ਬਰਨਾਲਾ, 22 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਐਸ. ਐਲ. ਆਈ. ਈ. ਟੀ.) ਵਿਚ 'ਰਿਸਰਚ ਸਸਟੇਨੇਬਿਲਟੀ ਲੈਬ' ਦੀ ਸਥਾਪਨਾ ਲਈ ਮੈਂਬਰ ਰਾਜ ਸਭਾ ਪਦਮਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਐਮੇਰਿਟਸ ਟਰਾਈਡੈਂਟ ਵਲੋਂ 1 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਗਿਆ | ਇਹ ਪਹਿਲ ਟਰਾਈਡੈਂਟ ਦੀਆਂ ਉਤਪਾਦਨ ਇਕਾਈਆਂ ਤੋਂ ਮਿਲਣ ਵਾਲੇ ਅਸਲ ਓਪਰੇਸ਼ਨਲ ਡਾਟਾ ਦੇ ਆਧਾਰ 'ਤੇ ਉਦਯੋਗਿਕ ਪਲਾਂਟਾਂ ਵਿਚ ਮਕੈਨੀਕਲ ਅਤੇ ਇਲੈਕਟਿ੍ਕਲ/ਇਲੈਕਟਰਾਨਿਕ ਪ੍ਰਣਾਲੀਆਂ ਵਿਚ ਆਉਣ ਵਾਲੀਆਂ ਖ਼ਰਾਬੀਆਂ ਲਈ ਇੰਜੀਨੀਅਰਿੰਗ ਹੱਲ ਵਿਕਸਿਤ ਕਰਨ 'ਤੇ ਕੇਂਦਰਿਤ ਹੋਵੇਗੀ | ਐਸ.ਐਲ.ਆਈ.ਈ.ਟੀ. ਦੇ ਨਿਰਦੇਸ਼ਕ ਪ੍ਰੋ. ਮਣੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਪ੍ਰੋ. ਰਵੀ ਕਾਂਤ ਮਿਸ਼ਰਾ, ਡੀਨ (ਅਲੂਮਨਾਈ ਅਤੇ ਉਦਯੋਗਿਕ ਸੰਬੰਧ) ਅਤੇ ਪ੍ਰੋ. ਸੁਰਿੰਦਰ ਸਿੰਘ, ਡੀਨ (ਰਿਸਰਚ ਅਤੇ ਕਨਸਲਟੈਂਸੀ) ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸੰਬੋਧਨ ਕਰਦਿਆਂ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਆਧੁਨਿਕ ਉਤਪਾਦਨ ਵਿਚ ਇੰਜੀਨੀਅਰਿੰਗ ਨਵੀਨਤਾ, ਤਕਨੀਕੀ ਸਹੀਪਨ ਅਤੇ ਡਾਟਾ-ਆਧਾਰਿਤ ਫ਼ੈਸਲਾ-ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਨਵੀਂ ਲੈਬ ਅਕਾਦਮਿਕ ਖੋਜ ਅਤੇ ਅਸਲ ਉਦਯੋਗਿਕ ਚੁਨੌਤੀਆਂ ਵਿਚਕਾਰ ਦੀ ਖਾਈ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਟਰਾਈਡੈਂਟ ਗਰੁੱਪ ਐਸ.ਐਲ.ਆਈ.ਈ.ਟੀ. ਦੇ 100 ਮੇਧਾਵੀ ਵਿਦਿਆਰਥੀਆਂ ਨੂੰ ਰੋਜ਼ਗਾਰ/ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰੇਗਾ, ਜਿਸ ਵਿਚ ਅਕਾਦਮਿਕ ਤੌਰ 'ਤੇ ਮਜ਼ਬੂਤ ਪਰ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ | ਸਮਾਗਮ ਦੌਰਾਨ ਨਿਰਦੇਸ਼ਕ ਪ੍ਰੋ. ਪਾਸਵਾਨ ਅਤੇ ਹੋਰ ਪ੍ਰਬੰਧਕਾਂ ਵਲੋਂ ਸ੍ਰੀ ਰਾਜਿੰਦਰ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |