ਧਨੌਲਾ, 1 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਲੜਕਿਆਂ ਦੇ ਸਕੂਲ ਅਤੇ ਗਊਸ਼ਾਲਾ ਧਨੌਲਾ ਦੇ ਬਿਲਕੁਲ ਸਾਹਮਣੇ ਮੁੱਖ ਮਰਗ ਦੇ ਕੂਹਣੀ ਮੋੜ 'ਤੇ ਡੇਢ ਸਾਲ ਤੋਂ ਖੜ੍ਹਾ ਨਿਕਾਸੀ ਪਾਣੀ ਇਕ ਵਿਅਕਤੀ ਦੀ ਜਾਨ ਤਾਂ ਲੈ ਚੁੱਕਾ ਹੈ | ਪ੍ਰਸ਼ਾਸਨ ਹੋਰ ਪਤਾ ਨਹੀਂ ਕਿਹੜੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ ਕੁੱਝ ਅਰਸਾ ਪਹਿਲਾਂ ਮਹਾਂਵੀਰ ਮੰਦਰ ਤੋਂ ਵਾਪਸ ਪਰਤਦਾ ਇਕ ਸੇਵਾਦਾਰ ਇਸ ਪਾਣੀ ਤੋਂ ਬਚਦਾ ਸੜਕ ਵਿਚਾਲੇ ਚਲਿਆ ਗਿਆ ਸੀ | ਪਿੱਛੇ ਤੋਂ ਆ ਰਹੇ ਚਾਰ ਪਹੀਆ ਵਾਹਨ ਨੇ ਉਸ ਨੂੰ ਡੇਢ ਕਿੱਲੋਮੀਟਰ ਤੱਕ ਘੜੀਸਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਇਸ ਗੱਲ ਨੂੰ ਤਕਰੀਬਨ ਸਾਰੀਆਂ ਹੀ ਅਖ਼ਬਾਰਾਂ ਨੇ ਬੜੀ ਗੰਭੀਰਤਾ ਨਾਲ ਛਾਪਿਆ | ਪ੍ਰੰਤੂ ਸੱਤਾਧਾਰੀ ਧਿਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ 'ਤੇ ਜੂੰਅ ਤੱਕ ਨਹੀਂ ਸਰਕੀ | ਸੱਤਾਧਾਰੀ ਧਿਰ ਦੇ ਨੁਮਾਇੰਦੇ ਕਰੋੜਾਂ ਰੁਪਏ ਮੰਡੀ 'ਤੇ ਖ਼ਰਚ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ | ਪ੍ਰੰਤੂ ਇਸ ਨਿਕਾਸੀ ਪਾਣੀ ਦਾ ਆਖ਼ਰ ਹੱਲ ਕਦੋਂ ਅਤੇ ਕੌਣ ਕਰੂ | ਸੱਤਾਧਾਰੀ ਧਿਰ ਦੇ ਸਥਾਨਕ ਨੁਮਾਇੰਦੇ ਨਿੱਕੇ ਮੋਟੇ ਕੈਂਪ ਲਗਾ ਕੇ ਖਾਨਾ ਪੂਰਤੀਆਂ ਕਰਦੇ ਅਕਸਰ ਦਿਖਾਈ ਦਿੰਦੇ ਹਨ | ਪ੍ਰੰਤੂ ਮੰਡੀ ਦੇ ਬੁਨਿਆਦੀ ਮਸਲਿਆਂ ਲਈ ਕਦੇ ਗੰਭੀਰ ਨਹੀਂ ਹੋਏ | ਅਨੇਕਾਂ ਘਪਲੇ ਜੱਗ ਜ਼ਾਹਰ ਹੋਏ ਪ੍ਰੰਤੂ ਅੱਜ ਤੱਕ ਕਿਸੇ ਵੀ ਲਾਪ੍ਰਵਾਹੀ ਵਰਤਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਜਿਸ ਤੋਂ ਅਕਸਰ ਇਹ ਚਰਚਾ ਛਿੜੀ ਰਹਿੰਦੀ ਹੈ ਕਿ ਸੱਤਾਧਾਰੀ ਧਿਰ ਦੇ ਥਾਪੜੇ ਨਾਲ ਹੀ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ | ਲੜਕਿਆਂ ਦੇ ਸਕੂਲ ਦੇ ਬਿਲਕੁਲ ਸਾਹਮਣੇ ਅਤੇ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਅੱਧੀ ਸੜਕ ਤੱਕ ਇਹ ਪਾਣੀ ਅਕਸਰ ਭਰਿਆ ਰਹਿੰਦਾ ਹੈ | ਤਕਰੀਬਨ ਅੱਧਾ ਕਿੱਲੋਮੀਟਰ ਦੀ ਬਾਹੀ ਤੱਕ ਸੜਕ 'ਤੇ ਖੜ੍ਹਾ ਹੈ | ਮੰਡੀ ਦੇ ਉੱਘੇ ਸਿੱਖਿਆ ਸ਼ਾਸਤਰੀ ਗੁਰਬਚਨ ਸਿੰਘ ਗਰੇਵਾਲ, ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਦੀਪਕ ਢਾਬੇ ਦੇ ਸਰਪ੍ਰਸਤ ਸੋਨਾ ਦੁੱਗਲ, ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਆਖਿਆ ਕਿ ਇਸ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਕਰ ਕੇ ਹੋਣ ਵਾਲੇ ਸੰਭਾਵੀ ਹਾਦਸਿਆਂ ਤੋਂ ਬਚਾ ਕੀਤਾ ਜਾਵੇ |