ਮਾਛੀਵਾੜਾ ਸਾਹਿਬ, 29 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਬੀਤੇ ਦਿਨੀਂ ਮਾਛੀਵਾੜਾ ਇਲਾਕੇ ਵਿਚ ਪਏ ਮੀਂਹ ਕਾਰਨ ਜਿੱਥੇ ਕਣਕ ਦੀ ਫ਼ਸਲ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਸਨ ਕਿਉਂਕਿ ਇਹ ਮੀਂਹ ਉਨ੍ਹਾਂ ਦੀ ਫ਼ਸਲ ਲਈ ਲਾਹੇਵੰਦ ਸੀ ਪਰ ਦੂਸਰੇ ਪਾਸੇ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਮੁਰਝਾਏ ਸਨ ਕਿਉਂਕਿ ਉਨ੍ਹਾਂ ਦੀ ਫ਼ਸਲ ਪਾਣੀ ਵਿਚ ਡੁੱਬਦੀ ਨਜ਼ਰ ਆ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਕਿਸਾਨ ਹਜ਼ਾਰਾਂ ਏਕੜ ਆਲੂਆਂ ਦੀ ਕਾਸ਼ਤ ਕਰਦੇ ਹਨ ਅਤੇ ਹੁਣ ਇਹ ਫ਼ਸਲ ਪੱਕ ਕੇ ਲਗਭਗ ਤਿਆਰ ਖੜੀ ਹੈ ਜਿਸ ਨੂੰ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ | ਕੱਲ੍ਹ ਮੀਂਹ ਕਾਰਨ ਵੱਟਾਂ 'ਤੇ ਲੱਗੇ ਆਲੂਆਂ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਅਤੇ ਕਿਸਾਨਾਂ ਨੇ ਇਸ ਨੂੰ ਬਚਾਉਣ ਲਈ ਖੇਤਾਂ ਵਿਚ ਟੋਏ ਪੁੱਟ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਤਾਂ ਜੋ ਇਸ ਨੂੰ ਬਚਾਇਆ ਜਾ ਸਕੇ | ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਜੁਗਰਾਜ ਸਿੰਘ ਮੰਡ ਤੇ ਪਰਮਿੰਦਰ ਸਿੰਘ ਹੈਪੀ ਗਿੱਲ ਨੇ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਮੀਂਹ ਬਾਕੀ ਆਸਪਾਸ ਇਲਾਕਿਆਂ ਨਾਲੋਂ ਘੱਟ ਪਿਆ ਹੈ ਪਰ ਇੱਥੇ ਗੜੇਮਾਰੀ ਤੋਂ ਬਚਾਅ ਰਿਹਾ ਪਰ ਫਿਰ ਵੀ ਇਸ ਮੀਂਹ ਨੇ ਆਲੂਆਂ ਦੀ ਫ਼ਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਖੇਤਾਂ ਵਿਚ ਟੋਏ ਪੁੱਟ ਕੇ ਆਲੂਆਂ ਦੀ ਫ਼ਸਲ 'ਚੋਂ ਪਾਣੀ ਕੱਢਿਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਹੀ ਇਸ ਵਾਰ ਆਲੂ ਦੀ ਫ਼ਸਲ ਦਾ ਭਾਅ ਬਹੁਤ ਘੱਟ ਮਿਲ ਰਿਹਾ ਹੈ ਅਤੇ ਉੱਪਰੋਂ ਮੀਂਹ ਕਾਰਨ ਝਾੜ ਘਟਣ ਦਾ ਖ਼ਦਸ਼ਾ ਵੀ ਪੈਦਾ ਹੋ ਗਿਆ ਹੈ |