ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਇੱਥੇ ਲੋਕ ਸੰਘਰਸ਼ ਕਮੇਟੀ ਖੰਨਾ ਵੱਲੋਂ ਨਿੱਜੀਕਰਨ ਦੀ ਨੀਤੀ ਰੱਦ ਕਰਨ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਲੁੱਟ ਖ਼ਿਲਾਫ਼ ਇਕੱਤਰਤਾ ਕੀਤੀ ਗਈ | ਅੱਜ ਮੁੱਖ ਬੁਲਾਰੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਨਿੱਜੀਕਰਨ ਦੇ ਹਮਲੇ ਨੂੰ ਹੋਰ ਤੇਜ਼ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਤੋਂ ਸਬਸਿਡੀਆਂ ਅਤੇ ਸਸਤੀ ਬਿਜਲੀ ਦੀ ਸਹੂਲਤ ਖੋਂਹਦਾ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਬਖ਼ਸ਼ਦਾ ਬਿਜਲੀ ਸੋਧ ਬਿੱਲ-2025 ਲਿਆਂਦਾ ਜਾ ਰਿਹਾ ਹੈ | ਮਜ਼ਦੂਰਾਂ ਦੀਆਂ ਉਜ਼ਰਤਾਂ, ਸਹੂਲਤਾਂ, ਕਿਰਤ ਹਾਲਤਾਂ, ਅਤੇ ਰੁਜ਼ਗਾਰ ਸੁਰੱਖਿਆ ਦੀ ਬਲੀ ਦਿੰਦੇ ਅਤੇ ਵੱਡੀਆਂ ਕੰਪਨੀਆਂ ਨੂੰ ਕਿਰਤ ਦੀ ਲੁੱਟ ਦੀਆਂ ਖੁੱਲ੍ਹਾਂ ਬਖਸ਼ਦੇ 4 ਕਿਰਤ ਕੋਡ ਲਾਗੂ ਕਰ ਦਿੱਤੇ ਗਏ ਹਨ | ਮਜ਼ਦੂਰਾਂ ਨੂੰ ਨਿਗੂਣਾ ਰੁਜ਼ਗਾਰ ਦਿੰਦਾ ਮਨਰੇਗਾ ਕਾਨੂੰਨ ਬਦਲ ਦਿੱਤਾ ਗਿਆ ਹੈ | ਬੀਜਾਂ ਉੱਤੇ ਵੀ ਕਾਰਪੋਰੇਟ ਕੰਟਰੋਲ ਕਾਇਮ ਕਰਨ ਖਾਤਰ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ | ਮਾਲੀਆ ਜੁਟਾਉਣ ਦੇ ਨਾਂਅ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਜਾਇਦਾਦ ਬਣਦੀਆਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਅਤੇ ਹੋਰ ਜਨਤਕ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ | ਪੰਜਾਬ ਦੀ ਸਰਕਾਰੀ ਟਰਾਂਸਪੋਰਟ ਅੰਦਰ ਠੇਕਾ ਆਧਾਰਿਤ ਕਿੱਲੋਮੀਟਰ ਸਕੀਮ ਰਾਹੀਂ ਨਿੱਜੀਕਰਨ ਨੂੰ ਤਕੜਾ ਕੀਤਾ ਜਾ ਰਿਹਾ ਹੈ | ਸਰਕਾਰੀ ਹਸਪਤਾਲਾਂ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਰਾਹੀਂ ਨਿੱਜੀ ਕਾਰੋਬਾਰੀਆਂ ਦੀ ਦਖ਼ਲ ਅੰਦਾਜ਼ੀ ਬਣਾਈ ਜਾ ਰਹੀ ਹੈ | ਇਸ ਕਰਕੇ ਪਿਛਲੇ ਸਮੇਂ ਵੱਖ-ਵੱਖ ਮੌਕਿਆਂ ਤੇ ਵੀ ਅਤੇ ਜਨ ਵਿਸ਼ਵਾਸ ਬਿੱਲ ਰਾਹੀਂ ਇਕੱਠੇ ਵੀ ਸਾਰੇ ਕਾਨੂੰਨਾਂ ਨੂੰ ਸੋਧਿਆ ਗਿਆ ਹੈ ਅਤੇ ਕਾਰਪੋਰੇਟਾਂ ਨੂੰ ਕੁਤਾਹੀਆਂ ਤੋਂ ਜਵਾਬ ਮੁਕਤੀ ਦੀ ਗਰੰਟੀ ਕੀਤੀ ਗਈ ਹੈ | ਦੂਜੇ ਪਾਸੇ ਲੋਕਾਂ ਦੇ ਹਰ ਪ੍ਰਕਾਰ ਦੇ ਵਿਰੋਧ ਨਾਲ ਨਜਿੱਠਣ ਲਈ ਮੋਦੀ ਹਕੂਮਤ ਵੱਲੋਂ ਫਾਂਸੀ ਹਮਲੇ ਨੂੰ ਜ਼ੋਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਸ ਮੌਕੇ ਗੁਰਬਖਸ਼ੀਸ਼ ਸਿੰਘ, ਸੁਦਾਗਰ ਸਿੰਘ ਘੁਡਾਣੀ, ਪ੍ਰਦੀਪ ਕੁਮਾਰ, ਯੁਵਰਾਜ ਸਿੰਘ ਘੁਡਾਣੀ, ਜਸਵੀਰ ਸਿੰਘ ਅਸ਼ਗਿਰੀਪੁਰ, ਗੁਰਮੀਤ ਸਿੰਘ, ਕਾਮਰੇਡ ਕਮਲਜੀਤ ਸਿੰਘ, ਚੰਦਨ ਨੇਗੀ, ਜਸਵਿੰਦਰ ਸਿੰਘ, ਬਲਵੀਰ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ ਦੋਰਾਹਾ, ਗੁਰਸੇਵਕ ਸਿੰਘ ਮੋਹੀ ਆਦਿ ਹਾਜਰ ਸਨ |