ਮਹਿਲ ਕਲਾਂ, 29 ਜਨਵਰੀ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ. ਏ. ਯੂ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਵਲੋਂ ਪਿੰਡ ਪੰਡੋਰੀ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ | ਇਸ ਕੈਂਪ ਦੌਰਾਨ ਡਾ. ਅਮਨਦੀਪ ਕੌਰ ਜ਼ਿਲ੍ਹਾ ਪਸਾਰ ਵਿਗਿਆਨੀ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਨੇ ਦੱਸਿਆ ਕਿ ਮੌਜੂਦਾ ਹਾੜ੍ਹੀ ਦੀਆਂ ਫ਼ਸਲਾਂ ਤੋਂ ਵਧੇਰੇ ਝਾੜ ਲੈਣ ਲਈ ਖੁਰਾਕੀ ਤੱਤਾਂ ਦੀ ਵਰਤੋਂ, ਕੀੜੇ-ਮਕੌੜੇ ਤੇ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਉੱਪਰ ਪੋਟਾਸ਼ੀਅਮ ਨਾਈਟ੍ਰਰੇਟ ਦੇ ਛਿੜਕਾਅ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਤੇ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰਰੇਟ ਦੀਆਂ ਪ੍ਰਦਰਸ਼ਨੀਆਂ ਵੀ ਦਿਖਾਈਆਂ ਗਈਆਂ | ਇਸ ਦੌਰਾਨ ਬਾਰਿਸ਼ ਤੋਂ ਬਾਅਦ ਹਾੜ੍ਹੀ ਦੀਆਂ ਫ਼ਸਲਾਂ ਦਾ ਪ੍ਰਬੰਧਨ, ਨਦੀਨਾਂ ਦੀ ਰੋਕਥਾਮ ਅਤੇ ਕਣਕ ਦਾ ਬੀਜ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ | ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਮਿੱਟੀ ਪਰਖ ਕਰਵਾਉਣ ਲਈ ਵੀ ਜਾਗਰੂਕ ਕੀਤਾ | ਅੰਤ 'ਚ ਕਿਸਾਨਾਂ ਨੂੰ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਗਰਮ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ, ਦਾਲਾਂ, ਝੋਨੇ ਦੇ ਬੀਜ, ਚਾਰੇ ਵਾਲੀ ਮੱਕੀ ਅਤੇ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਸਾਹਿਤ ਬਾਰੇ ਦੱਸਿਆ ਗਿਆ |