ਜਨਮ ਦਿਵਸ 'ਤੇ ਵਿਸ਼ੇਸ਼
29 ਮਾਰਚ 1849 ਈ. ਨੂੰ ਪੰਜਾਬ ਦੀ ਆਜ਼ਾਦ ਹਕੂਮਤ ਦਾ ਆਖਰੀ ਦਰਬਾਰ ਸਜਿਆ। ਨਾਬਾਲਗ ਦਲੀਪ ਸਿੰਘ ਆਖਰੀ ਵਾਰ ਇਸ ਦਿਨ ਤਖ਼ਤ 'ਤੇ ਬੈਠਾ। ਲਾਹੌਰ ਦੇ ਕਿਲ੍ਹੇ ਤੋਂ ਖ਼ਾਲਸਾ ਨਿਸ਼ਾਨ ਦਾ ਝੰਡਾ ਉਤਾਰ ਕੇ ਯੂਨੀਅਨ ਜੈੱਕ ਦਾ ਝੰਡਾ ਲਹਿਰਾਅ ਦਿੱਤਾ ਗਿਆ ਅਤੇ ਨਾਨਕਸ਼ਾਹੀ, ਹਰੀ ਸਿੰਘ ਤੇ ਗੁਰੂ ਗੋਬਿੰਦ ਸ਼ਾਹੀ ਸਿੱਕੇ ਬੰਦ ਕਰਕੇ ਅੰਗਰੇਜ਼ ਨੇ ਮੁਦਰਾ ਦੇ ਰੂਪ 'ਚ ਰੁਪਿਆ ਚਾਲੂ ਕਰ ਦਿੱਤਾ। ਇਸ ਦੇ ਨਾਲ ਹੀ ਪੰਜਾਬ ਰਾਜ 'ਤੇ ਗੁਲਾਮੀ ਅਤੇ ਜ਼ਿਆਦਤੀਆਂ ਦਾ ਦੌਰ ਸ਼ੁਰੂ ਹੋ ਗਿਆ। ਪੰਜਾਬ ਦੇ ਪ੍ਰਥਮ ਸੰਘਰਸ਼ ਸੁਤੰਤਰਤਾ ਸੰਗਰਾਮ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੇ 1837 ਈ. ਵਿਚ ਕੰਵਰ ਨੌਨਿਹਾਲ ਦੀ ਫੌਜ ਵਿਚ ਭਰਤੀ ਹੋਣ ਵੇਲੇ ਤੋਂ ਲੈ ਕੇ ਸਿੱਖ ਰਾਜ ਦਾ ਅੰਤ ਅਤੇ ਅੰਗਰੇਜ਼ੀ ਰਾਜ ਦੀਆਂ ਕੁਟਲਨੀਤੀਆਂ ਦਾ ਰਾਜ ਸ਼ੁਰੂ ਹੁੰਦਾ ਅੱਖੀਂ ਦੇਖਿਆ ਤੇ ਹੰਢਾਇਆ। ਦੇਸ਼ ਗੁਲਾਮ ਹੋਣ ਵਾਲੇ ਦਿਨ ਤੋਂ ਠੀਕ 8 ਸਾਲ 14 ਦਿਨ ਬਾਅਦ ਸਤਿਗੁਰੂ ਰਾਮ ਸਿੰਘ ਨੇ 12 ਅਪ੍ਰੈਲ 1857 ਈ. ਨੂੰ ਭੈਣੀ ਸਾਹਿਬ ਦੀ ਧਰਤੀ 'ਤੇ ਚਿੱਟਾ ਝੰਡਾ ਲਹਿਰਾ ਕੇ ਆਜ਼ਾਦੀ ਪ੍ਰਾਪਤੀ ਦਾ ਬਿਗਲ ਵਜਾ ਦਿੱਤਾ, ਜਿਸ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ 'ਚ ਫੈਲ ਗਈ। ਕੂਕਾ ਲਹਿਰ ਦੀ ਪ੍ਰਸਿੱਧੀ ਛੇਤੀ ਹੀ ਨਿਪਾਲ, ਕਸ਼ਮੀਰ, ਲਖਨਊ, ਹੈਦਰਾਬਾਦ, ਕਾਬੁਲ ਤੇ ਰੂਸ ਦਰਬਾਰ ਤੱਕ ਪਹੁੰਚ ਗਈ।
ਮਾਘ ਸੁਦੀ ਪੰਜਵੀਂ 3 ਫਰਵਰੀ 1816 ਈ. ਨੂੰ ਪਿਤਾ ਜੱਸਾ ਸਿੰਘ ਤੇ ਮਾਤਾ ਸਦਾ ਕੌਰ ਦੇ ਘਰ ਪਿੰਡ ਰਾਈਆ ਭੈਣੀ (ਲੁਧਿਆਣਾ) ਤਰਖਾਣ ਪਰਿਵਾਰ ਵਿਚ ਬਸੰਤ ਪੰਚਮੀ ਵਾਲੇ ਦਿਨ ਜਨਮੇ ਸਤਿਗੁਰੂ ਰਾਮ ਸਿੰਘ ਨੇ ਸਭ ਤੋਂ ਪਹਿਲਾਂ ਗੁਰਸਿੱਖੀ ਤੋਂ ਦੂਰ ਜਾ ਚੁੱਕੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਮਰਿਆਦਾ ਨਾਲ ਜੋੜਨਾ ਸ਼ੁਰੂ ਕੀਤਾ। ਪੁਰਾਤਨ ਮਹਾਂ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ ਉਨ੍ਹਾਂ ਨੇ 22 ਸੂਬੇ (ਉੱਚੇ-ਸੁੱਚੇ ਆਚਰਨ ਵਾਲੇ ਕੌਮ ਨੂੰ ਸਮਰਪਿਤ ਵਿਅਕਤੀ) ਨਿਯੁਕਤ ਕੀਤੇ। ਸਵਦੇਸ਼ੀ ਤੇ ਨਾ-ਮਿਲਵਰਤਨ ਦਾ ਸਫ਼ਲ ਹਥਿਆਰ ਵਰਤ ਕੇ ਉਨ੍ਹਾਂ ਨੇ ਆਪਣਾ ਡਾਕ ਪ੍ਰਬੰਧ, ਆਪਣੀ ਲਹਿਰ ਦੀ ਨਿਆਂ ਪ੍ਰਣਾਲੀ, ਸਵਦੇਸ਼ੀ, ਆਪਣੀ ਗੁਰਮੁਖੀ ਲਿਪੀ ਤੇ ਬੋਲੀ ਦਾ ਪ੍ਰਚਾਰ ਕੀਤਾ। ਔਰਤ ਨੂੰ ਮਰਦ ਦੇ ਬਰਾਬਰ ਦਾ ਰੁਤਬਾ ਦੇ ਕੇ ਬੀਬੀਆਂ ਨੂੰ ਅੰਮ੍ਰਿਤ ਛਕਾਇਆ, ਅਨੰਦ ਕਾਰਜ ਦੀ ਸਾਦੀ ਰਸਮ ਦਾ ਆਗਾਜ਼ ਕੀਤਾ। ਬਾਲ ਵਿਆਹ, ਕੁੜੀਆਂ ਮਾਰਨ, ਵੇਚਣ, ਵੱਟਾ ਕਰਨ ਵਾਲੇ ਨੂੰ ਸੰਗਤ ਵਿਚ ਨਾ ਵੜਨ ਦੇਣ ਦਾ ਹੁਕਮ ਦਿੱਤਾ। ਅੰਗਰੇਜ਼ ਰਾਜ ਦਾ ਅੰਤ ਕਰਕੇ ਉਨ੍ਹਾਂ ਨੇ ਸਿੱਖ ਸਵੈ-ਰਾਜ ਸਥਾਪਤ ਕਰਨ ਦੀ ਠਾਣ ਲਈ। ਉਨ੍ਹਾਂ ਨੇ ਕਸ਼ਮੀਰ 'ਚ ਸ. ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ 'ਕੂਕਾ ਰੈਜਮੈਂਟ' ਦੀ ਨੀਂਹ ਰੱਖੀ। ਸਤਿਗੁਰੂ ਰਾਮ ਸਿੰਘ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਹੈ। ਸੈਂਕੜੇ ਦੇਸ਼ ਭਗਤਾਂ, ਇਤਿਹਾਸਕਾਰਾਂ ਨੇ ਉਨ੍ਹਾਂ ਦੇ ਪਵਿੱਤਰ ਜੀਵਨ 'ਤੇ ਰੌਸ਼ਨੀ ਪਾਈ ਹੈ। ਅੰਗਰੇਜ਼ ਹੁਕਮਰਾਨਾਂ ਨੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਉਨ੍ਹਾਂ ਦੇ ਜੀਵਨ ਸਬੰਧੀ ਕੁਝ ਇਤਿਹਾਸਕ ਵਿਚਾਰ ਇਸ ਪ੍ਰਕਾਰ ਹਨ:-
(ਗੁਰੂ) ਰਾਮ ਸਿੰਘ ਸਿੱਖ ਦਾਰਸ਼ਨਿਕ, ਸੁਧਾਰਕ, ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਪ੍ਰਤੀ ਨਾ-ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।
-ਐਨਸਾਈਕਲੋਪੀਡੀਆ ਬ੍ਰਿਟੈਨਿਕਾ (ਭਾਗ-8, ਪੰਨਾ-142)
ਕੂਕਾ ਲਹਿਰ ਦੇ ਬਾਨੀ ਸ੍ਰੀ ਗੁਰੂ ਰਾਮ ਸਿੰਘ ਜੀ ਇਕ ਕੱਟੜ ਇਨਕਲਾਬੀ ਸਨ। ਜਦੋਂ ਉਹ ਕਰਮ ਖੇਤਰ ਵਿਚ ਅਗਾਂਹ ਨਿੱਤਰੇ ਤਾਂ ਉਨ੍ਹਾਂ ਦੇਖਿਆ ਕਿ ਦੇਸ਼ ਦੀ ਉੱਨਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਵਸੀਹ ਪੈਮਾਨੇ 'ਤੇ ਕੀਤੀ।
-ਸ਼ਹੀਦ ਭਗਤ ਸਿੰਘ ਮਹਾਂਰਥੀ 'ਚੋਂ
ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਸਾਰੇ ਸੰਸਾਰ ਵਿਚ ਸਰਕਾਰੀ ਪੱਧਰ 'ਤੇ ਜੇ ਪ੍ਰਚਾਰ ਵੀ ਕੀਤਾ ਜਾਵੇ, ਉਸ ਵਿਚ ਇਹ ਠੋਕ ਵਜਾ ਕੇ ਦੱਸਿਆ ਜਾਵੇ ਕਿ ਦੇਸ਼ ਦੀ ਆਜ਼ਾਦੀ ਦੀ ਬੁਨਿਆਦ ਰੱਖਣ ਵਾਲੇ ਬਾਬਾ ਰਾਮ ਸਿੰਘ ਜੀ ਸਨ। ਸੁਦੇਸ਼ੀ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਹੀ ਸਨ। ਅੰਗਰੇਜ਼ ਵਿਰੁੱਧ ਨਾ-ਮਿਲਵਰਤਨ ਦੀ ਲਹਿਰ ਚਲਾਉਣ ਵਾਲੇ ਜਲਾਵਤਨ ਕੀਤੇ ਗਏ ਪਹਿਲੇ ਸਿਆਸੀ ਆਗੂ ਸਨ। ਜੇ ਸਾਰੇ ਦੇਸ਼ ਵਿਚ ਤੰਗ ਨਜ਼ਰੀਆ ਨਾ ਹੁੰਦਾ ਤਾਂ ਅੱਜ ਆਪ 'ਫਾਦਰ ਆਫ ਦੀ ਨੇਸ਼ਨ' ਕਰਕੇ ਪੂਜੇ ਜਾਂਦੇ।
-ਗੁਰਦੁਆਰਾ ਗਜ਼ਟ, ਜੂਨ 1972
ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਜਥੇਬੰਦੀ ਵੀ ਮਜ਼ਬੂਤ ਕੀਤੀ ਅਤੇ ਨਾਮਧਾਰੀਆਂ ਦੇ ਦਿਲਾਂ 'ਚ ਸਵਰਾਜ ਦਾ ਮਾਦਾ ਭਰਨਾ ਵੀ ਸ਼ੁਰੂ ਕੀਤਾ। ਆਪ ਇਕ ਉੱਚੇ ਸਿਆਸਦਾਨ ਸਨ। ਨਾਮਧਾਰੀਆਂ ਨੇ ਹੀ ਨਾ-ਮਿਲਵਰਤਨ, ਸਵਦੇਸ਼ੀ, ਅਹਿੰਸਾ ਅਤੇ ਸਿਵਲ-ਨਾ-ਫੁਰਮਾਨੀ ਆਦਿ ਦਾ ਆਰੰਭ ਕੀਤਾ।
-ਬਾਬਾ ਸੋਹਣ ਸਿੰਘ ਭਕਨਾ, ਪ੍ਰਧਾਨ ਗ਼ਦਰ ਪਾਰਟੀ।
ਮਰਗੋਈ ਜੇਲ੍ਹ ਨਿਰਵਾਸਿਤ ਗੁਰੂ ਰਾਮ ਸਿੰਘ ਨਾਲ ਚਿੱਠੀ-ਪੱਤਰ ਦੇ ਸਬੰਧ ਜੋੜਨੇ, ਵਿਰੋਧੀ ਸੰਗਰਾਮ ਵਿਚ ਰੂਸੀ ਸ਼ਕਤੀ ਦੀ ਸਹਾਇਤਾ ਪ੍ਰਾਪਤ ਕਰਨ ਦੇ ਯਤਨ ਅਤੇ ਕੂਕਾ ਅੰਦੋਲਨਕਾਰੀਆਂ ਵਲੋਂ ਬਾਅਦ 'ਚ ਅਪਣਾਏ ਜਾਣ ਵਾਲੇ ਗੁਪਤ ਦਾਅ ਪੇਚਾਂ ਦੀ ਖ਼ਾਸ ਮਹਾਨਤਾ ਹੈ।
-ਡਾ. ਪੀ.ਸੀ. ਰਾਏ, ਬੰਗਾਲ ਦੇ ਉੱਘੇ ਇਤਿਹਾਸਕਾਰ
ਮੈਂ ਬੜੀ ਚਾਹ ਨਾਲ ਕਈ ਸੁੱਘੜ ਸੱਜਣਾਂ ਕੋਲੋਂ ਮਹਾਰਾਜ ਰਾਮ ਸਿੰਘ ਦਾ ਹਾਲ ਪੁੱਛਿਆ। ਸੁਣ ਕੇ ਅਸਚਰਜ ਹੋ ਗਿਆ ਹਾਂ। ਕੇਡਾ ਦੂਰ ਅੰਦੇਸ਼ ਦੇਸ਼ ਭਗਤ, ਕੇਡਾ ਭਰੋਸੇ ਵਾਲਾ, ਕੇਡਾ ਕਰਨੀ ਵਾਲਾ, ਕੇਡਾ ਪਵਿੱਤਰ, ਕੇਡਾ ਸੁਤੰਤਰ ਤੇ ਸੁਤੰਤਰਤਾ ਦੀਆਂ ਜੰਗਾਲੀਆਂ ਤਾਰਾਂ ਖ਼ੁਰਚ ਕੇ ਗੁਲਾਮ ਸੁਰੰਗੀਆਂ 'ਚੋਂ ਰੱਬੀ ਤਰਾਨੇ ਕੱਢਣ ਵਾਲਾ ਮਹਾਂ ਪੁਰਖ ਮਹਾਰਾਜ ਰਾਮ ਸਿੰਘ ਹੋਇਆ ਹੈ। ਮੈਂ ਪੁੱਛਦਾ ਹਾਂ ਇਨ੍ਹਾਂ ਦਾ ਜੀਵਨ ਮੈਨੂੰ ਸਕੂਲ ਵਿਚ ਕਿਉਂ ਨਹੀਂ ਪੜ੍ਹਾਇਆ।
-ਸ. ਗੁਰਬਖਸ਼ ਸਿੰਘ 'ਪ੍ਰੀਤਲੜੀ'
'ਗੁਰੂ ਰਾਮ ਸਿੰਘ ਮੇਰੇ ਦਾਦਾ ਗੁਰੂ ਹੈਂ, ਕਿਉਂਕਿ ਮਹਾਤਮਾ ਗਾਂਧੀ ਮੇਰੇ ਗੁਰੂ ਹੈਂ ਔਰ ਮਹਾਤਮਾ ਗਾਂਧੀ ਕੇ ਗੁਰੂ, ਸਤਿਗੁਰੂ ਰਾਮ ਸਿੰਘ ਹੈਂ। ਮਹਾਤਮਾ ਗਾਂਧੀ ਨੇ ਨਾਨ-ਵਾਇਲੈਂਸ ਕਾ ਆਈਡੀਆ ਗੁਰੂ ਰਾਮ ਸਿੰਘ ਸੇ ਹੀ ਲੀਆ ਥਾ।'
-ਪੰ.ਸੁੰਦਰ ਲਾਲ, ਦੇਸ਼ ਭਗਤ, ਇਤਿਹਾਸਕਾਰ
ਗੁਰੂ ਰਾਮ ਸਿੰਘ ਜੀ ਵਲੋਂ ਝੁਲਾਏ ਸੁਤੰਤਰਤਾ ਸੰਗਰਾਮ ਦੇ ਝੰਡੇ ਹੇਠਾਂ ਨਾਮਧਾਰੀਆਂ ਨੇ ਜੋ ਕੁਰਬਾਨੀਆਂ ਕੀਤੀਆਂ, ਉਸ 'ਤੇ ਦੇਸ਼ ਨੂੰ ਸਦਾ ਮਾਣ ਰਹੇਗਾ।
-ਨੇਤਾਜੀ ਸੁਭਾਸ਼ ਚੰਦਰ ਬੋਸ
ਅੰਗਰੇਜ਼ਾਂ ਦੀ ਨਜ਼ਰ 'ਚ
ਰਾਮ ਸਿੰਘ ਜੀ ਬਹੁਤ ਹੀ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿਚ ਸਭ ਤੋਂ ਵੱਧ ਖ਼ਤਰਨਾਕ।
-ਐਡਵਾਰਡ ਬੇਲੀ, ਜੁਲਾਈ 1870
ਕਾਬੁਲ ਦੇ ਅਮੀਰ ਅਬਦੁਲ ਰਜ਼ਾਕ ਨੇ ਆਪਣੇ ਦੋ ਪੁੱਤਰ ਭੈਣੀ ਵਿਖੇ ਰਾਮ ਸਿੰਘ ਦੇ ਸਿਧਾਂਤਾਂ ਦੀ ਜਾਣਕਾਰੀ ਵਾਸਤੇ ਭੇਜੇ। ਇਹ ਜਾਣਨਾ ਦਿਲਚਸਪ ਗੱਲ ਹੋਵੇਗੀ ਕਿ ਇਕ ਪੇਂਡੂ ਤਰਖਾਣ ਦੀ ਪ੍ਰਸਿੱਧੀ ਏਨੀ ਦੂਰ-ਦੂਰ ਤੱਕ ਪਹੁੰਚ ਚੁੱਕੀ ਹੈ।
-ਕੈਪਟਨ ਜੇ.ਸੀ.ਪੀ. ਬੇਲੀ, 1868
ਰਾਮ ਸਿੰਘ ਨੂੰ ਕੇਵਲ ਸੰਤ ਸੁਭਾਅ ਫਕੀਰ ਅਖਵਾਉਣ ਦਾ ਕੋਈ ਬਹਾਨਾ ਨਹੀਂ। ਉਹ ਅੱਧੀ ਦਰਜਨ ਘੋੜ ਸਵਾਰਾਂ ਅਤੇ ਵੀਹ ਪੈਦਲ ਪੈਰੋਕਾਰਾਂ ਨਾਲ ਆਉਂਦਾ ਹੈ। ਉਹ ਤੁਹਾਡੇ ਕਮਰੇ ਵਿਚ ਰਾਜ ਕੁਮਾਰ ਵਾਂਗ ਦਰਬਾਰੀਆਂ ਨਾਲ ਘਿਰਿਆ ਪ੍ਰਵੇਸ਼ ਕਰਦਾ ਹੈ।
-ਜੇ. ਡਬਲਯੂ. ਮੈਕਨਾਬ, 1871
ਜਦ ਪਹਿਲਾਂ ਉਤਰਾਅਧਿਕਾਰੀ ਹੋਣ ਬਾਬਤ ਸੁਣਿਆ ਤਾਂ ਉਹ ਰਾਮ ਸਿੰਘ ਮਹੰਤ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਬਾਅਦ ਵਿਚ ਬਾਬਾ ਰਾਮ ਸਿੰਘ ਫਿਰ ਸਤਿਗੁਰੂ ਰਾਮ ਸਿੰਘ ਤੇ ਹੁਣ ਸਤਿਗੁਰੂ ਬਾਦਸ਼ਾਹ ਵਾਕੁਰ।
-ਲੈਫ. ਜਨਰਲ ਮੈਂਕ ਐਡਰੀਉ (ਡੀ.ਆਈ.ਜੀ. ਅੰਬਾਲਾ)
ਇਹਦੇ ਇਰਾਦੇ ਸ਼ੁਰੂ ਵਿਚ ਭਾਵੇਂ ਕੁਝ ਵੀ ਹੋਣ ਪਰ ਹੁਣ ਇਸ ਦਾ ਨਿਸ਼ਾਨਾ ਰਾਜਨੀਤਕ ਹੈ। ਉਹ ਇਕ ਅਜਿਹੇ ਪੰਥ ਦਾ ਨੇਤਾ ਤੇ ਅਦੁੱਤੀ ਆਗੂ ਹੈ, ਜੋ ਆਪਣੇ ਸੁਭਾਉ ਅਨੁਸਾਰ ਖ਼ਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਹੈਸੀਅਤ ਵਿਚ ਬਰਤਾਨਵੀ ਸਲਤਨਤ ਦਾ ਵੈਰੀ ਹੈ।
-ਸਮਕਾਲੀ ਅਧਿਕਾਰੀ ਮਿਸਟਰ ਜੇ.ਡਬਲਯੂ. ਕਮਿਸ਼ਨਰ, ਅੰਬਾਲਾ
-2/97, ਮਹਿਰਾਜ ਕਾਲੋਨੀ, ਰਾਮਪੁਰਾ ਫੂਲ (ਬਠਿੰਡਾ)।
ਮੋਬਾਈਲ : 98768-50680