ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਖੰਨਾ, 1 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇੱਕ ਵੱਡੇ ਫ਼ਰਜ਼ੀ ਮੈਡੀਕਲ ਅਤੇ ਡੋਪ ਟੈਸਟ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਗਿਰੋਹ ਲੰਮੇ ਸਮੇਂ ਤੋਂ ਸਰਕਾਰੀ ਸਿਸਟਮ ਵਿੱਚ ਸੰਨ੍ਹ ਲਗਾ ਕੇ ਨਾਜਾਇਜ਼ ਕਮਾਈ ਕਰ ਰਿਹਾ ਸੀ | ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਗਿਰੋਹ ਦਾ ਮਾਸਟਰਮਾਈਾਡ 23 ਸਾਲਾ ਬੀ. ਬੀ. ਏ. ਡਰਾਪਆਊਟ ਮੰਚਿਤ ਕੁਮਾਰ ਹੈ, ਜੋ ਘੱਟ ਸਮੇਂ ਵਿੱਚ ਅਮੀਰ ਬਣਨ ਦੀ ਚਾਹਤ ਰੱਖਦਾ ਸੀ |
ਇਸ ਮਾਮਲੇ ਸੰਬੰਧੀ ਖੰਨਾ ਐਸ. ਐਸ. ਪੀ ਡਾ. ਦਰਪਨ ਆਲੂਵਾਲੀਆ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੰਚਿਤ ਕੁਮਾਰ ਨੇ ਪਹਿਲਾਂ ਕਿ੍ਪਟੋਕਰੰਸੀ ਵਿੱਚ ਨਿਵੇਸ਼ ਕੀਤਾ ਸੀ, ਪਰ ਉਸ ਨੂੰ ਉਮੀਦ ਮੁਤਾਬਿਕ ਲਾਭ ਨਹੀਂ ਮਿਲਿਆ | ਇਸ ਤੋਂ ਬਾਅਦ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਇੱਕ ਅਜਿਹਾ ਨੈੱਟਵਰਕ ਤਿਆਰ ਕੀਤਾ ਜੋ ਪੂਰੀ ਤਰ੍ਹਾਂ ਅਸਲੀ ਜਾਪਦਾ ਸੀ | ਇਸ ਕੰਮ ਵਿੱਚ ਲੁਧਿਆਣਾ ਦੇ ਫੀਲਡਗੰਜ ਦਾ ਰਹਿਣ ਵਾਲਾ ਰਮੇਸ਼ ਕੁਮਾਰ ਉਰਫ਼ ਟੋਨੀ ਉਸ ਦਾ ਸਾਥੀ ਸੀ | ਇਸ ਰੈਕਟ ਦੀ ਨੀਂਹ ਕੋਵਿਡ-19 ਮਹਾਮਾਰੀ ਦੇ ਦੌਰਾਨ ਰੱਖੀ ਗਈ ਸੀ | ਉਸ ਸਮੇਂ ਮੰਚਿਤ ਨੇ ਖੰਨਾ ਦੇ ਸਿਵਲ ਹਸਪਤਾਲ ਵਿੱਚ ਨਿੱਜੀ ਤੌਰ 'ਤੇ ਕੰਮ ਕੀਤਾ ਸੀ | ਇਸ ਦੌਰਾਨ ਉਸ ਨੇ ਹਸਪਤਾਲ ਦੇ ਕੰਮਕਾਜ, ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਅਧਿਕਾਰੀਆਂ ਦੇ ਹਸਤਾਖ਼ਰ ਤੇ ਮੋਹਰਾਂ ਦੀਆਂ ਬਾਰੀਕੀਆਂ ਨੂੰ ਸਮਝ ਲਿਆ ਸੀ | ਇਹੀ ਜਾਣਕਾਰੀ ਬਾਅਦ ਵਿੱਚ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਆਧਾਰ ਬਣੀ | ਹੌਲੀ-ਹੌਲੀ ਮੰਚਿਤ ਅਤੇ ਉਸ ਦੇ ਸਾਥੀ ਨੇ ਫ਼ਰਜ਼ੀ ਮੈਡੀਕਲ ਸਰਟੀਫਿਕੇਟ, ਨਕਲੀ ਡੋਪ ਟੈਸਟ ਰਿਪੋਰਟਾਂ ਅਤੇ ਹੋਰ ਜਾਲੀ ਦਸਤਾਵੇਜ਼ ਬਣਾਉਣੇ ਸ਼ੁਰੂ ਕਰ ਦਿੱਤੇ | ਇਹ ਦਸਤਾਵੇਜ਼ ਮੁੱਖ ਤੌਰ 'ਤੇ ਅਸਲ੍ਹਾ (ਹਥਿਆਰ) ਲਾਇਸੈਂਸ ਬਣਵਾਉਣ ਵਾਲਿਆਂ, ਸਰਕਾਰੀ ਨੌਕਰੀ ਦੇ ਉਮੀਦਵਾਰਾਂ ਅਤੇ ਅਦਾਲਤੀ ਮਾਮਲਿਆਂ ਵਿੱਚ ਪੇਸ਼ ਹੋਣ ਵਾਲੇ ਲੋਕਾਂ ਲਈ ਤਿਆਰ ਕੀਤੇ ਜਾਂਦੇ ਸਨ | ਦੋਸ਼ੀਆਂ ਵੱਲੋਂ ਬਣਾਏ ਗਏ ਦਸਤਾਵੇਜ਼ ਇੰਨੇ ਸ਼ਾਤਰਾਨਾ ਤਰੀਕੇ ਨਾਲ ਬਣਾਏ ਗਏ ਸਨ ਕਿ ਉਨ੍ਹਾਂ ਨੂੰ ਅਸਲੀ ਨਾਲੋਂ ਵੱਖ ਪਛਾਣਨਾ ਲਗਭਗ ਅਸੰਭਵ ਸੀ | ਐਸ. ਐਸ. ਪੀ ਨੇ ਦੱਸਿਆ ਕਿ ਗਿਰੋਹ ਨੇ ਆਪਣੇ ਨਜਾਇਜ਼ ਧੰਦੇ ਨੂੰ ਛਿਪਾਉਣ ਲਈ ਸਾਈਕਲ ਸਟੈਂਡ ਅਤੇ ਪਾਰਕਿੰਗ ਦਾ ਕੰਮ ਵੀ ਸ਼ੁਰੂ ਕਰ ਰੱਖਿਆ ਸੀ | ਇਸ ਦੀ ਆੜ ਵਿੱਚ ਉਹ ਲੋਕਾਂ ਨਾਲ ਸੰਪਰਕ ਕਰਦੇ ਅਤੇ ਮੋਟੀ ਰਕਮ ਲੈ ਕੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਦੇ ਸਨ | ਇਸ ਗਿਰੋਹ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਲੁਧਿਆਣਾ ਦੇ ਹਿਮਾਂਸ਼ੂ ਅਰੋੜਾ ਦਾ ਫ਼ਰਜ਼ੀ ਡੋਪ ਟੈਸਟ ਕੀਤਾ ਗਿਆ ਅਤੇ ਉਸ ਨੂੰ ਜਾਅਲੀ ਸਰਟੀਫਿਕੇਟ ਦਿੱਤਾ ਗਿਆ | ਇਸ ਸਰਟੀਫਿਕੇਟ ਦੀ ਇਕ ਕਾਪੀ ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਨੂੰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਐਸ. ਐਸ. ਪੀ. ਨੂੰ ਸ਼ਿਕਾਇਤ ਦਰਜ ਕਰਵਾਈ | ਛਾਪੇਮਾਰੀ ਦੌਰਾਨ, ਪੁਲਿਸ ਨੇ ਮੁਲਜ਼ਮਾਂ ਤੋਂ ਕਈ ਤਰ੍ਹਾਂ ਦੀਆਂ ਅਪਰਾਧਿਕ ਚੀਜ਼ਾਂ ਬਰਾਮਦ ਕੀਤੀਆਂ | ਇਨ੍ਹਾਂ ਵਿੱਚ ਸੇਵਾਮੁਕਤ ਅਤੇ ਮੌਜੂਦਾ ਐਸ. ਐਮ. ਓ (ਸੀਨੀਅਰ ਮੈਡੀਕਲ ਅਫ਼ਸਰ) ਸਮੇਤ ਕਈ ਡਾਕਟਰਾਂ ਦੀਆਂ ਨਕਲੀ ਮੋਹਰਾਂ, ਡੋਪ ਟੈਸਟ ਦੀਆਂ ਮੋਹਰਾਂ, ਓਪੀਡੀ ਸਲਿੱਪਾਂ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਸਨ | ਮੁਲਜ਼ਮਾਂ ਨੇ ਇਨ੍ਹਾਂ ਦੀ ਵਰਤੋਂ ਅਜਿਹੇ ਦਸਤਾਵੇਜ਼ ਬਣਾਉਣ ਲਈ ਕੀਤੀ ਜੋ ਅਸਲੀ ਜਾਪਦੇ ਸਨ ਅਤੇ ਧੋਖਾਧੜੀ ਕਰਨ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਧੋਖਾ ਦਿੰਦੇ ਸਨ |
ਖੰਨਾ ਪੁਲਿਸ ਵਲੋਂ ਵੱਡੇ ਫ਼ਰਜ਼ੀ ਮੈਡੀਕਲ ਤੇ ਡੋਪ ਟੈਸਟ ਗਰੋਹ ਦਾ ਪਰਦਾਫਾਸ਼- ਡਾ. ਦਰਪਨ ਆਹਲੂਵਾਲੀਆ
ਅਜੀਤ ਡੈਸਕ
02-04-2026