ਟੱਲੇਵਾਲ, 29 ਜਨਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀ. ਸੈਕੰ. ਸਕੂਲ ਗਹਿਲ (ਬਰਨਾਲਾ) ਵਿਖੇ ਐਨ. ਐਸ. ਐਸ. ਕੈਂਪ ਦੇ ਦੂਜੇ ਦਿਨ ਸਮਾਜਿਕ ਕੁਰੀਤੀਆਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਿਆ ਗਿਆ | ਇਸ ਮੌਕੇ ਸੰਸਥਾ ਦੇ ਐਨ. ਐਸ. ਐਸ. ਵਿਭਾਗ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਪਹੁੰਚੇ 'ਜੈ ਹੋ ਰੰਗਮੰਚ' ਵਲੋਂ ਸ੍ਰੀ ਬਲਰਾਜ ਸਾਗਰ ਰਚਿਤ 'ਸੁਲਗਦੀ ਧਰਤੀ' ਨੁੱਕੜ ਨਾਟਕ ਪੇਸ਼ ਕੀਤਾ | ਨਾਟਕ ਰਾਹੀਂ ਨਸ਼ਿਆਂ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ | ਨਾਟਕ 'ਚ ਸੁਖਦੇਵ ਲੱਧੜ, ਆਸ਼ੂ ਨਯੀਅਰ ਤੇ ਸ਼ੁਭਦੀਪ ਸ਼ੁਭ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਜਿਨ੍ਹਾਂ ਵਲੋਂ ਦਿੱਤੇ ਗਏ ਸਾਰਥਿਕ ਸੰਦੇਸ਼ ਤੇ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਗਿਆ | ਸੰਸਥਾ ਦੇ ਪਿ੍ੰਸੀਪਲ ਚਰਨਦੀਪ ਸਿੰਘ (ਡਾ:) ਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਜਨਮੀਤ ਸਿੰਘ (ਡਾ:) ਨੇ ਟੀਮ ਨੂੰ ਸਨਮਾਨਿਤ ਕੀਤਾ | ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ: ਗੁਰਪ੍ਰੀਤ ਕੌਰ, ਹਰਮੀਤ ਕੌਰ ਸਿੱਧੂ (ਡਾ:), ਪ੍ਰੋ: ਅਮਨਦੀਪ ਕੌਰ ਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਜਨਮੀਤ ਸਿੰਘ (ਡਾ:) ਦੀ ਅਗਵਾਈ ਅਧੀਨ ਪਿੰਡ ਗਹਿਲ ਵਿਖੇ ਨਸ਼ਿਆਂ ਦੇ ਵਿਰੁੱਧ ਇਕ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਰਾਹੀਂ ਨੌਜਵਾਨਾਂ ਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਸਮਾਜ ਦੀ ਰਚਨਾ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਵਾਤਾਵਰਨ ਸੁਰੱਖਿਆ ਦੇ ਖੇਤਰ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ ਵਾਲੇ ਵਾਤਾਵਰਨ ਪ੍ਰੇਮੀ ਕਿਸਾਨਾਂ ਨੂੰ ਪਿੰਡ ਗਹਿਲ ਦੀ ਧਰਮਸ਼ਾਲਾ ਵਿਖੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸੰਸਥਾ ਦੀ ਲੋਕਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਨਿਸ਼ਾਨ ਸਿੰਘ ਭੋਲਾ, ਪਿ੍ੰਸੀਪਲ ਚਰਨਦੀਪ ਸਿੰਘ (ਡਾ:) ਅਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਵਲੋਂ ਗਗਨਦੀਪ ਸਿੰਘ (ਆਗੂ ਘੱਲੂਘਾਰਾ ਕਲੱਬ), ਸਤਨਾਮ ਸਿੰਘ ਭੁੱਲਰ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ ਨੂੰ ਸਨਮਾਨਿਤ ਕੀਤਾ |