ਅੱਜਕਲ੍ਹ ਦਿਨੋ-ਦਿਨ ਵਧਦੀ ਮਹਿੰਗਾਈ ਅਤੇ ਅਸੁਰੱਖਿਅਤ ਮਾਹੌਲ ਨੂੰ ਦੇਖਦੇ ਹੋਏ ਸੋਨੇ ਦੇ ਅਤੇ ਅਸਲੀ ਗਹਿਣੇ ਪਹਿਨਣਾ ਅਸੁਰੱਖਿਅਤ ਹੋ ਸਕਦਾ ਹੈ ਕਿ ਕਿਤੇ ਕੋਈ ਖੋਹ ਜਾਂ ਫਿਰ ਚੋਰੀ ਨਾ ਕਰ ਲਵੇ ਪਰ ਭਾਰਤੀ ਨਾਰੀ ਨਾ ਚਾਹੁੰਦੇ ਹੋਏ ਵੀ ਗਹਿਣਿਆਂ ਵੱਲ ਆਕਰਸ਼ਿਤ ਹੋ ਜਾਂਦੀ ਹੈ, ਇਸ ਲਈ ਉਸ ਦਾ ਇਹ ਪਸੰਦੀਦਾ ਸ਼ੌਕ ਪੂਰਾ ਕਰਨ ਲਈ ਬਾਜ਼ਾਰ ਵਿਚ ਬਨਾਉਟੀ ਗਹਿਣਿਆਂ ਦੀ ਭਰਮਾਰ ਹੈ। ਯਕੀਨ ਕਰਨਾ ਇਨ੍ਹਾਂ ਬਨਾਉਟੀ ਗਹਿਣਿਆਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਨਕਲੀ ਹਨ ਜਾਂ ਅਸਲੀ, ਇਸ ਗੱਲ ਦੀ ਜਾਣਕਾਰੀ ਸਿਰਫ਼ ਪਾਉਣ ਵਾਲੇ ਨੂੰ ਹੀ ਹੁੰਦੀ ਹੈ।
ਬਾਜ਼ਾਰ ਵਿਚ ਇਕ ਤੋਂ ਕਿ ਨਵੇਂ-ਨਵੇਂ ਡਿਜ਼ਾਈਨ ਦੇ ਨਕਲੀ ਗਹਿਣੇ ਦੇਖੇ ਜਾ ਸਕਦੇ ਹਨ। ਇਸ ਦੀ ਚਮਕ ਦੇ ਸਾਹਮਣੇ ਕਈ ਵਾਰ ਅਸਲੀ ਗਹਿਣੇ ਵੀ ਫਿੱਕੇ ਪੈ ਜਾਂਦੇ ਹਨ। ਇਨ੍ਹਾਂ ਗਹਿਣਿਆਂ ਵਿਚ ਸਿਰਫ਼ ਇਕ ਹੀ ਗੱਲ ਦੀ ਕਮੀ ਹੁੰਦੀ ਹੈ ਜੇਕਰ ਇਨ੍ਹਾਂ ਦੀ ਦੇਖਭਾਲ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ਦੀ ਚਮਕ 'ਤੇ ਪਾਣੀ ਫਿਰਦੇ ਦੇਰ ਨਹੀਂ ਲਗਦੀ, ਪਰ ਜੇਕਰ ਤੁਸੀਂ ਇਨ੍ਹਾਂ ਨੂੰ ਸੰਭਾਲ ਕੇ ਰੱਖੋਗੇ ਤਾਂ ਸਾਲਾਂ ਤੱਕ ਇਹ ਤੁਹਾਡਾ ਸਾਥ ਦੇਣ ਲਈ ਤਿਆਰ ਹਨ। ਜੇਕਰ ਤੁਸੀਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਇਨ੍ਹਾਂ ਦੀ ਚਮਕ ਨੂੰ ਸਾਲਾਂ ਤੱਕ ਬਰਕਰਾਰ ਰੱਖ ਸਕਦੇ ਹੋ।
ਸਭ ਤੋਂ ਪਹਿਲਾਂ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਡੱਬਿਆਂ ਵਿਚ ਤੁਸੀਂ ਇਨ੍ਹਾਂ ਨੂੰ ਖ਼ਰੀਦ ਰਹੇ ਹੋ, ਉਨ੍ਹਾਂ ਡੱਬਿਆਂ ਨੂੰ ਸੰਭਾਲ ਕੇ ਰੱਖੋ ਅਤੇ ਗਹਿਣੇ ਵਰਤੋਂ ਕਰਨ ਤੋਂ ਬਾਅਦ ਉਸੇ ਡੱਬੇ ਵਿਚ ਸੰਭਾਲ ਕੇ ਰੱਖੋ ਤਾਂ ਕਿ ਗਹਿਣਿਆਂ 'ਤੇ ਕੋਈ ਖਰੋਂਚ ਨਾ ਲੱਗੇ ਅਤੇ ਉਹ ਸਹੀ ਢੰਗ ਨਾਲ ਰੱਖੇ ਜਾ ਸਕਣ।
ਗਹਿਣੇ ਪਾਉਂਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਉਨ੍ਹਾਂ 'ਤੇ ਪਰਫਿਊਮ ਸਪ੍ਰੇਅ ਨਾ ਕਰੋ ਕਿਉਂਕਿ ਇਸ ਨਾਲ ਇਨ੍ਹਾਂ ਦੀ ਚਮਕ ਜਾਂਦੀ ਰਹੇਗੀ।
ਨਕਲੀ ਗਹਿਣਿਆਂ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ ਜਿਵੇਂ ਕਿਸੇ ਵਿਚ ਨਗ ਹੁੰਦਾ ਹੈ ਅਤੇ ਕਿਸੇ ਵਿਚ ਮੋਤੀ, ਇਸ ਲਈ ਇਨ੍ਹਾਂ ਨੂੰ ਰੱਖਦੇ ਸਮੇਂ ਜਿਥੋਂ ਤੱਕ ਹੋਵੇ ਵੱਖ-ਵੱਖ ਹੀ ਰੱਖੋ ਤਾਂ ਕਿ ਕੋਈ ਵੀ ਗਹਿਣਾ ਆਪਸ ਵਿਚ ਟਕਰਾ ਕੇ ਟੁੱਟ ਨਾ ਜਾਵੇ। ਜੇਕਰ ਤੁਹਾਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਤਾਂ ਇਨ੍ਹਾਂ ਨੂੰ ਰੱਖਦੇ ਸਮੇਂ ਸੂਤੀ ਨਰਮ ਕੱਪੜੇ ਜਾਂ ਰੂੰ ਨਾਲ ਸਾਫ਼ ਕਰਨ ਤੋਂ ਬਾਅਦ ਹੀ ਰੱਖੋ।
ਜੇਕਰ ਕਿਸੇ ਗਹਿਣੇ ਦੇ ਨਾਲ ਡੱਬਾ ਨਾ ਆਇਆ ਹੋਵੇ ਤਾਂ ਉਸ ਨੂੰ ਰੱਖਦੇ ਸਮੇਂ ਰੂੰ ਵਿਚ ਲਪੇਟ ਕੇ ਰੱਖੋ। ਇਨ੍ਹਾਂ ਗਹਿਣਿਆਂ ਦੀ ਵਰਤੋਂ ਨਹਾਉਣ ਸਮੇਂ ਬਿਲਕੁਲ ਨਾ ਕਰੋ। ਇਨ੍ਹਾਂ ਗਹਿਣਿਆਂ ਨੂੰ ਸਾਫ਼ ਕਰਨ ਸਮੇਂ ਭੁੱਲ ਕੇ ਵੀ ਨਿੰਬੂ ਖਟਾਈ ਜਾਂ ਤੇਜਾਬ ਦੀ ਵਰਤੋਂ ਨਾ ਹੀ ਕਰੋ ਤਾਂ ਬਿਹਤਰ ਹੋਵੇਗਾ। ਇਨ੍ਹਾਂ ਨੂੰ ਸਾਫ਼ ਕਰਨ ਲਈ ਬੋਰਿਕ ਐਸਿਡ ਦੀ ਵਰਤੋਂ ਕਰੋ। ਇਨ੍ਹਾਂ ਗਹਿਣਿਆਂ ਦੀ ਪਾਲਿਸ਼ ਫਿੱਕੀ ਪੈਂਦੇ ਹੀ ਇਨ੍ਹਾਂ 'ਤੇ ਪਾਲਿਸ਼ ਜ਼ਰੂਰ ਕਰਵਾਓ ਨਹੀਂ ਤਾਂ ਇਹ ਪਾਉਣਯੋਗ ਨਹੀਂ ਰਹਿੰਦੇ।
ਗਹਿਣੇ ਖ਼ਰੀਦਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਛੇਤੀ ਟੁੱਟਣ ਜਾਂ ਖਰਾਬ ਹੋਣ ਵਾਲੇ ਤਾਂ ਨਹੀਂ ਹਨ।
ਜਿਥੋਂ ਤੱਕ ਹੋ ਸਕੇ, ਇਨ੍ਹਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਕਿਉਂਕਿ ਹੋ ਸਕਦਾ ਹੈ ਕਿ ਉਹ ਉਸ ਦੇ ਨਾਲ ਛੇੜ-ਖਾਨੀ ਕਰਨ ਅਤੇ ਜਦੋਂ ਤੁਸੀਂ ਇਨ੍ਹਾਂ ਨੂੰ ਪਾਉਣ ਲਈ ਤਿਆਰ ਹੋਵੋ ਉਦੋਂ ਉਨ੍ਹਾਂ ਦਾ ਕੋਈ ਹਿੱਸਾ ਨਾ ਮਿਲੇ।
ਬਨਾਉਟੀ ਗਹਿਣਿਆਂ ਨੂੰ ਸੰਭਾਲ ਕੇ ਰੱਖੋ
ਅਜੀਤ ਡੈਸਕ
22-01-2026