04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜ਼ਰੂਰੀ ਹਨ ਤੰਦਰੁਸਤ ਅੱਖਾਂ

ਅਜੀਤ ਡੈਸਕ 23-01-2026

ਸਿਹਤਮੰਦ ਅੱਖਾਂ ਦਾ ਮਤਲਬ ਸਿਰਫ਼ ਅੱਖਾਂ ਦੀ ਸਹੀ ਦ੍ਰਿਸ਼ਟੀ ਤੋਂ ਨਹੀਂ ਹੁੰਦਾ ਸਗੋਂ ਦੋਸ਼-ਰਹਿਤ ਅੱਖਾਂ ਤੋਂ ਹੈ। ਅੱਖਾਂ ਨੂੰ ਛੇਤੀ ਥਕਾਵਟ ਨਾ ਆਉਣਾ, ਪੀਲਾਪਨ ਨਾ ਆਉਣਾ, ਅੱਖਾਂ ਦਾ ਗੋਲਕ ਟੋਏ ਵਿਚ ਧੱਸਿਆ ਹੋਇਆ ਨਾ ਹੋਣਾ ਸਿਹਤਮੰਦ ਅੱਖਾਂ ਦੀ ਨਿਸ਼ਾਨੀ ਹੈ। ਨਾਲ ਹੀ ਪੁਤਲੀਆਂ, ਪਲਕਾਂ ਦੇ ਹੇਠਾਂ ਝੁਰੜੀਆਂ ਵੀ ਨਹੀਂ ਰਹਿਣੀਆਂ ਚਾਹੀਦੀਆਂ। ਅੱਖਾਂ ਸਾਫ਼, ਨਿਰਮਲ ਅਤੇ ਚਮਕਦਾਰ ਹੋਣ ਤਾਂ ਸਿਹਤਮੰਦ ਕਹੀਆਂ ਜਾਣਗੀਆਂ। ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਸਰੀਰ ਦੇ ਸਭ ਅੰਗ ਤਾਕਤਵਰ ਹੁੰਦੇ ਹਨ ਪਰ ਅੱਖਾਂ ਲਈ ਕੁਝ ਵਿਸ਼ੇਸ਼ ਤੌਰ 'ਤੇ ਜ਼ਿੰਮੇਵਾਰ ਭੋਜਨ ਤੱਤ ਡਾਕਟਰ ਵਿਗਿਆਨੀਆਂ ਵਲੋਂ ਲੱਭੇ ਗਏ ਹਨ ਜਿਨ੍ਹਾਂ ਦੀ ਜੇਕਰ ਅਣਦੇਖੀ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ 'ਤੇ ਉਲਟ ਪ੍ਰਭਾਵ ਪੈਂਦਾ ਹੈ। ਸਾਡੀਆਂ ਅੱਖਾਂ ਸਿਹਤਮੰਦ ਰਹਿਣ, ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ।
ਅੱਖਾਂ ਸਾਫ਼, ਨਿਰਮਲ ਅਤੇ ਹਮੇਸ਼ਾ ਸਾਫ਼ ਰਹਿਣ, ਇਸ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਅੱਖਾਂ ਨੂੰ ਠੰਢਕ ਪਸੰਦ ਹੈ, ਰੋਜ਼ ਸਵੇਰੇ ਉੱਠ ਠੰਢੇ ਪਾਣੀ ਨਾਲ ਅੱਖਾਂ ਨੂੰ ਸਾਫ਼ ਕਰਨਾ ਨਾ ਭੁੱਲੋ। ਸਾਫ਼ ਗਿਲਾਸ ਵਿਚ ਪਾਣੀ ਲੈ ਕੇ ਚੁਲੀ ਭਰ ਕੇ ਅੱਖਾਂ 'ਤੇ ਪਾਣੀ ਛੱਡੋ। ਧਿਆਨ ਰੱਖੋ ਕਿ ਪਲਕਾਂ ਝਪਕੋ ਨਾ। ਇਹ ਤਰ੍ਹਾਂ ਪੰਜ ਸੱਤ ਵਾਰ ਕਰ ਲੈਣ ਨਾਲ ਅੱਖਾਂ ਸਾਫ਼ ਅਤੇ ਸਿਹਤਮੰਦ ਅਨੁਭਵ ਕਰਨ ਲਗਦੀਆਂ ਹਨ।
ਅੱਖਾਂ ਨੂੰ ਧੂੜ ਅਤੇ ਗਰਮੀ ਤੋਂ ਬਚਾਈ ਰੱਖਣ ਲਈ ਹਫ਼ਤੇ ਵਿਚ ਦੋ ਵਾਰ ਵਿਸ਼ੇਸ਼ ਮਿਹਨਤ ਕਰਨੀ ਚਾਹੀਦੀ ਹੈ। ਇਸ ਲਈ ਇਕ ਬਾਲਟੀ ਸਾਫ਼ ਪਾਣੀ ਵਿਚ ਸਾਹ ਰੋਕ ਕੇ ਆਪਣੇ ਸਿਰ ਨੂੰ ਉਸ ਪਾਣੀ ਵਿਚ ਏਨਾ ਡੁਬਾਓ ਕਿ ਅੱਖਾਂ, ਨੱਕ, ਮੂੰਹ ਸਭ ਪੂਰੀ ਤਰ੍ਹਾਂ ਨਾਲ ਡੁੱਬ ਜਾਣ। ਹੁਣ ਉਸ ਪਾਣੀ ਅੰਦਰ ਅੱਖਾਂ ਖੋਲ੍ਹਣ, ਬੰਦ ਕਰਨ ਅਤੇ ਪੁਤਲੀਆਂ ਨੂੰ ਇਧਰ-ਉਧਰ ਘੁਮਾਉਣ ਦੀ ਕੋਸ਼ਿਸ਼ ਕਰੋ। ਜਦੋਂ ਸਾਹ ਲੈਣਾ ਹੋਵੇ ਤਾਂ ਸਿਰ ਬਾਹਰ ਕਰ ਲਓ। ਦੋ-ਚਾਰ ਵਾਰ ਇਸ ਤਰ੍ਹਾਂ ਅਭਿਆਸ ਕਰਨ ਨਾਲ ਅੱਖਾਂ ਸਾਫ਼ ਅਤੇ ਠੰਢੀਆਂ ਹੋ ਜਾਂਦੀਆਂ ਹਨ।
ਅੱਖਾਂ ਦੇ ਡਾਕਟਰਾਂ ਅਨੁਸਾਰ ਵਿਟਾਮਿਨ 'ਏ' ਅੱਖਾਂ ਲਈ ਚੰਗਾ ਹੁੰਦਾ ਹੈ। ਸਾਡੀਆਂ ਅੱਖਾਂ ਦੇ 'ਰੈਟੀਨਾ' ਦੋਸ਼ਾਂ ਵਿਚ ਜੋ ਪ੍ਰਤੀਕਿਰਿਆ ਹੁੰਦੀ ਹੈ, ਉਸ ਲਈ ਵਿਟਾਮਿਨ 'ਏ' ਦੀ ਭਰਪੂਰ ਮਾਤਰਾ ਵਿਚ ਮੌਜੂਦਗੀ ਜ਼ਰੂਰ ਹੋਣੀ ਚਾਹੀਦੀ ਹੈ। ਵਿਟਾਮਿਨ 'ਏ' ਦੀ ਕਮੀ ਨਾਲ ਰਤੌਂਧੀ ਹੋਣ ਲਗਦੀ ਹੈ। ਅੱਖਾਂ ਦੀ ਕੰਜਕਟਾਈਵਾ ਦੇ ਕੋਸ਼ ਮੋਟੇ, ਪਰਤਦਾਰ ਅਤੇ ਸੁੱਕੇ 'ਚੋਂ ਜਾਂਦੇ ਹਨ ਅਤੇ ਆਪਣੀ ਚਮਕ ਗਵਾ ਦਿੰਦੇ ਹਨ। ਅੱਖਾਂ ਤੋਂ ਪਾਣੀ ਵਗਣ ਲਗਦਾ ਹੈ। ਧੁੱਪ ਵਿਚ ਕੁਝ ਵੀ ਦੇਖ ਸਕਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਆਪਣੀ ਰੌਸ਼ਨੀ ਗਵਾ ਬੈਠਦਾ ਹੈ। ਵਿਟਾਮਿਨ 'ਏ' ਵਾਲੇ ਭੋਜਨ ਜਿਵੇਂ ਦੁੱਧ, ਮੱਖਣ, ਟਮਾਟਰ, ਗਾਜਰ, ਹਰੀਆਂ ਸਬਜ਼ੀਆਂ, ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਕਰਨੀ ਚਾਹੀਦੀ ਹੈ।
ਅੱਖਾਂ ਨੂੰ ਸਾਫ਼ ਅਤੇ ਮਜ਼ਬੂਤ ਬਣਾਈ ਰੱਖਣ ਵਿਚ ਤ੍ਰਿਫਲਾ ਪਾਣੀ ਕਾਫ਼ੀ ਗੁਣਕਾਰੀ ਹੈ। ਕਿਸੇ ਸਾਫ਼-ਸੁਥਰੇ ਮਿੱਟੀ ਦੇ ਭਾਂਡੇ ਜਾਂ ਸਟੀਲ ਦੇ ਭਾਂਡੇ ਵਿਚ ਇਕ-ਦੋ ਚਮਚ ਤ੍ਰਿਫਲਾ ਚੂਰਨ ਨੂੰ ਰਾਤ ਨੂੰ ਇਕ ਗਿਲਾਸ ਪਾਣੀ ਵਿਚ ਭਿਉਂ ਦਿੱਤਾ ਜਾਵੇ ਅਤੇ ਸਵੇਰੇ ਉਸ ਨੂੰ ਸਾਫ਼ ਹੱਥਾਂ ਨਾਲ ਲੈ ਕੇ ਅੱਖਾਂ ਧੋਣ ਨਾਲ ਅੱਖਾਂ ਦੀ ਸਫ਼ਾਈ ਦੇ ਨਾਲ-ਨਾਲ ਕੁਦਰਤੀ ਪੋਸ਼ਣ ਵੀ ਉਨ੍ਹਾਂ ਨੂੰ ਮਿਲਦਾ ਰਹੇਗਾ।
ਅੱਖਾਂ ਨੂੰ ਨੀਂਦ ਨਾਲ ਆਰਾਮ ਮਿਲਦਾ ਹੈ, ਸੋ ਪੂਰੀ ਨੀਂਦ ਲੈਣ ਵਿਚ ਗ਼ਲਤੀ ਨਾ ਵਰਤੀ ਜਾਵੇ। ਚੌਬੀ ਘੰਟੇ ਵਿਚ ਘੱਟ ਤੋਂ ਘੱਟ ਛੇ-ਸੱਤ ਘੰਟੇ ਸੌਣ ਨਾਲ ਅੱਖਾਂ ਚੁਸਤ ਅਤੇ ਸਹੀ ਰਹਿੰਦੀਆਂ ਹਨ।
ਅੱਖਾਂ ਨੂੰ ਕਮਜ਼ੋਰ ਅਤੇ ਬਿਮਾਰ ਬਣਾਉਣ ਦੇ ਮੁੱਖ ਸਾਧਨ ਮੋਬਾਈਲ, ਟੈਲੀਵਿਜ਼ਨ ਅਤੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਵੀ ਹੈ। ਦੇਖਦੇ ਸਮੇਂ ਇਕ ਟਕ ਨਾ ਦੇਖੋ ਅਤੇ ਕੰਪਿਊਟਰ 'ਤੇ ਜ਼ਿਆਦਾ ਦੇਰ ਕੰਮ ਨਾ ਕਰੋ।
ਅੱਖਾਂ ਨਾਲ ਬਾਰੀਕ ਕੰਮ ਦੇਖਦੇ ਸਮੇਂ ਵੀ ਉਨ੍ਹਾਂ ਨੂੰ ਵਿਚਾਲੇ-ਵਿਚਾਲੇ ਅਰਾਮ ਦਿੱਤਾ ਜਾਣਾ ਜ਼ਰੂਰੀ ਹੈ। ਜੇਕਰ ਪੜ੍ਹਾਈ ਕਰ ਰਹੇ ਹੋ ਜਾਂ ਸਿਲਾਈ, ਕਢਾਈ ਕਰ ਰਹੇ ਹੋ ਤਾਂ 20 ਮਿੰਟ ਬਾਅਦ ਕੰਮ ਬੰਦ ਕਰਕੇ ਥੋੜ੍ਹੀ ਦੇਰ ਤੱਕ ਦੋਵਾਂ ਹੱਥਾਂ ਦੀਆਂ ਹਥੇਲੀਆਂ ਨਾਲ ਅੱਖਾਂ ਬੰਦ ਰੱਖਣ ਨਾਲ ਉਨ੍ਹਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ।
ਜੇਕਰ ਅੱਖਾਂ ਥੱਕੀਆਂ-ਥੱਕੀਆਂ ਜਿਹੀਆਂ ਲੱਗ ਰਹੀਆਂ ਹਨ ਤਾਂ ਗੁਲਾਬ ਜਲ ਮਿਲੇ ਪਾਣੀ ਨਾਲ ਸਾਫ਼ ਰੂੰ ਭਿਉਂ ਕੇ ਅੱਖਾਂ 'ਤੇ ਰੱਖਣ ਨਾਲ ਰਾਹਤ ਮਿਲਦੀ ਹੈ ਅਤੇ ਤਰੋਤਾਜ਼ਾ ਮਹਿਸੂਸ ਹੁੰਦੀਆਂ ਹਨ। ਸਵੇਰ ਸਮੇਂ ਅੱਧੀਆਂ ਖੁੱਲ੍ਹੀਆਂ ਅੱਖਾਂ ਨਾਲ ਕੁਝ ਸੈਕਿੰਡ ਤੱਕ ਸੂਰਜ ਦੀ ਰੌਸ਼ਨੀ ਨੂੰ ਦੇਖਣਾ ਅਤੇ ਫਿਰ ਅੱਖਾਂ ਬੰਦ ਕਰਨਾ ਅਤੇ ਰਾਤ ਨੂੰ ਚੰਦਰਮਾ ਦੇ ਨਾਲ ਵੀ ਇਸ ਪ੍ਰਕਿਰਿਆ ਕਰਨ ਨਾਲ ਅੱਖਾਂ ਦੀ ਸਹੀ ਕਸਰਤ ਹੁੰਦੀ ਹੈ।
ਅੱਖਾਂ ਦੇ ਡਾਕਟਰ ਦੀ ਸਲਾਹ ਅਨੁਸਾਰ ਐਨਕ ਦੀ ਵਰਤੋਂ ਕਰਨੀ ਸਹੀ ਹੁੰਦੀ ਹੈ। ਗ਼ਲਤ ਸ਼ੀਸ਼ੇ ਦਾ ਪ੍ਰਭਾਵ ਅੱਖਾਂ 'ਤੇ ਬੁਰਾ ਪੈਂਦਾ ਹੈ।

ਪਿਛਲੀ ਖ਼ਬਰ ਕੀ ਪੰਜਾਬ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ? ਅਗਲੀ ਖ਼ਬਰ ਸਿਹਤ ਲਈ ਲਾਭਕਾਰੀ ਹੈ ਸੂਰਜ ਇਸ਼ਨਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।