ਮਲੌਦ ਵਿਚ ਲਗਦੇ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ
ਰੇਤ ਭਰੇ ਟਿੱਪਰਾਂ, ਟਰੱਕ, ਟਰਾਲੀਆਂ ਕਾਰਨ ਸੜਕਾਂ ’ਤੇ ਖਿੱਲਰਦੀ ਹੈ ਬਜਰੀ
ਮਲੌਦ, 2 ਅਕਤੂਬਰ (ਸਹਾਰਨ ਮਾਜਰਾ)-ਮਲੌਦ ਸ਼ਹਿਰ ਵਿਚੋਂ ਲੰਘ ਰਹੇ ਭਾਰੀ ਲੋਡਡ ਵਾਹਨਾਂ, ਰੇਤ ਭਰੇ ਟਿੱਪਰਾਂ, ਟਰੱਕਾਂ ਕਾਰਨ ਲਗਦੇ ਮਿੰਟ ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ ਵਿਖਾਈ ਦੇ ਰਹੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਜਦੋਂਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਇਸੇ ਮੁਸ਼ਕਿਲ ਦੇ ਮੱਦੇਨਜ਼ਰ ਇੱਥੋਂ ਬਾਈਪਾਸ ਕੱਢਣ ਦਾ ਮੁੱਦਾ ਵਿਧਾਨ ਸਭਾ ਸੈਸ਼ਨ ਵਿਚ ਵੀ ਉਠਾ ਚੁੱਕੇ ਹਨ।
ਮਲੌਦ, 2 ਅਕਤੂਬਰ (ਸਹਾਰਨ ਮਾਜਰਾ)-ਮਲੌਦ ਸ਼ਹਿਰ ਵਿਚੋਂ ਲੰਘ ਰਹੇ ਭਾਰੀ ਲੋਡਡ ਵਾਹਨਾਂ, ਰੇਤ ਭਰੇ ਟਿੱਪਰਾਂ, ਟਰੱਕਾਂ ਕਾਰਨ ਲਗਦੇ ਮਿੰਟ ਮਿੰਟ ਬਾਅਦ ਜਾਮ ਤੋਂ 40 ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨ ਵਿਖਾਈ ਦੇ ਰਹੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਜਦੋਂਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਇਸੇ ਮੁਸ਼ਕਿਲ ਦੇ ਮੱਦੇਨਜ਼ਰ ਇੱਥੋਂ ਬਾਈਪਾਸ ਕੱਢਣ ਦਾ ਮੁੱਦਾ ਵਿਧਾਨ ਸਭਾ ਸੈਸ਼ਨ ਵਿਚ ਵੀ ਉਠਾ ਚੁੱਕੇ ਹਨ। ਪ੍ਰੇਸ਼ਾਨੀ ਭਰੇ ਆਲਮ ਵਿਚ ਰਾਹਗੀਰ ਸਿੱਧਾ ਸਵਾਲ ਪੁਲਿਸ ਜ਼ਿਲ੍ਹਾ ਖੰਨਾ ਨੂੰ ਕਰ ਰਹੇ ਹਨ ਕਿ ਕੀ ਟਰੈਫ਼ਿਕ ਨਿਯਮ ਸਿਰਫ਼ ਖੰਨਾ ਸ਼ਹਿਰ ਲਈ ਹੀ ਨੇ? ਜਾਂ ਉਸ ਦੇ ਅਧੀਨ ਪੈਂਦੇ ਸ਼ਹਿਰਾਂ, ਕਸਬਿਆਂ ਆਦਿ ਤੇ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ 15 ਦਿਨਾਂ ਲਈ ਚਲਾਈ ਗਈ ਪ੍ਰੈਸ਼ਰ ਹਾਰਨ ਅਤੇ ਵੱਡੇ ਸਾਈਲੈਂਸਰਾਂ ਵਿਰੁੱਧ ਮੁਹਿੰਮ ਮਲੌਦ, ਪਾਇਲ ਵੱਲ ਕਿਉਂ ਨਹੀਂ ਚਲਾਈ ਜਾ ਰਹੀ। ਜਦੋਂਕਿ ਬਹੁਤ ਸਾਰੇ ਸਕੂਲਾਂ/ਕਾਲਜਾਂ ਦੀਆਂ ਗੱਡੀਆਂ, ਬੱਸਾਂ ਤੇ ਕਥਿਤ ਤੌਰ ‘ਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ। ਇਸ ਤੋਂ ਇਲਾਵਾ ਰੇਤ ਬਜਰੀ ਭਰੇ ਟਿੱਪਰਾਂ, ਟਰੱਕ, ਟਰਾਲੀਆਂ ਕਾਰਨ ਵੀ ਲੋਕ ਪ੍ਰੇਸ਼ਾਨ ਹਨ ਕਿਉਂਕਿ ਓਵਰਲੋਡਡ ਕਾਰਨ ਜਿੱਥੇ ਸੜਕਾਂ ਤੇ ਬਜਰੀ ਖਿੱਲਰਦੀ ਹੈ ਉੱਥੇ ਨਾਲ ਹੀ ਸੜਕਾਂ ਟੁੱਟਦੀਆਂ ਹਨ ਅਤੇ ਭੀੜ ਵਿਚੋਂ ਦੀ ਲੰਘਣ ਕਾਰਨ ਕੋਈ ਨਾ ਕੋਈ ਹਾਦਸਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਪਤਾ ਨਹੀਂ ਕਿਉਂ ਮਲੌਦ ਪੁਲਿਸ ਦਾ ਇਸ ਟਰੈਫ਼ਿਕ ਸਮੱਸਿਆ ਵੱਲ ਰਤਾ ਵੀ ਧਿਆਨ ਨਹੀਂ ਹੈ। ਮਰਹੂਮ ਬਾਬੂ ਸੁਰਿੰਦਰ ਕੁਮਾਰ ਬਗਈ ਵਲੋਂ ਲਗਦੇ ਜਾਮ ਦਾ ਮੁੱਦਾ ਪੂਰੀ ਗਰਮਜੋਸ਼ੀ ਨਾਲ ਉਠਾ ਕੇ ਸਾਰਾ ਮਸਲਾ ਮਾਨਯੋਗ ਅਦਾਲਤ ਵਿਚ ਰੱਖਿਆ ਸੀ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਸਮੇਂ ਦੀ ਕਾਬਜ਼ ਨਗਰ ਪੰਚਾਇਤ ਮਲੌਦ ਵਲੋਂ ਕੁੱਝ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਸੀ ਪ੍ਰੰਤੂ ਪਤਾ ਲੱਗਾ ਕਿ ਕੁੱਝ ਕਥਿਤ ਤੌਰ ‘ਤੇ ਅਜੇ ਵੀ ਬਰਕਰਾਰ ਹਨ। ਕਥਿਤ ਤੌਰ ‘ਤੇ ਗ਼ੈਰਕਾਨੂੰਨੀ ਮਾਈਨਿੰਗ ਨਿਕਾਸੀ ਲਈ ਲੋਕਾਂ ਵਲੋਂ ਇਹ ਰਸਤਾ ਕਾਫ਼ੀ ਸੁਰੱਖਿਅਤ ਮੰਨਿਆ ਹੋਣ ਕਾਰਨ ਸਵੇਰੇ ਤੋਂ ਸ਼ਾਮ ਤੱਕ ਰੇਤ ਬਜਰੀ ਭਰੇ ਟਿੱਪਰ, ਟਰੱਕ ਕਾਫ਼ੀ ਗਿਣਤੀ ਵਿੱਚ ਇੱਥੋਂ ਦੀ ਲੰਘਦੇ ਹਨ। ਜਦੋਂਕਿ ਸਕੂਲੀ ਵਿਦਿਆਰਥੀਆਂ, ਮੁਲਾਜ਼ਮਾਂ, ਹੋਰ ਰੋਜ਼ਾਨਾ ਕੰਮਾਂ ਕਾਰਾਂ ਵਾਲਿਆਂ ਦੇ ਸਮੇਂ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਕਈ ਵਾਰ ਟਿੱਪਰਾਂ, ਟਰੱਕਾਂ ਵਾਲੇ ਸਕੂਲ ਦੇ ਐਨ ਕੋਲ ਮੁੱਖ ਸੜਕ ‘ਤੇ ਵਾਹਨ ਖੜ੍ਹੇ ਕਰ ਕੇ ਸਕੂਲੀ ਵਿਦਿਆਰਥੀਆਂ ਲਈ ਖ਼ਤਰਾ ਬਣੇ ਰਹਿੰਦੇ ਹਨ। ਇਸ ਤੋਂ ਇਲਾਵਾ ਸੜਕ ਵਿਭਾਗ ਕੁੱਪ ਕਲਾਂ ਸੜਕ ‘ਤੇ ਖੱਡੇ ਜਾਂ ਟੱਟੀ ਸੜਕ ਦੇ ਕੁੱਝ ਟੋਏ ਭਰ ਕੇ ਖਾਨਾਪੂਰਤੀ ਕਰ ਗਿਆ ਹੈ। ਜਦੋਂਕਿ ਮਲੌਦ ਸ਼ਹਿਰ ਵਿਚ ਬਹੁਤ ਸਾਰੇ ਡੂੰਘੇ ਖੱਡੇ ਅਜੇ ਓਵੇਂ ਹੀ ਹਨ। ਜੋ ਰਾਹਗੀਰਾਂ ਦੀ ਜਾਨ ਮਾਲ ਲਈ ਖ਼ਤਰਾ ਬਣੇ ਹੋਏ ਹਨ। ਸਬ-ਤਹਿਸੀਲ ਅਤੇ ਕਈ ਹੋਰ ਥਾਵਾਂ ਤੇ ਸਿੱਧੇ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ ਤੇ ਹਨ। ਪੁਰਾਣੇ ਥਾਣੇ ਵਾਲੀ ਇਮਾਰਤ ਅੱਗੇ ਲੋਕਾਂ ਵਲੋਂ ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨ ਖੜ੍ਹੇ ਕਰਨ ਕਰ ਕੇ ਫਿਰ ਜਾਮ ਲੱਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੰਪਨੀਆਂ ਦੇ ਮਸ਼ਹੂਰੀਆਂ ਵਾਲੇ ਵੱਡੇ ਤੇ ਪ੍ਰਚਾਰ ਬੋਰਡ ਵੀ ਸੜਕਾਂ ‘ਤੇ ਲਗਾਏ ਜਾ ਰਹੇ ਹਨ। ਪ੍ਰੰਤੂ ਕਾਰਜ ਸਾਧਕ ਅਫ਼ਸਰ ਮਲੌਦ ਅਤੇ ਹੋਰ ਅਧਿਕਾਰੀ, ਕਰਮਚਾਰੀ ਖ਼ਾਮੋਸ਼ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਪੁਲਿਸ ਥਾਣਾ ਚੋਮੋਂ ਪਿੰਡ ਬਣਨ ਕਾਰਨ ਕੁੱਝ ਲੋਕ ਮਨਮਰਜ਼ੀਆਂ ਕਰਦੇ ਵਿਖਾਈ ਦਿੰਦੇ ਹਨ। ਪਤਾ ਲੱਗਾ ਹੈ ਕਿ ਲੋਕਾਂ ਵਲੋਂ ਵਾਰ ਵਾਰ ਧਿਆਨ ਵਿਚ ਲਿਆਉਣ ਤੇ ਟਰੈਫ਼ਿਕ ਸਮੱਸਿਆ ਦਾ ਮੁੱਖ ਮੁੱਦਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਨ ਸਭਾ ਵਿਚ ਵੀ ਉਠਾ ਕੇ ਬਾਈਪਾਸ ਕੱਢਣ ਦੀ ਗੱਲ ਕਰ ਚੁੱਕੇ ਹਨ। ਲੋਕਾਂ ਦੀ ਮੰਗ ਹੈ ਕਿ ਉਕਤ ਸਮੱਸਿਆਵਾਂ ਵੱਲ ਨਿੱਜੀ ਤੌਰ ‘ਤੇ ਧਿਆਨ ਦੇ ਕੇ ਆਵਾਜਾਈ ਦੀ ਸਮੱਸਿਆ ਦਾ ਹੱਲ ਤੁਰੰਤ ਕਰਵਾਇਆ ਜਾਵੇ।