ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਜੋੜਨ ਵਾਲੀ ਸੜਕ ਦੀ ਬਦਤਰ ਹਾਲਤ ਕਾਰਨ ਜੀ. ਟੀ. ਰੋਡ ਉੱਪਰ ਪੈਂਦੇ ਭਾਦਲਾ ਚੌਕ 'ਤੇ ਲੋਕਾਂ ਨੇ ਸਰਵਿਸ ਲੇਨ ਉੱਪਰ ਜ਼ਬਰਦਸਤ ਧਰਨਾ ਦਿੱਤਾ | ਇਸ ਨਾਲ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੋਵੇਂ ਪਾਸਿਆਂ ਦਾ ਟ੍ਰੈਫ਼ਿਕ ਪੂਰੀ ਤਰ੍ਹਾਂ ਠੱਪ ਹੋ ਗਿਆ | ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਲੋਕਾਂ ਦਾ ਕਹਿਣਾ ਹੈ ਕਿ ਖੰਨਾ ਤੋਂ ਵਾਇਆ ਖੇੜੀ ਚੰਡੀਗੜ੍ਹ ਜਾਣ ਵਾਲੀ ਇਹ ਸੜਕ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਹੈ | ਅੱਜ ਹਾਲਤ ਇਹ ਹੈ ਕਿ ਸੜਕ ਜਗਾ-ਜਗਾ ਖੱਡਿਆਂ ਕਾਰਨ ਟਿੱਬੇ ਦਾ ਰੂਪ ਧਾਰ ਚੁੱਕੀ ਹੈ | ਇਸ ਸੜਕ ਰਾਹੀਂ 50 ਤੋਂ ਵੱਧ ਪਿੰਡ ਸਿੱਧੇ ਤੌਰ 'ਤੇ ਜੁੜਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਧਰਨੇ ਲਗਾਏ ਗਏ ਹਨ | ਹੁਣ 7 ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਟੈਂਡਰ ਲੱਗ ਗਏ ਹਨ | 29 ਤਾਰਿਕ ਨੂੰ ਕੰਮ ਸ਼ੁਰੂ ਹੋਵੇਗਾ | ਅੱਜ ਤੱਕ 29 ਤਾਰਿਕ ਨਹੀਂ ਆਈ | ਅੱਜ ਵੀ ਸਕਰੈਪ ਨਾਲ ਭਰਿਆ ਟਰੱਕ ਪਲਟ ਗਿਆ | ਇਹ ਟਰੱਕ ਕਾਰ ਦੇ ਉੱਪਰ ਪਲਟ ਜਾਣਾ ਸੀ ਤੇ ਵੱਡਾ ਹਾਦਸਾ ਹੋ ਸਕਦਾ ਸੀ |