ਸੰਗਰੂਰ, 29 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)-ਪਿਛਲੇ ਦਿਨੀਂ ਸਥਾਨਕ ਲਹਿਰਾਗਾਗਾ ਭਵਨ ਵਿਖੇ ਲਹਿਰਾਗਾਗਾ ਨਿਵਾਸੀ ਸਭਾ ਦੀ ਹੋਈ ਚੋਣ ਦੌਰਾਨ ਰਜਿੰਦਰ ਗੋਇਲ ਜੋ ਪਿਛਲੇ 17 ਸਾਲ ਤੋ ਇਸ ਸਭਾ ਦੀ ਅਗਵਾਈ ਕਰਦੇ ਆ ਰਹੇ ਹਨ, ਨੂੰ ਮੁੜ ਪ੍ਰਧਾਨ ਚੁਣੇ ਜਾਣ 'ਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ, ਜਿਨ੍ਹਾਂ 'ਚ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਪ੍ਰੋ. ਸੁਰੇਸ਼ ਗੁਪਤਾ, ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਖਿੱਪਲ, ਸਮਾਜ ਸੇਵੀ ਕਾਕਾ ਬਾਗੜੀ, ਵਿਜੈ ਸਿੰਗਲਾ, ਮਾਸਟਰ ਫ਼ਕੀਰ ਚੰਦ. ਡੀਆਰ ਗੋਇਲ ਐਸ. ਡੀ. ਓ., ਸਤੀਸ਼ ਭੋਲਾ, ਤਿਲਕ ਰਾਜ ਸਤੀਜਾ ਵਲੋਂ ਸਨਮਾਨਿਤ ਕੀਤਾ | ਸ੍ਰੀ ਡੀ. ਆਰ. ਗੋਇਲ ਤੇ ਵਿਜੈ ਸਿੰਗਲਾ ਨੇ ਦੱਸਿਆ ਕਿ ਸ੍ਰੀ ਰਜਿੰਦਰ ਗੋਇਲ ਜੋ ਕਿ ਪਿਛਲੇ 17 ਸਾਲਾਂ ਤੋਂ ਸਭਾ ਦੇ ਪ੍ਰਧਾਨ ਚੱਲੇ ਆ ਰਹੇ ਹਨ | ਇਸ ਸਭਾ ਦੇ ਨਾਲ ਸੰਬੰਧਿਤ ਸੰਗਰੂਰ ਵਿਖੇ 250 ਦੇ ਕਰੀਬ ਪਰਿਵਾਰ ਰਹਿੰਦੇ ਹਨ | ਸਭਾ ਵਲੋਂ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ, ਸਮੇਂ-ਸਮੇਂ 'ਤੇ ਮੈਡੀਕਲ ਚੈੱਕਅਪ ਕੈਪ ਅਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ | ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਦੇਖਭਾਲ ਲਈ ਅਤੇ ਉਨ੍ਹਾਂ ਦੀ ਲੋੜ ਮੁਤਾਬਕ ਬੈੱਡਾਂ ਦੀ ਮੁਰੰਮਤ, ਵਹੀਲ ਚੇਅਰ ਆਦਿ ਵੀ ਮੁਹੱਈਆ ਕਰਵਾਈ ਜਾਂਦੀਆਂ ਹਨ | ਇਸ ਮੌਕੇ ਸਮਾਜ ਸੇਵੀ ਵਿਜੈ ਕੁਮਾਰ ਸਿੰਗਲਾ ਸਾਬਕਾ ਸੁਪਰਡੰਟ ਪੀਡਬਲਯੂਡੀ ਵਿਭਾਗ, ਜਿਨ੍ਹਾਂ ਨੇ ਆਪਣੀ ਪਤਨੀ ਦੀ ਯਾਦ 'ਚ ਕਈ ਸਮਾਜਕ ਧਾਰਮਿਕ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਹੈ, ਨੂੰ ਤੇ ਸੁਰਿੰਦਰਪਾਲ ਗਰਗ ਨੂੰ ਸਮਾਜ ਸੇਵਾ ਲਈ ਸਨਮਾਨਿਤ ਕੀਤਾ |