ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਸਾਹਿਬ ਪਿੰਡ ਪੰਡੋਰੀ (ਬਰਨਾਲਾ) ਵਿਖੇ ਸਟੋਰ ਰੂਮ ਵਿਚ ਅਚਾਨਕ ਅੱਗ ਲੱਗਣ ਕਾਰਨ 6 ਏ.ਸੀ. ਤੇ ਹੋਰ ਕੀਮਤੀ ਸਾਮਾਨ ਸੜ ਜਾਣ ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਇਸ ਸਬੰਧੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਪੰਡੋਰੀ ਨੇ ਮੁਹਤਬਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਗੁਰੂ ਘਰ ਦੇ ਦਰਬਾਰ ਸਾਹਿਬ ਅੰਦਰ ਡਾਊਨ ਸੀਲਿੰਗ ਦਾ ਕੰਮ ਚੱਲ ਰਿਹਾ ਹੈ | ਇਸ ਕਰ ਕੇ ਦਰਬਾਰ ਸਾਹਿਬ 'ਚ ਲਗਾਉਣ ਲਈ ਲਿਆਂਦੇ 6 ਏ.ਸੀ ਅਤੇ ਹੋਰ ਨਵੇਂ ਸਮਾਨ ਨੂੰ ਸਟੋਰ ਰੂਮ ਵਿਚ ਰੱਖਿਆ ਗਿਆ ਸੀ | ਇਸ ਮੌਕੇ ਨਵੇਂ 6 ਏ.ਸੀ, ਚੁਗਾਠਾਂ, ਅਲਮਾਰੀ, ਗੇਟ ਆਦਿ ਅੱਗ ਦੀ ਲਪੇਟ ਵਿਚ ਆ ਕੇ ਸੜ ਗਏ | ਪ੍ਰਧਾਨ ਜਗਤਾਰ ਸਿੰਘ ਜੌਹਲ ਨੇ ਦੱਸਿਆ ਕਿ ਦੁਪਹਿਰ ਸਾਢੇ ਤਿੰਨ ਕੁ ਵਜੇ ਦੇ ਕਰੀਬ ਅਚਾਨਕ ਸਟੋਰ ਰੂਮ ਵਿਚੋਂ ਧੂੰਆਂ ਨਿਕਲਦਾ ਵਿਖਾਈ ਦਿੱਤਾ | ਇਸ ਘਟਨਾ ਸਬੰਧੀ ਹੈੱਡ ਗ੍ਰੰਥੀ ਨੇ ਤੁਰੰਤ ਗੁਰੂ ਘਰ ਦੇ ਲਾਊਡ ਸਪੀਕਰ ਰਾਹੀਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ | ਤੁਰੰਤ ਇਕੱਠੇ ਹੋਏ ਨੌਜਵਾਨਾਂ, ਸੰਗਤਾਂ ਨੇ ਪਾਣੀ ਅਤੇ ਹੋਰ ਵੱਖ-ਵੱਖ ਸਾਧਨਾਂ ਦੀ ਮਦਦ ਨਾਲ ਸਖ਼ਤ ਮਿਹਨਤ ਕਰਦੇ ਹੋਏ ਅੱਗ 'ਤੇ ਕਾਬੂ ਪਾ ਕੇ ਆਲ਼ੇ ਦੁਆਲੇ ਦਾ ਹੋਰ ਵੱਡਾ ਨੁਕਸਾਨ ਹੋਣੋ ਬਚਾਅ ਲਿਆ | ਇਸ ਮੌਕੇ ਬਿੰਦਰ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਗੋਗੀ, ਨੰਬਰਦਾਰ ਜਗਰਾਜ ਸਿੰਘ, ਨਾਹਰ ਸਿੰਘ ਬੋਪਾਰਾਏ, ਅਜਮੇਰ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਸਿੰਘ, ਬਲਵੰਤ ਸਿੰਘ, ਨਵਦੀਪ ਸਿੰਘ, ਹਰੀ ਸਿੰਘ ਮਰਾਹੜ, ਕਾਲਾ ਸਿੰਘ ਬਾਠ ਆਦਿ ਹਾਜ਼ਰ ਸਨ |