ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ 125 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਤਾਜੋ ਕੈਂਚੀਆਂ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਆ ਕੇ ਅਹਿਲਦਗੀ ਵਿਚ ਇਤਲਾਹ ਦਿੱਤੀ ਕਿ ਸੁਖਵਿੰਦਰ ਸਿੰਘ ਪੁੱਤਰ ਗੋਰਾ ਸਿੰਘ, ਭਗਵੰਤ ਸਿੰਘ ਪੁੱਤਰ ਰਾਜਾ ਸਿੰਘ, ਗਗਨਦੀਪ ਸਿੰਘ ਪੁੱਤਰ ਸਰੂਪ ਦਾਸ, ਕਾਲਾ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਬਾਜ਼ੀਗਰ ਬਸਤੀ ਤਪਾ ਜੋ ਸਸਤੇ ਰੇਟ ਪਰ ਨਸ਼ੀਲੀਆਂ ਗੋਲੀਆਂ ਲਿਆ ਕੇ ਤਪਾ ਸ਼ਹਿਰ ਵਿਚ ਵੇਚਣ ਦੇ ਆਦੀ ਹਨ | ਜੋ ਇਸ ਸਮੇਂ ਨਸ਼ੀਲੀਆਂ ਗੋਲੀਆਂ ਵੇਚਣ ਦੀ ਤਾਕ ਵਿਚ ਤਾਜੋ ਰੋਡ ਅਨਾਜ ਮੰਡੀ ਤਪਾ ਵਿਖੇ ਇਕੱਠੇ ਹੋਏ ਬੈਠੇ ਹਨ | ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਕੀਤੇ ਜਾ ਸਕਦੇ ਹਨ | ਪੁਲਿਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਰੇਡ ਕਰ ਕੇ ਦੋਸ਼ੀਆਂਨ ਨੂੰ 125 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ | ਪੁੱਛਗਿੱਛ ਦੌਰਾਨ ਦੋਸ਼ੀਆਨ ਨੇ ਦੱਸਿਆ ਕਿ ਦਰਬਾਰਾ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਤਪਾ ਵੀ ਇਸ ਧੰਦੇ 'ਚ ਉਨ੍ਹਾਂ ਦਾ ਸਹਿਯੋਗੀ ਹੈ | ਜਿਸ 'ਤੇ ਪੁਲਿਸ ਨੇ ਉਕਤ ਦੋਸ਼ੀ ਨੂੰ ਨਾਮਜ਼ਦ ਕਰ ਕੇ ਕਾਬੂ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ, ਹੌਲਦਾਰ ਇਕਬਾਲ ਸਿੰਘ, ਰਾਜਵਿੰਦਰ ਸਿੰਘ ਆਦਿ ਮੌਜੂਦ ਸਨ |