ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਇਸ ਜ਼ਿੰਦਗੀ ਨੂੰ ਬਸਰ ਕਰਨ ਲਈ ਹਰ ਜੀਵ ਆਪਣੀ ਰੋਟੀ ਰੋਜ਼ੀ ਦੇ ਸਾਧਨਾਂ ਦੀ ਤਲਾਸ਼ ਵਿਚ ਲੱਗਾ ਰਹਿੰਦਾ ਹੈ। ਹਰ ਕੋਈ ਇਸ ਲਈ ਕੰਮਕਾਰ ਕਰਦਾ ਹੈ ਕਿ ਉਸ ਦੀ ਵਰਤਮਾਨ ਜ਼ਿੰਦਗੀ ਦੇ ਨਾਲ-ਨਾਲ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸੁਖ-ਸਹੂਲਤਾਂ ਮਿਲਣ ਅਤੇ ਉਨ੍ਹਾਂ ਕੋਲ ਹਰ ਤਰ੍ਹਾਂ ਦੇ ਸੁੱਖ ਦੇ ਨਾਲ-ਨਾਲ ਸ਼ੁਹਰਤ ਵੀ ਹੋਵੇ। ਕਿਸੇ ਵੀ ਚੀਜ਼ ਦੀ ਕੋਈ ਥੋੜ ਨਾ ਹੋਵੇ ਇਸੇ ਲਈ ਅਸੀਂ ਹਰ ਵਕਤ ਆਪਣੀ ਦੁਨਿਆਵੀ ਪੂੰਜੀ ਜਮ੍ਹਾਂ ਕਰਨ 'ਤੇ ਲੱਗੇ ਹੁੰਦੇ ਹਾਂ ਕਿ ਆਉਣ ਵਾਲੀ ਸਾਡੀ ਅਗਲੀ ਪੀੜ੍ਹੀ ਬੇਫ਼ਿਕਰੀ ਨਾਲ ਜੀਵਨ ਬਸਰ ਕਰੇ। ਹਮੇਸ਼ਾ ਸਾਰੇ ਮਾਤਾ ਪਿਤਾ ਇਸ ਲਈ ਸੰਘਰਸ਼ ਕਰਦੇ ਹਨ ਕਿ ਸਾਡੀ ਔਲਾਦ ਨੂੰ ਕਿਸੇ ਵੀ ਕਿਸਮ ਦੀ ਕੋਈ ਬੇਚੈਨੀ ਜਾਂ ਤਕਲੀਫ਼ ਨਾ ਹੋਵੇ। ਨਸ਼ੇ, ਅਸ਼ਲੀਲਤਾ, ਗ਼ਲਤ ਸੰਗਤ ਵਿਚ ਪੈ ਜਾਣਾ ਏਨਾ ਆਸਾਨ ਹੈ ਕਿ ਬੱਚਾ ਨਾ ਚਾਹੁੰਦੇ ਹੋਏ ਵੀ ਉਸ ਵੱਲ ਆਕਰਸ਼ਿਤ ਹੋ ਜਾਂਦਾ ਹੈ। ਇਸ ਲਈ ਆਪਣੇ ਬੱਚਿਆਂ ਦੇ ਭਵਿੱਖ ਨੂੰ ਇਕੱਲਾ ਪੈਸੇ ਦੇ ਨਾਲ ਨਾ ਤੋਲੋ ਉਸ ਦੇ ਕਈ ਹੋਰ ਮਾਪਦੰਡ ਵੀ ਹਨ। ਜਿਵੇਂ ਉਸ ਦੀ ਸੋਚ ਕੀ ਹੈ ਉਸ ਨੂੰ ਕਿਸ ਕਿੱਤੇ ਦਾ ਗਿਆਨ ਦੇਣਾ ਚਾਹੀਦਾ ਹੈ। ਉਸ ਦੀ ਆਪਣੇ ਪਰਿਵਾਰ ਨਾਲ ਕਿੰਨੀ ਸਾਂਝ ਹੈ? ਉਸ ਨੂੰ ਆਪਣੇ ਸਮਾਜ ਵਿਚ ਵਿਚਰਨ ਲਈ ਕੋਈ ਤਿਆਰੀ ਹੈ, ਕੀ ਉਸ ਨੂੰ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਪਤਾ ਹੈ? ਕੀ ਉਸ ਨੂੰ ਗ਼ਲਤ ਅਤੇ ਸਹੀ ਵਿਚਲੀ ਇਕ ਬਾਰੀਕ ਜਿਹੀ ਲਕੀਰ ਦੀ ਸਮਝ ਹੈ, ਕੀ ਉਸ ਨੂੰ ਕਿਸੇ ਦਾ ਦੁੱਖ ਦੁੱਖ ਲੱਗਦਾ ਹੈ? ਕੀ ਉਸ ਵਿਚ ਕਿਸੇ ਮਜ਼ਲੂਮ ਬੰਦੇ ਦੀ ਸਹਾਇਤਾ ਕਰਨ ਦਾ ਜਜ਼ਬਾ ਹੈ? ਕੀ ਉਸ ਨੂੰ ਸਮਝ ਹੈ ਕਿ ਉਸ ਦੇ ਕੀ ਹੱਕ ਅਤੇ ਕੀ ਫਰਜ਼ ਹਨ? ਬੱਚਿਆਂ ਨੂੰ ਸਿਖਾਉਣ ਅਤੇ ਪਰਖਣ ਦੇ ਬਹੁਤ ਸਾਰੇ ਢੰਗ ਤਰੀਕੇ ਹਨ ਅਤੇ ਹੋਰ ਵੀ ਕਈ ਮਾਪਦੰਡ ਹੋਣਗੇ ਪਰ ਸਾਡੇ ਬੱਚਿਆਂ ਵਿਚ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਦਾ ਜਜ਼ਬਾ ਕਿਵੇਂ ਪੈਦਾ ਹੋ ਸਕਦਾ ਹੈ? ਇਸ ਲਈ ਜ਼ਰੂਰਤ ਹੈ ਸਾਨੂੰ ਆਪਣੇ ਅੱਜ ਨੂੰ ਸਵਾਰਨ ਦੀ, ਮਤਲਬ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਧਨੀ ਬਣਾਉਣ ਦੀ ਤਾਂ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਾਡੇ ਸਮਾਜ ਦਾ ਸੁਨਹਿਰੀ ਇਤਿਹਾਸ ਬਣ ਜਾਵੇ।
ਇਸ ਲਈ ਜ਼ਰੂਰਤ ਹੈ ਸਾਨੂੰ ਆਪਣੇ ਅੱਜ ਨੂੰ ਸਵਾਰਨ ਦੀ, ਮਤਲਬ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਧਨੀ ਬਣਾਉਣ ਦੀ ਤਾਂ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਾਡੇ ਸਮਾਜ ਦਾ ਸੁਨਹਿਰੀ ਇਤਿਹਾਸ ਬਣ ਜਾਵੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਵਡਮੁੱਲੇ ਵਿਚਾਰਾਂ ਦੀ ਸਾਂਝ ਰੱਖੀਏ ਕਿਉਂਕਿ ਇਹ ਸਾਂਝ ਹੀ ਤੁਹਾਨੂੰ ਉਨ੍ਹਾਂ ਦੇ ਕਰੀਬ ਲੈ ਕੇ ਜਾਵੇਗੀ।
ਤੁਹਾਡੀ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਨਾਲ ਬੱਚਿਆਂ ਨੂੰ ਇਹ ਸਮਝ ਆਵੇ ਕਿ ਆਪਣੀ ਸ਼ਖ਼ਸੀਅਤ ਅਤੇ ਦੁਨਿਆਵੀ ਪਦਾਰਥਾਂ ਨਾਲ ਤਾਲ ਮੇਲ ਕਿਵੇਂ ਬੈਠਾਨਾ ਹੈ? ਤੁਸੀਂ ਬੱਚਿਆਂ ਨੂੰ ਜ਼ਿੰਦਗੀ ਦੇ ਚੰਗੇ ਮੰਦੇ ਹਰ ਪਹਿਲੂ ਨਾਲ ਜਾਣੂ ਕਰਵਾਓ ਅਤੇ ਉਸ ਨੂੰ ਦੱਸੋ ਕਿ ਕਿਵੇਂ ਤੁਸੀਂ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚੇ ਹੋ ਕਿਵੇਂ ਤੁਸੀਂ ਰਿਸ਼ਤਿਆਂ ਨੂੰ ਵੀ ਸਮਾਂ ਦਿੱਤਾ ਉਸ ਨੂੰ ਵੀ ਨਿੱਕੇ-ਨਿੱਕੇ ਕੰਮਾਂ ਵਿਚ ਮਿਹਨਤ ਕਰਨੀ ਸਿਖਾਓ ਸਾਂਝ ਬਣਾਏ ਹੀ ਬੰਦੀ ਹੈ ਸਿਰਫ ਸਵੇਰੇ ਇੱਕ ਗੁੱਡ ਮਾਰਨਿੰਗ ਅਤੇ ਰਾਤ ਨੂੰ ਗੁੱਡ ਨਾਈਟ ਕਰਨ ਨਾਲ ਬੱਚਿਆਂ ਦੇ ਦਿਲ ਵਿਚ ਘਰ ਨਹੀਂ ਬਣਾ ਸਕਦੇ। ਇੰਜ ਨਹੀਂ ਹੁੰਦਾ ਕਿਉਂਕਿ ਜਿੰਨੀ ਦੇਰ ਤੁਸੀਂ ਆਪਣੇ ਬੱਚਿਆਂ ਦੀ ਸੋਚ ਵਿਚਾਰ ਪਸੰਦ ਅਤੇ ਨਾ ਪਸੰਦ ਨੂੰ ਸਮਝੋਗੇ ਨਹੀਂ ਤਾਂ ਫਿਰ ਖੂਨ ਵਾਲੇ ਰਿਸ਼ਤੇ ਵੀ ਪਾਣੀ ਬਣਦੇ ਦੇਖੇ ਹਨ। ਸੋ ਇਸ ਤੋਂ ਪਹਿਲਾਂ ਕਿ ਖੂਨ ਹਮੇਸ਼ਾ ਲਈ ਪਾਣੀ ਬਣ ਜਾਵੇ ਉਸ ਖੂਨ ਦੇ ਰਿਸ਼ਤੇ ਨੂੰ ਪਿਆਰ ਤੇ ਸਾਂਝ ਦੀ ਖਾਦ ਨਾਲ ਸਿੱਝਣਾ ਸਿੱਖੋ ਕਿਉਂਕਿ ਇਹੀ ਬੁਢਾਪੇ ਵਿਚ ਮਨ ਨੂੰ ਇੱਕ ਤਸੱਲੀ ਅਤੇ ਸਕੂਨ ਦੇਵੇਗੀ।
ਸੋ, ਆਓ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਚਾਣ ਕੇ ਬੱਚਿਆਂ ਦੀ ਉੱਚ ਮਿਆਰੀ ਸ਼ਖ਼ਸੀਅਤ ਉਜਾਗਰ ਕਰਨ ਹਿੱਤ ਬੱਚਿਆਂ ਨੂੰ ਨੈਤਿਕਤਾ ਸਿਖਾਉਣ ਦੇ ਨਾਲ ਨਾਲ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਨੂੰ ਮਾਣੀਏ ਤੇ ਇੱਕ ਠੰਢਕ ਦੀ ਲਹਿਰ ਆਪਣੇ ਇਸ ਰਿਸ਼ਤੇ ਵਿਚ ਉਭਾਰੀਏ।
-ਮੋਬਾ. : 89680-00009