ਹੰਡਿਆਇਆ, 7 ਮਈ (ਗੁਰਜੀਤ ਸਿੰਘ ਖੱੁਡੀ)-ਸਟੈਂਡਰਡ ਚੌਕ ਹੰਡਿਆਇਆ ਦੇ ਨਜ਼ਦੀਕ ਕਣਕ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਨੇ ਨਾਲ ਲੱਗਦੇ ਲੱਕੜਾਂ ਵਾਲੇ ਆਰੇ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਆਰੇ ਵਿਚ ਕਾਫ਼ੀ ਆਰਥਿਕ ਨੁਕਸਾਨ ਹੋ ਗਿਆ | ਜਦੋਂ ਇਸ ਸਬੰਧੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਆਰੇ ਵਾਲੇ ਪੁੱਤਰ ਕਰਤਾਰ ਸਿੰਘ ਵਾਸੀ ਹੰਡਿਆਇਆ ਨੇ ਦੱਸਿਆ ਕਿ ਮੇਰੇ ਮੁਨਸ਼ੀ ਪ੍ਰਦੀਪ ਕੁਮਾਰ ਨੇ ਫ਼ੋਨ 'ਤੇ ਦੱਸਿਆ ਕਿ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਅੱਗੇ ਆਪਣੇ ਆਰੇ ਵੱਲ ਵਧ ਰਹੀ ਹੈ ਤੇ ਅੱਗ ਦੇ ਭਾਂਬੜ ਨਿਕਲਣ ਲੱਗ ਪਏ ਹਨ ਤਾਂ ਮੈ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਇਸ ਮੌਕੇ ਬਰਨਾਲਾ ਤੋਂ ਤਿੰਨ ਫਾਇਰ ਬਿ੍ਗੇਡ ਦੀਆਂ ਗੱਡੀਆਂ, ਇਕ ਤਪਾ ਤੋਂ ਅਤੇ ਇਕ ਆਈ.ਓ.ਐਲ ਫ਼ੈਕਟਰੀ ਧੌਲਾ ਤੋਂ ਮੌਕੇ 'ਤੇ ਪਹੁੰਚੀਆਂ | ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਵੱਡੇ ਨੁਕਸਾਨ ਤੋਂ ਬਚਾਅ ਕੀਤਾ ਕਿਉਂਕਿ ਇੱਥੇ ਨਾਲ ਹੀ ਰਿਹਾਇਸ਼ੀ ਏਰੀਆ ਤੇ ਪੈਟਰੋਲ ਪੰਪ ਤੇ ਹੋਟਲ ਵੀ ਮੌਜੂਦ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ 'ਚ ਰੋਜ਼ਾਨਾ ਹੀ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਰ ਕੇ ਘਟਨਾਵਾਂ ਵਾਪਰ ਰਹੀਆਂ ਹਨ | ਇਸ ਮੌਕੇ ਫਾਇਰ ਬਿ੍ਗੇਡ ਦੀ ਟੀਮ ਵਿਚ ਹਰਮਨਦੀਪ ਸਿੰਘ ਫਾਇਰਮੈਨ, ਮਨਦੀਪ ਸਿੰਘ ਡਰਾਈਵਰ, ਦਵਿੰਦਰ ਪਾਲ ਸਿੰਘ ਡਰਾਈਵਰ, ਗੁਰਪਿੰਦਰ ਪਾਲ ਸਿੰਘ ਡਰਾਈਵਰ, ਸੁਖਪ੍ਰੀਤ ਸਿੰਘ ਫਾਇਰਮੈਨ, ਅੰਮਿ੍ਤਪਾਲ ਸਿੰਘ ਫਾਇਰਮੈਨ, ਧਰਮਪ੍ਰੀਤ ਸਿੰਘ ਫਾਇਰਮੈਨ, ਯਾਦਵਿੰਦਰ ਸਿੰਘ ਫਾਇਰਮੈਨ, ਪੁਲਿਸ ਪਾਰਟੀ ਅਤੇ ਲੋਕ ਹਾਜ਼ਰ ਸਨ |