟਰ ਲਿਸਟ 'ਚ 64452609 ਵੋਟਰਾਂ ਨੂੰ ਵੋਟਾਂ ਪਾਉਣ ਲਈ ਠੀਕ ਮੰਨਿਆ ਗਿਆ। 60 ਲੱਖ ਵੋਟਰਾਂ ਦੇ ਨਾਂਅ ਵਿਚਾਰਾਧੀਨ ਰੱਖੇ ਗਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਘੱਟੋ-ਘੱਟ 20 ਲੱਖ ਨਾਂਅ ਕੱਟੇ ਜਾਣਗੇ। ਚੋਣ ਕਮਿਸ਼ਨ ਨੇ ਦੱਸਿਆ ਕਿ ਹੁਣ ਤਕ 60 ਲੱਖ 'ਚੋਂ ਸਿਰਫ਼ 17 ਲੱਖ ਵੋਟਰਾਂ ਦੀ ਜਾਂਚ ਦਾ ਕੰਮ ਪੂਰਾ ਹੋਇਆ ਹੈ ਅਤੇ 9 ਅਪ੍ਰੈਲ ਤੱਕ ਵੱਧ ਤੋਂ ਵੱਧ 40 ਲੱਖ ਵੋਟਰਾਂ ਦੀ ਜਾਂਚ ਹੋ ਸਕੇਗੀ ਅਤੇ 20 ਲੱਖ ਵੋਟਰਾਂ ਦਾ ਨਾਂਅ ਵਿਚਾਰਾਧੀਨ ਹੀ ਰਹਿ ਜਾਵੇਗਾ।
ਪੰਜ ਸਾਲ ਪਹਿਲਾਂ 2021 'ਚ 166 ਸੀਟਾਂ 'ਤੇ ਹਾਰ-ਜਿੱਤ ਦਾ ਫਰਕ 25 ਹਜ਼ਾਰ ਵੋਟਾਂ ਤੋਂ ਘੱਟ ਸੀ। ਐਸ.ਆਈ.ਆਰ. ਤੋਂ ਬਾਅਦ ਹਰ ਸੀਟ 'ਤੇ ਘੱਟੋ-ਘੱਟ 40 ਤੋਂ ਲੈ ਕੇ 50 ਹਜ਼ਾਰ ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਫਾਈਨਲ ਵੋਟਰ ਲਿਸਟ 'ਚ ਕੋਲਕਾਤਾ ਦੇ ਜੋੜਾਸਾਂਕੂ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਗਿਣਤੀ 124,940 ਰਹਿ ਗਈ ਹੈ। ਪਹਿਲਾਂ 191,431 ਨਾਂਅ ਵੋਟਰ ਲਿਸਟ 'ਚ ਸਨ , 66,491 (34.7 ਫੀਸਦੀ) ਨਾਂਅ ਕੱਟੇ ਗਏ ਹਨ।
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਵਾਨੀਪੁਰ ਵਿਧਾਨ ਸਭਾ ਹਲਕੇ 'ਚ ਵੀ ਇਹੋ ਹਾਲਤ ਵਿਖਾਈ ਦੇ ਰਹੀ ਹੈ। ਨੰਦੀਗ੍ਰਾਮ 'ਚ ਮਮਤਾ ਬੈਨਰਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਭੇਂਦੂ ਅਧਿਕਾਰੀ ਇਸ ਵਾਰ ਨੰਦੀਗ੍ਰਾਮ ਦੇ ਨਾਲ ਭਵਾਨੀਪੁਰ ਤੋਂ ਵੀ ਚੋਣ ਲੜ ਰਹੇ ਹਨ। ਇਥੇ 41,068 (19.9 ਫੀਸਦੀ) ਵੋਟਰਾਂ ਦੇ ਨਾਂਅ ਕੱਟੇ ਜਾਣ ਤੋਂ ਬਾਅਦ 205,431 ਤੋ ਘਟ ਕੇ 164,363 ਵੋਟਰ ਰਹਿ ਗਏ ਹਨ।
ਲਗਾਤਾਰ 15 ਸਾਲ ਤੱਕ ਸੱਤਾ 'ਚ ਰਹਿਣ ਤੋਂ ਬਾਅਦ ਸਰਕਾਰ ਵਿਰੋਧੀ ਰੁਝਾਨ ਆਮ ਹੈ। ਪਰ ਮਮਤਾ ਦਾ ਕ੍ਰਿਸ਼ਮਾ, ਮਜ਼ਬੂਤ ਜਥੇਬੰਦੀ ਅਤੇ ਸਾਮਾਜਿਕ ਸੁਰਖਿਆ ਯੋਜਨਾਵਾਂ ਕਾਰਨ ਇਹ ਬੇਅਸਰ ਰਹਿੰਦਾ ਹੈ। 2 ਕਰੋੜ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ ਲੱਖੀ ਭੰਡਾਰ ਤਹਿਤ ਦਿੱਤੀ ਜਾਂਦੀ ਰਕਮ 1000 ਤੋਂ 1500, ਐਸਸੀ, ਐਸਟੀ ਲਈ 1200 ਤੋਂ 1700 ਰੁਪਏ, 84 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ 1500 ਰੁਪਏ ਮਹਿੰਗਾਈ ਭੱਤਾ, ਚੋਣ ਜ਼ਾਬਤਾ ਲਾਗੂ ਹੋਣ ਤੋਂ 55 ਮਿੰਟ ਪਹਿਲਾਂ 12 ਲੱਖ ਸਰਕਾਰੀ ਕਰਮਚਾਰੀਆਂ ਦਾ 10,468 ਕਰੋੜ 25 ਫੀਸਦੀ ਬਕਾਇਆ ਡੀ.ਏ. ਦੇਣ ਦੇ ਐਲਾਨ ਕਰਨ ਨਾਲ ਹੀ ਪੰਡਤਾਂ ਅਤੇ ਮੁਅੱਜਿਨਾਂ ਦਾ ਭੱਤਾ 1500 ਤੋਂ ਵਧਾ ਕੇ 2000 ਕਰਨ, ਮੌਲਵੀਆਂ ਦਾ ਭੱਤਾ ਪਹਿਲਾਂ ਹੀ ਵਧਾ ਕੇ 3000 ਰੁਪਏ ਕਰਨ ਨਾਲ ਵੋਟਰਾਂ ਦਾ ਨਾਰਾਜ਼ ਹਿੱਸਾ ਵੀ ਮਮਤਾ-ਮਮਤਾ ਕਰਦਾ ਵਿਖਾਈ ਦੇ ਰਿਹਾ ਹੈ।
ਭਾਜਪਾ ਦੇ ਹਿੰਦੂਤਵ ਦੇ ਜਵਾਬ 'ਚ ਬੰਗਾਲੀ ਮਾਣ-ਸਤਿਕਾਰ ਨੂੰ ਮੁੱਦਾ ਬਣਾ ਕੇ ਮਮਤਾ ਨੇ ਇਸ ਮੁੱਦੇ 'ਤੇ ਵੀ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮਮਤਾ ਦੇ ਕ੍ਰਿਸ਼ਮੇ ਦਾ ਮੁਕਾਬਲਾ ਕਰਨ ਲਈ ਬੰਗਾਲ 'ਚ ਭਾਜਪਾ ਦਾ ਕੋਈ ਆਗੂ ਨਹੀਂ ਹੈ। ਜਥੇਬੰਦੀ ਦੀ ਹਾਲਤ ਬਹੁਤ ਖਰਾਬ ਹੈ। ਤ੍ਰਿਣਮੂਲ ਨਾਲ ਲੜਨ ਦੀ ਥਾਂ ਪੁਰਾਣੇ ਭਾਜਪਾਈਆਂ ਅਤੇ ਦੂਜੀਆਂ ਪਾਰਟੀਆਂ 'ਚੋਂ ਆਉਣ ਵਾਲਿਆਂ ਵਿਚਕਾਰ ਘਸੁੰਨ-ਮੁੱਕੀ ਚਲਦੀ ਹੀ ਰਹਿੰਦੀ ਹੈ। ਸੁਭੇਂਦੂ ਅਧਿਕਾਰੀ ਨੂੰ ਨੰਦੀਗ੍ਰਾਮ ਅਤੇ ਭਵਾਨੀਪੁਰ ਤੋਂ ਖੜ੍ਹਾ ਕਰਨ ਅਤੇ ਦਿਲੀਪ ਘੋਸ਼ ਨੂੰ ਮੁੜ ਸਰਗਰਮ ਕਰਨ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪਾਰਟੀ ਅਧਿਕਾਰੀ ਨੂੰ ਉਸਦੀ ਥਾਂ ਵਿਖਾਉਣਾ ਚਾਹੁੰਦੀ ਹੈ। ਜੇਕਰ ਉਹ ਦੋਵੇਂ ਥਾਂਵਾਂ 'ਤੇ ਹਾਰ ਗਿਆ ਤਾਂ ਠੀਕ, ਜਿੱਤ ਗਿਆ ਤਾਂ ਬੱਲੇ-ਬੱਲੇ। ਭਾਜਪਾ ਮੋਦੀ ਦੇ ਚਿਹਰੇ, ਘੁਸਪੈਠੀਆਂ ਕਾਰਨ ਹਿੰਦੂ ਖਤਰੇ ਵਿਚ ਹੈ ਅਤੇ ਕੇਂਦਰੀ ਯੋਜਨਾਵਾਂ ਨੂੰ ਮਮਤਾ ਸਰਕਾਰ ਵਲੋਂ ਲਾਗੂ ਨਾ ਕਰਨ ਵਿਚ ਜਿੱਤਣ ਦੀ ਉਮੀਦ ਰੱਖਦੀ ਹੈ।
ਚੀਫ ਸਕੱਤਰ ਤੋਂ ਲੈ ਕੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਸਮੇਤ ਸਾਰੇ ਵੱਡੇ ਅਫਸਰਾਂ ਦੇ ਤਬਾਦਲੇ, ਰਾਜਪਾਲ ਨੂੰ ਹਟਾ ਕੇ ਨਵਾਂ ਰਾਜਪਾਲ ਥਾਪਣ ਨੂੰ ਤ੍ਰਿਣਮੂਲ ਜਿਥੇ ਭਾਜਪਾ ਦੀ ਸੋਚੀ-ਸਮਝੀ ਸਾਜਿਸ਼ ਦੱਸ ਰਹੀ ਹੈ, ਉੱਥੇ ਉੱਤਰ ਬੰਗਾਲ 'ਚ ਐਸ.ਆਈ.ਆਰ. ਕਾਰਨ ਮਤੁਆ ਫਿਰਕੇ ਦੇ ਲੱਖਾਂ ਵੋਟਰ ਕੱਟੇ ਜਾਣ ਦਾ ਨੁਕਸਾਨ ਭਾਜਪਾ ਨੂੰ ਅਤੇ ਘੱਟ ਗਿਣਤੀ ਮੁਸਲਮਾਨਾਂ ਦੇ ਵੋਟ ਕੱਟੇ ਜਾਣ ਦਾ ਨੁਕਸਾਨ ਤ੍ਰਿਣਮੂਲ ਨੂੰ ਭੁਗਤਣਾ ਪਵੇਗਾ।
-ਮੋਬਾਈਲ : 090384-13112