ਤਪਾ ਮੰਡੀ, 29 ਜਨਵਰੀ (ਪ੍ਰਵੀਨ ਗਰਗ)-ਇਲਾਕੇ ਅੰਦਰ ਪੀਰਖਾਨੇ ਤੋਂ ਦਰਾਜ ਫਾਟਕਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਇਸ ਕਦਰ ਖਸਤਾ ਹੈ, ਜਿਸ ਦਾ ਖ਼ਮਿਆਜ਼ਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭੋਗਣਾ ਪੈ ਰਿਹਾ ਹੈ | ਜਦ ਕਿ ਇਹ ਸੜਕ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਕਰੋੜਾਂ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਅਸਲੀ ਤਸਵੀਰ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਹਾਈਵੇ ਤੋਂ ਮਹੰਤ ਜੰਗੀਰ ਦਾਸ ਡੇਰਾ ਅਤੇ ਦਰਾਜ ਫਾਟਕ ਤੋਂ ਅੱਗੇ ਆਲੀਕੇ ਵੱਲ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋਣ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ | ਸੜਕ 'ਤੇ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਨ੍ਹਾਂ ਕਾਰਨ ਆਵਾਜਾਈ ਕਰਨ ਵਾਲੇ ਲੋਕ ਹਰ ਰੋਜ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਇਹ ਸੜਕ ਪਿਛਲੇ ਕਈ ਸਾਲਾਂ ਤੋਂ ਇਸ ਕਦਰ ਖਸਤਾ ਹਾਲਤ ਵਿਚ ਹੈ, ਜਿਸ ਦੀ ਅਜੇ ਤੱਕ ਸਬੰਧਿਤ ਵਿਭਾਗ ਨੇ ਸਾਰ ਲੈਣਾ ਮੁਨਾਸਬ ਹੀ ਨਹੀਂ ਸਮਝਿਆ | ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਖੱਡਿਆਂ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੀ ਤੌਰ 'ਤੇ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਦੇ ਨਾਅਰੇ ਤਾਂ ਬਹੁਤ ਲਗਾਉਂਦੀ ਹੈ, ਪਰ ਜ਼ਮੀਨੀ ਪੱਧਰ 'ਤੇ ਵਿਕਾਸ ਦੀ ਥਾਂ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰਹਿ ਗਏ ਹਨ | ਰਾਹਗੀਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੁੱਖ ਸੜਕ ਦੀ ਮੁਰੰਮਤ ਜਲਦੀ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |