![]()
ਅੱਜਕੱਲ੍ਹ ਪੌਸ਼ਟਿਕ ਭੋਜਨ ਦੀ ਬਹੁਤ ਚਰਚਾ ਹੈ | ਰੋਗਾਂ ਨਾਲ ਲੜਨ ਵਿਚ ਰੋਗ-ਪ੍ਰਤੀਰੋਧੀ ਸ਼ਕਤੀ ਦਾ ਬਹੁਤ ਮਹੱਵਤ ਹੈ, ਇਸ ਲਈ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਜੋ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ, ਖਾਣ ਦੀ ਸਲਾਹ ਦਿੱਤੀ ਜਾਂਦੀ ਹੈ | ਪੁੰਗਰੇ ਅਨਾਜ ਵੀ ਇਸ ਤਰ੍ਹਾਂ ਦੇ ਹੀ ਖਾਣ ਵਾਲੇ ਪਦਾਰਥ ਹਨ ਜੋ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਖਣਿਜ ਆਦਿ ਦਿੰਦੇ ਹਨ | ਇਨ੍ਹਾਂ ਵਿਚ ਮਿਨਰਲ, ਵਿਟਾਮਿਨ, ਫਾਸਫੋਰਸ, ਮੈਗਨੀਜ਼ ਅਤੇ ਵਿਟਾਮਿਨ ਸੀ, ਏ ਆਦਿ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪੁੰਗਰੇ ਅਨਾਜ ਹੁੰਦੇ ਹਨ ਭਾਵ ਸਿਰਫ਼ ਇਕ ਤਰ੍ਹਾਂ ਦੇ ਹੀ ਨਹੀਂ, ਵੱਖ-ਵੱਖ ਦਾਲਾਂ ਅਤੇ ਅਨਾਜਾਂ ਨੂੰ ਪੁੰਗਰਾ ਕੇ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਪੁੰਗਰੇ ਅਨਾਜ ਵਿਚ ਪੋਸ਼ਕ ਤੱਤ ਉਸ ਨੂੰ ਬਣਾਉਣ ਦੀ ਪ੍ਰਕਿਰਿਆ ਨਾਲ ਆਉਂਦੇ ਹਨ | ਜਦੋਂ ਦਾਲਾਂ ਜਾਂ ਅਨਾਜ ਨੂੰ ਭਿਉਂ ਦਿੱਤਾ ਜਾਂਦਾ ਹੈ ਤਾਂ ਨਮੀ ਕਾਰਨ ਉਨ੍ਹਾਂ ਦਾ ਛਿਲਕਾ ਨਰਮ ਹੋ ਜਾਂਦਾ ਹੈ ਤੇ ਉਨ੍ਹਾਂ ਵਿਚ ਬਹੁਤ ਛੋਟੇ ਬੂਟੇ ਪੁੰਗਰਨ ਲਗਦੇ ਹਨ | ਇਸ ਨਾਲ ਉਨ੍ਹਾਂ ਦਾ ਪੋਸ਼ਣ ਕਈ ਗੁਣਾ ਵਧ ਜਾਂਦਾ ਹੈ ਜਿਸ ਕਾਰਨ ਪੁੰਗਰੇ ਅਨਾਜ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ | ਪੁੰਗਰਾਉਣ ਲਈ ਦਾਲਾਂ ਨੂੰ ਕਾਫ਼ੀ ਸਮਾਂ ਪਾਣੀ ਵਿਚ ਭਿਉਣਾ ਪੈਂਦਾ ਹੈ | ਇਸ ਨਾਲ ਇਸ ਵਿਚ ਮੌਜੂਦ ਪਾਇਟਕ ਐਸਿਡ ਖ਼ਤਮ ਹੋ ਜਾਂਦਾ ਹੈ ਅਤੇ ਪੋਸ਼ਕ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ | ਪੁੰਗਰੀਆਂ ਦਾਲਾਂ ਤੇ ਅਨਾਜਾਂ ਵਿਚ ਇੰਜ਼ਾਈਮ ਪੈਦਾ ਹੁੰਦੇ ਹਨ, ਜੋ ਸਾਡੇ ਭੋਜਨ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਲਈ ਸਹਾਇਕ ਹੁੰਦੇ ਹਨ | ਪੁੰਗਰੀਆਂ ਦਾਲਾਂ ਸੌਖਿਆਂ ਹੀ ਹਜ਼ਮ ਹੋ ਜਾਂਦੀਆਂ ਹਨ | ਇਸ ਲਈ ਇਨ੍ਹਾਂ ਨੂੰ ਪ੍ਰੀ-ਡਾਈਜੈਸਟਿਡ ਭੋਜਨ ਵੀ ਕਿਹਾ ਜਾਂਦਾ ਹੈ | ਪੁੰਗਰਾਉਣ ਨਾਲ ਪ੍ਰੋਟੀਨ ਸਰੀਰ ਵਿਚ ਸੌਖਿਆਂ ਹਜ਼ਮ ਹੋ ਜਾਂਦਾ ਹੈ | ਇਸ ਵਿਚ ਫੋਲੇਟ ਦੀ ਮਾਤਰਾ ਹੁੰਦੀ ਹੈ ਜਿਸ ਨਾਲ ਸਾਡਾ ਹੀਮੋਗਲੋਬਿਨ ਦਾ ਪੱਧਰ ਵੀ ਵਧਦਾ ਹੈ | ਇਸ ਨੂੰ ਖਾਣ ਨਾਲ ਸਰੀਰ ਵਿਚ ਫਾਈਬਰ ਦੀ ਮਾਤਰਾ ਵੀ ਵਧ ਜਾਂਦੀ ਹੈ | ਕਿਸੇ ਵੀ ਸਾਬਤ ਦਾਲ ਜਾਂ ਅਨਾਜ ਨੂੰ ਪੁੰਗਾਰਿਆ ਜਾ ਸਕਦਾ ਹੈ | ਇਸ ਵਿਚ ਹਰੀ ਮੂੰਗੀ, ਛੋਲੇ, ਮਟਰ, ਮੇਥੀ ਦਾਣਾ, ਮੂੰਗਫਲੀ, ਬੀਜ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਾਬਤ ਦਾਲਾਂ ਸ਼ਾਮਿਲ ਹਨ | ਕਣਕ, ਬਾਜਰਾ, ਜਵਾਰ ਆਦਿ ਨੂੰ ਵੀ ਪੁੰਗਾਰਿਆ ਜਾ ਸਕਦਾ ਹੈ | ਇਨ੍ਹਾਂ ਨੂੰ ਖਾਣ ਨਾਲ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਤਾਂ ਵਧਦੀ ਹੀ ਹੈ, ਨਾਲ ਹੀ ਸਾਡੇ ਲਿਫੇਟਿਕ ਸਿਸਟਮ, ਐਲਰਜੀ, ਦਮਾ, ਅਲਸਰ, ਸੋਜ ਆਦਿ ਵੀ ਸਿਹਤਮੰਦ ਹੁੰਦੇ ਹਨ ਅਤੇ ਸਰੀਰ ਦੀ ਵਿਸ਼ੈਲੇ ਤੱਤ ਬਾਹਰ ਕੱਢਣ ਭਾਵ ਡੀਟਾਕਸੀਫੀਕੇਸ਼ਨ ਵੀ ਹੁੰਦੀ ਹੈ | ਪੁੰਗਰੇ ਅਨਾਜ ਨੂੰ ਕੱਚਾ ਖਾਧਾ ਜਾ ਸਕਦਾ ਹੈ ਜਾਂ ਹਲਕੀ ਭਾਫ ਦੇ ਕੇ, ਗਲਾ ਕੇ ਵੀ ਖਾਧਾ ਜਾ ਸਕਦਾ ਹੈ | ਇਨ੍ਹਾਂ ਨੂੰ ਸੈਂਡਵਿਚ, ਪਰੌਂਠੇ ਵਿਚ ਭਰਿਆ ਜਾ ਸਕਦਾ ਹੈ ਜਾਂ ਡੋਸੇ-ਇਡਲੀ ਬੈਟਰ ਪੀਂਹਦੇ ਸਮੇਂ ਨਾਲ ਪੀਸਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਇਨ੍ਹਾਂ ਨੂੰ ਸੂਪ, ਸਲਾਦ, ਖਿਚੜੀ, ਪੁਲਾਓ, ਟਿੱਕੀ ਆਦਿ ਵਿਚ ਵੀ ਪਾਇਆ ਜਾ ਸਕਦਾ ਹੈ ਜਾਂ ਸਿਟਰ ਫ੍ਰਾਈ ਕਰਕੇ ਵੀ ਖਾਧਾ ਜਾ ਸਕਦਾ ਹੈ | ਜਿਨ੍ਹਾਂ ਦੀ ਹਾਜ਼ਮਾ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਕਈ ਵਾਰ ਕੱਚੇ ਅਨਾਜ ਹਜ਼ਮ ਹੋਣ ਵਿਚ ਮੁਸ਼ਕਿਲ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਭਾਫ਼ ਦੇ ਕੇ ਜਾਂ ਉਬਾਲ ਕੇ ਖਾਣਾ ਚਾਹੀਦਾ ਹੈ |