ਬਰਨਾਲਾ, 22 ਜਨਵਰੀ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਇਕ ਵਿਅਕਤੀ ਨਾਲ 13 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਭੋਲੇ ਭਾਲੇ ਲੋਕਾਂ ਨੂੰ ਆਪਣੇ ਮੱਕੜ ਜਾਲ 'ਚ ਫਸਾ ਕੇ ਠੱਗੀਆਂ ਮਾਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਮੱੁਦਈ ਹਰਿੰਦਰ ਕੁਮਾਰ ਪੱੁਤਰ ਹੇਮ ਰਾਜ ਵਾਸੀ ਬਰਨਾਲਾ ਨੇ ਪੁਲਿਸ ਦੇ ਉਚ ਅਧਿਕਾਰੀਆਂ ਕੋਲੋਂ 18 ਦਸੰਬਰ 2025 ਨੂੰ ਇਕ ਨੰਬਰੀ ਦਰਖ਼ਾਸਤ ਦਿੱਤੀ ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਉਸ ਨੇ ਆਪਣੇ ਨਿੱਜੀ ਬੱਚਤ ਖਾਤੇ 'ਚੋਂ ਦੋ ਰਸੀਦਾਂ ਰਾਹੀਂ ਰਾਜ ਕੁਮਾਰ ਪੱੁਤਰ ਕੁਲਵੰਤ ਰਾਏ ਸ਼ਰਮਾ ਵਾਸੀ ਗੇਟ ਨੰ: 1 ਰਾਮ ਬਾਗ਼ ਰੋਡ ਬਰਨਾਲਾ ਨੂੰ 13 ਲੱਖ ਰੁਪਏ ਵਿਆਜ 'ਤੇ ਦਿੱਤੇ ਸਨ | ਸਮਾ ਬੀਤਣ ਤੋਂ ਬਾਅਦ ਜਦੋਂ ਮੱੁਦਈ ਨੇ ਆਪਣੇ ਪੈਸੇ ਮੰਗੇ ਤਾਂ ਰਾਜ ਕੁਮਾਰ ਕਹਿੰਦਾ ਕਿ ਤੂੰ ਜੋ ਕੁੱਝ ਕਰਨਾ ਹੈ ਕਰ ਲਓ, ਮੈ ਤੇਰੇ ਪੈਸੇ ਵਾਪਸ ਨਹੀਂ ਕਰਾਂਗਾ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਪਰਦੀਪ ਕੁਮਾਰ ਹਨ |