11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਫਰੈਸ਼ਰ ਪਾਰਟੀ ਉਤਸ਼ਾਹ ਤੇ ਰੌਣਕਾਂ ਨਾਲ ਸਮਾਪਤ

ਅਜੀਤ ਡੈਸਕ 01-06-2026
ਬੀਜਾ, 31 ਮਈ (ਅਵਤਾਰ ਸਿੰਘ ਜੰਟੀ ਮਾਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਪ੍ਰੋਗਰਾਮ ਬੜੇ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨਾ ਅਤੇ ਉਨ੍ਹਾਂ ਨੂੰ ਸਕੂਲ ਦੇ ਪਰਿਵਾਰ ਦਾ ਅਹਿਮ ਹਿੱਸਾ ਹੋਣ ਦਾ ਅਹਿਸਾਸ ਕਰਵਾਉਣਾ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਭੰਗੜਾ, ਸੋਲੋ ਡਾਂਸ, ਗੀਤ, ਕਵਿਤਾਵਾਂ ਅਤੇ ਹੋਰ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਸਮੁੱਚੇ ਮਾਹੌਲ ਨੂੰ ਖੁਸ਼ਗਵਾਰ ਅਤੇ ਮਨਮੋਹਕ ਬਣਾ ਦਿੱਤਾ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਉਨ੍ਹਾਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਆਪਣੇ ਸੰਬੋਧਨ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਮਨੁੱਖ ਦੇ ਭਵਿੱਖ ਦੀ ਨੀਂਹ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਸਿੱਖੀ- ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਵਿੱਚ ਸਹਾਇਕ ਸਾਬਤ ਹੁੰਦੇ ਹਨ। ਫਰੈਸ਼ਰ ਪਾਰਟੀ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸਮੁੱਚੀ ਸ਼ਖ਼ਸੀਅਤ ਦੇ ਆਧਾਰ ‘ਤੇ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦੀ ਚੋਣ ਕੀਤੀ ਗਈ ਜਿਨ੍ਹਾਂ ਵਿੱਚ ਮਿਸ ਫਰੈਸ਼ਰ ਖੁਸ਼ੀ ਅਤੇ ਮਿਸਟਰ ਫਰੈਸ਼ਰ ਜਸਰਾਜਦੀਪ ਸਿੰਘ ਨੂੰ ਚੁਣਿਆ ਗਿਆ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਦੁਆਰਾ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਇਸ ਯਾਦਗਾਰੀ ਸਮਾਗਮ ਨੂੰ ਸਫਲ ਬਣਾਉਣ ਲਈ ਇੱਕ-ਦੂਜੇ ਨੂੰ ਵਧਾਈ ਦਿੱਤੀ। ਸਮੁੱਚਾ ਸਮਾਗਮ ਵਿਦਿਆਰਥੀਆਂ ਲਈ ਯਾਦਗਾਰੀ ਪਲ ਬਣ ਗਿਆ ਅਤੇ ਖੁਸ਼ੀ, ਸਾਂਝ ਅਤੇ ਭਾਈਚਾਰਕ ਏਕਤਾ ਦਾ ਸੁੰਦਰ ਪ੍ਰਤੀਕ ਸਾਬਤ ਹੋਇਆ।
ਪਿਛਲੀ ਖ਼ਬਰ ਸਿੱਧੂ ਹਸਪਤਾਲ ਦੋਰਾਹਾ ਵਿਖੇ ਖੰਡੂਏ ਤੇ ਤਾਲੂਏ ਦੇ ਮੁਫ਼ਤ ਅਪਰੇਸ਼ਨ ਨਿਰੰਤਰ ਜਾਰੀ- ਡਾਕਟਰ ਸਿੱਧੂ ਅਗਲੀ ਖ਼ਬਰ ਰੋੜੀਆਂ ਵਿਖੇ ਡਾ. ਅੰਬੇਡਕਰ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।