ਪਿੰਡ ਖੇੜਾ ਵਿਖੇ ਦੁੱਧ ਦੀ ਡੇਅਰੀ ਦੇ ਗਾਹਕਾਂ ਨੂੰ ਲੈ ਕੇ ਹੋਈ ਜੰਮ ਕੇ ਲੜਾਈ, ਕਈ ਜ਼ਖ਼ਮੀ
ਅਜੀਤ ਡੈਸਕ
02-04-2026
ਡੇਹਲੋਂ, 1 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਖੇੜਾ ਵਿਖੇ ਦੋ ਧਿਰਾਂ ਦਰਮਿਆਨ ਦੁੱਧ ਦੀ ਡੇਅਰੀ ਦੇ ਧੰਦੇ ਨੂੰ ਲੈ ਕੇ ਹੋਈ ਆਪਸੀ ਤਕਰਾਰਬਾਜ਼ੀ ਬਾਅਦ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਸੰਬੰਧੀ ਡੇਹਲੋਂ ਪੁਲਿਸ ਵਲੋਂ ਜੁਰਮ 333, 324 (4), 191 (3), 190 ਬੀ. ਐਨ. ਐੱਸ. ਅਧੀਨ ਬਰਿਖ਼ਲਾਫ਼ ਮਨਜਿੰਦਰ ਸਿੰਘ ਉਰਫ਼ ਮੌਂਟੀ, ਨਵਜੋਤ ਸਿੰਘ ਉਰਫ਼ ਸੈਂਟੀ ਪੁੱਤਰਾਨ ਪਰਮਜੀਤ ਸਿੰਘ, ਜਸ਼ਨਦੀਪ ਸਿੰਘ ਉਰਫ਼ ਗਾਂਧੀ ਵਾਸੀਆਨ ਪਿੰਡ ਖੇੜਾ, ਗਗਨਦੀਪ ਸਿੰਘ ਉਰਫ਼ ਗੋਲਡੀ ਵਾਸੀ ਲਹਿਰਾ ਅਤੇ 5-6 ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕਰ ਲਿਆ ਹੈ | ਪੁਲਿਸ ਕੋਲ ਵੰਸ਼ ਭਾਰਦਵਾਜ ਪੁੱਤਰ ਲੇਟ ਜਗਦੀਪ ਭਾਰਦਵਾਜ ਵਾਸੀ ਪਿੰਡ ਖੇੜਾ ਵਲੋਂ ਲਿਖਾਏ ਬਿਆਨਾਂ ਵਿਚ ਦੱਸਿਆ ਕਿ ਪਿੰਡ ਖੇੜਾ ਵਿਖੇ ਦੁੱਧ ਦੀ ਡਾਇਰੀ ਦਾ ਕੰਮ ਕਰਦਾ ਹਾਂ | ਪਰ ਮਨਜਿੰਦਰ ਸਿੰਘ ਉਰਫ਼ ਮੌਂਟੀ, ਨਵਜੋਤ ਸਿੰਘ ਉਰਫ਼ ਸੈਂਟੀ ਪੁੱਤਰਾਨ ਪਰਮਜੀਤ ਸਿੰਘ, ਜਸ਼ਨਦੀਪ ਸਿੰਘ ਉਰਫ਼ ਗਾਂਧੀ ਵਾਸੀਆਨ ਪਿੰਡ ਖੇੜਾ, ਗਗਨਦੀਪ ਸਿੰਘ ਉਰਫ਼ ਗੋਲਡੀ ਵਾਸੀ ਲਹਿਰਾ ਨੇ ਕਰੀਬ 5-4 ਦਿਨ ਪਹਿਲਾਂ ਆਪਣੀ ਵੱਖ ਸਾਂਝੀ ਡਾਇਰੀ ਖੋਲ੍ਹ ਲਈ ਸੀ, ਜਿਨ੍ਹਾਂ ਨੇ ਮੇਰੇ ਗਾਹਕਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਮੈਂ ਗਗਨਦੀਪ ਸਿੰਘ ਉਰਫ਼ ਗੋਲਡੀ ਨੂੰ ਫ਼ੋਨ 'ਤੇ ਕਿਹਾ ਕਿ ਇਸ ਤਰਾਂ ਗਾਹਕਾਂ ਨੂੰ ਤੋੜਨਾ ਗਲਤ ਹੈ | ਜਿਸ 'ਤੇ ਸਾਡੀ ਆਪਸ ਵਿਚ ਬਹਿਸਬਾਜੀ ਹੋ ਗਈ ਸੀ ਤੇ 31 ਮਾਰਚ ਨੂੰ ਮੈਂ ਸਮੇਤ ਮੇਰੇ ਪਰਿਵਾਰਕ ਮੈਂਬਰਾਂ ਦੇ ਘਰ ਵਿਚ ਬੈਠਾ ਸੀ ਤਾਂ ਮਨਜਿੰਦਰ ਸਿੰਘ ਉਰਫ ਮੌਂਟੀ ਅਤੇ ਜਸ਼ਨਦੀਪ ਸਿੰਘ ਉਰਫ ਗਾਂਧੀ, ਨਵਜੋਤ ਸਿੰਘ ਉਰਫ ਸੈਂਟੀ, ਗਗਨਦੀਪ ਸਿੰਘ ਉਰਫ਼ ਗੋਲਡੀ ਮੇਰੇ ਘਰ ਅੱਗੇ ਆਏ ਤੇ ਮੇਰੇ ਨਾਲ ਗਾਲੀ ਗਲੋਚ ਕਰਨ ਲੱਗੇ | ਜਿਨ੍ਹਾਂ ਤੋਂ ਬਚਣ ਲਈ ਮੈਂ ਆਪਣਾ ਘਰ ਦੇ ਅੰਦਰ ਜਾ ਕੇ ਆਪਣਾ ਗੇਟ ਬੰਦ ਕਰਨ ਲੱਗਾ ਤਾਂ ਉਕਤਾਨ ਵਿਅਕਤੀ ਜ਼ਬਰਦਸਤੀ ਮੇਰੇ ਘਰ ਦਾ ਗੇਟ ਖੋਲ੍ਹ ਕੇ ਮੇਰੇ ਘਰ ਅੰਦਰ ਸਮੇਤ ਹਥਿਆਰ ਦਾਖਲ ਹੋ ਗਏ | ਜਿਨ੍ਹਾਂ ਨੇ ਮੇਰੇ ਘਰ ਅੰਦਰ ਦਾਖਲ ਹੋ ਕੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਘਰ ਵਿਚ ਖੜੀ ਮੇਰੀ ਸਕੂਟਰੀ ਪੀ.ਬੀ.-10.ਕੇ.ਜੀ.-3614 ਮਾਰਕਾ ਟੀ.ਵੀ.ਐੈੱਸ ਜੂਪੀਟਰ ਰੰਗ ਗਰੇਅ ਦੀ ਭੰਨਤੋੜ ਕੀਤੀ | ਉਸ ਨੇ ਦੱਸਿਆ ਕਿ ਮੈਂ ਸਾਰੀ ਘਟਨਾ ਬਾਰੇ ਆਪਣੀ ਭੂਆ ਦੇ ਲੜਕੇ ਪ੍ਰਵੇਸ਼ ਸ਼ਰਮਾ ਪੁੱਤਰ ਮਹੇਸ਼ ਸ਼ਰਮਾ ਵਾਸੀ ਜੁਹੀ ਇੰਕਲੇਵ ਹੈਬੋਵਾਲ ਕਲਾਂ ਨੂੰ ਦੱਸਿਆ | ਜਿਸ 'ਤੇ ਪ੍ਰਵੇਸ਼ ਸ਼ਰਮਾ ਉਕਤ ਸਮੇਤ ਆਪਣੇ ਪਿਤਾ ਮੇਰੇ ਫੁੱਫੜ ਮਹੇਸ਼ ਸ਼ਰਮਾ ਪਿੰਡ ਖੇੜਾ ਵਿਖੇ ਡਾਇਰੀ 'ਤੇ ਪੁੱਜੇ ਤੇ ਅਸੀ ਸਾਰੇ ਗੋਲਡੀ ਦੀ ਡਾਇਰੀ 'ਤੇ ਪੁੱਜੇ ਤੇ ਇਨ੍ਹਾਂ ਨੂੰ ਸਾਡੇ ਘਰ ਆ ਕੇ ਕੁੱਟਮਾਰ ਕਰਨ ਦਾ ਕਾਰਨ ਬਾਰੇ ਪੁੱਛਣ ਲੱਗੇ, ਜਿਸ 'ਤੇ ਆਪਸੀ ਬਹਿਸਬਾਜੀ ਤੇ ਹੱਥੋਪਾਈ ਹੋਣ ਲੱਗੀ | ਫਿਰ ਨਵਜੋਤ ਸਿੰਘ ਉਰਫ਼ ਸੈਂਟੀ ਨੇ ਆਪਣੇ ਹੱਥ ਵਿਚ ਫੜੇ ਤੇਜ਼ਧਾਰ ਦਾਤਰ ਨਾਲ ਮੇਰੇ ਫੁੱਫੜ ਮਹੇਸ਼ ਸ਼ਰਮਾ ਦੇ ਸਿਰ ਵਿਚ ਵਾਰ ਕੀਤਾ, ਜਿਸ ਨਾਲ ਮੇਰਾ ਫੁੱਫੜ ਲਹੂ ਲੁਹਾਨ ਹੋ ਗਿਆ ਅਤੇ ਪ੍ਰਵੇਸ਼ ਸ਼ਰਮਾ ਨੇ ਪਿਸਤੌਲ 45 ਬੋਰ ਨਾਲ ਪਹਿਲਾ ਹਵਾਈ ਫਾਇਰ ਕੀਤਾ ਤੇ ਜਦੋਂ ਉਕਤ ਵਿਅਕਤੀ ਮੇਰੇ ਫੁੱਫੜ ਦੀ ਕੁੱਟ ਮਾਰ ਕਰਨ ਤੇ ਨਹੀਂ ਹਟੇ ਤਾਂ ਪ੍ਰਵੇਸ਼ ਸ਼ਰਮਾ ਨੇ ਆਪਣੇ ਪਿਸਤੌਲ ਨਾਲ ਇਨ੍ਹਾਂ ਵਿਅਕਤੀਆਂ ਦੇ ਲੱਤਾਂ ਵਿਚ ਫਾਇਰ ਮਾਰਿਆ ਜੋ ਅੱਗੇ ਨਵਜੋਤ ਸਿੰਘ ਸੈਂਟੀ ਦੇ ਲੱਤ ਵਿਚ ਲੱਗਾ | ਉਸ ਤੋਂ ਬਾਅਦ ਮੌਕਾ 'ਤੇ ਭਗਦੜ ਮੱਚ ਗਈ ਤੇ ਸਾਰੇ ਵਿਅਕਤੀ ਮੌਕਾ ਤੋਂ ਭੱਜ ਗਏ | ਇਸ ਸੰਬੰਧੀ ਡੇਹਲੋਂ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਮੁਕੱਦਮੇ ਦਰਜ ਕਰ ਦਿੱਤੇ ਹਨ, ਪਹਿਲੀ ਧਿਰ ਖ਼ਿਲਾਫ਼ ਜੁਰਮ 333, 324 (4), 191 (3), 190 ਬੀ. ਐਨ. ਐੈੱਸ. ਅਧੀਨ ਬਰਿਖ਼ਲਾਫ਼ ਮਨਜਿੰਦਰ ਸਿੰਘ ਉਰਫ਼ ਮੌਂਟੀ, ਨਵਜੋਤ ਸਿੰਘ ਉਰਫ਼ ਸੈਂਟੀ ਪੁੱਤਰਾਨ ਪਰਮਜੀਤ ਸਿੰਘ, ਜਸ਼ਨਦੀਪ ਸਿੰਘ ਉਰਫ਼ ਗਾਂਧੀ ਵਾਸੀਆਨ ਪਿੰਡ ਖੇੜਾ, ਗਗਨਦੀਪ ਸਿੰਘ ਉਰਫ਼ ਗੋਲਡੀ ਵਾਸੀ ਲਹਿਰਾ ਅਤੇ 5-6 ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਦਰਜ਼ ਕਰ ਲਿਆ ਹੈ ਅਤੇ ਦੂਸਰੀ ਧਿਰ ਤੇ 115 (2), 109 ਬੀ. ਐਨ. ਐੈੱਸ. ਅਧੀਨ ਬਰਿਖ਼ਲਾਫ਼ ਵੰਸ਼ ਭਾਰਦਵਾਜ, ਪ੍ਰਵੇਸ਼ ਸ਼ਰਮਾ, ਮਹੇਸ਼ ਕੁਮਾਰ ਖ਼ਿਲਾਫ਼ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪਹਿਲੀ ਧਿਰ ਦੇ ਵੰਸ਼ ਭਾਰਦਵਾਜ, ਪ੍ਰਵੇਸ਼ ਸ਼ਰਮਾ ਅਤੇ ਦੂਸਰੀ ਧਿਰ ਦੇ ਗਗਨਦੀਪ ਸਿੰਘ ਸਮੇਤ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |