ਬੀਜਾ, 29 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਮਿਤੀ 28 ਜਨਵਰੀ 2026 ਨੂੰ ਡਾ. ਗਗਨਦੀਪ ਸਿੰਘ ਦੀ ਸੁਯੋਗ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਸਪਾਂਸਰਡ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਇਹ ਵਿਸ਼ੇਸ਼ ਸੈਮੀਨਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਸੀ | ਇਸ ਸੈਮੀਨਾਰ ਦਾ ਮੁੱਖ ਥੀਮ 'ਪੰਜਾਬ ਦੀ ਪਿਛਲੀ ਸਦੀ: ਗੜਬੜ ਅਤੇ ਤਬਦੀਲੀ ਵਿਚੋਂ ਲੰਘਣਾ- 1925-2025' ਰਿਹਾ | ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਰਨਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ | ਆਏ ਹੋਏ ਮਹਿਮਾਨਾਂ ਦੁਆਰਾ ਸ਼ਮ੍ਹਾ ਰੌਸ਼ਨ ਕੀਤੀ ਗਈ ਅਤੇ ਪਿ੍ੰਸੀਪਲ ਨੇ ਰਸਮੀ ਤੌਰ 'ਤੇ ਹਰੇ ਪੌਦੇ ਦੇ ਕੇ ਆਏ ਹੋਏ ਮਹਿਮਾਨਾਂ ਨੂੰ 'ਜੀਓ ਆਇਆਂ' ਕਹਿੰਦਿਆਂ ਸੈਮੀਨਾਰ ਦੇ ਥੀਮ ਸੰਬੰਧੀ ਬਾਰੀਕਬੀਨੀ ਨਾਲ ਚਰਚਾ ਆਰੰਭੀ | ਡਾ. ਸਰਬਜਿੰਦਰ ਸਿੰਘ (ਵੀ. ਸੀ. ਫਿਊਚਰਿਸਟਿਕ ਯੂਨੀਵਰਸਿਟੀ, ਅਨੰਦਪੁਰ ਸਾਹਿਬ) ਨੇ ਕੂੰਜੀਵਤ ਭਾਸ਼ਣ ਦਿੰਦਿਆਂ ਸੈਮੀਨਾਰ ਦੇ ਥੀਮ ਸੰਬੰਧੀ ਪੰਜਾਬ ਵਿਚ ਆਏ ਬਦਲਾਵਾਂ, ਬਦਲਦੇ ਮਨੁੱਖੀ ਰਿਸ਼ਤਿਆਂ, ਵਿੱਦਿਆ ਵਿੱਚ ਆਏ ਬਦਲਾਅ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ | ਉਪਰੰਤ ਸ਼ੋ੍ਰਮਣੀ ਪੱਤਰਕਾਰ ਡਾ. ਹਰਜਿੰਦਰ ਸਿੰਘ ਲਾਲ (ਮੈਂਬਰ ਲੋਕਲ ਮੈਨੇਜਿੰਗ) ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਕਾਵਿਕ ਰੂਪ ਵਿੱਚ ਪੰਜਾਬ ਦਾ ਹਾਲ ਬਿਆਨ ਕੀਤਾ | ਉਨ੍ਹਾਂ ਨੇ ਡਾ. ਸਰਬਜਿੰਦਰ ਸਿੰਘ ਦੇ ਵਿਦਵਤਾ ਅਤੇ ਭਾਵਨਾ ਭਰਪੂਰ ਭਾਸ਼ਣ ਦੀ ਜ਼ੋਰਦਾਰ ਸ਼ਲਾਘਾ ਕੀਤੀ | ਬਾਅਦ ਦੁਪਹਿਰ ਦੇ ਸੈਮੀਨਾਰ ਦੇ ਤਕਨੀਕੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਯਾਦਵਿੰਦਰ ਸਿੰਘ ਯਾਦੂ (ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ) ਨੇ ਸ਼ਿਰਕਤ ਕੀਤੀ | ਜੋਗਿੰਦਰ ਸਿੰਘ ਓਬਰਾਏ ਇਸ ਸ਼ੈਸ਼ਨ ਦੇ ਚੇਅਰਪਰਸਨ ਰਹੇ | ਅਸਿ. ਪ੍ਰੋ. ਰਾਮ ਸਿੰਘ ਗੁਰਨਾ (ਇਤਿਹਾਸ ਵਿਭਾਗ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ) ਨੇ ਸੈਮੀਨਾਰ ਦੇ ਮੁੱਖ ਥੀਮ ਨੂੰ ਸੰਖੇਪ ਰੂਪ ਦਿੰਦਿਆਂ ਵੱਖ-ਵੱਖ ਪਰਚਿਆਂ ਵਿੱਚ ਪੇਸ਼ ਪੱਖਾਂ ਬਾਰੇ ਵਿਚਾਰਾਂ ਕਰਦਿਆਂ ਉਸ ਦੇ ਉਪ ਵਿਸ਼ਿਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਪਿਛਲੇ 100 ਸਾਲਾਂ ਪੰਜਾਬ ਵਿਚ ਹੋਈ ਉਥਲ-ਪੁਥਲ, ਉੱਨਤੀ, ਕੁੱਝ ਹਾਸਲ ਕਰਨ ਅਤੇ ਕੁੱਝ ਗਵਾਉਣ ਸੰਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਸੀ | ਇਸ ਪੂਰੇ ਸੈਮੀਨਾਰ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਸਨਦੀਪ ਕੌਰ ਨੇ ਨਿਭਾਈ | ਸੰਦੀਪ ਦੀ ਪੰਜਾਬੀ ਕਵਿਤਾ ਅਤੇ ਪੰਜਾਬੀ ਸਾਹਿਤ ਤੇ ਪਕੜ ਬਾ-ਕਮਾਲ ਸੀ | ਸੈਮੀਨਾਰ ਦੇ ਅੰਤਿਮ ਚਰਨ ਵਿੱਚ ਰਘਬੀਰ ਸਿੰਘ ਸਹਾਰਨਮਾਜਰਾ (ਆਨਰੇਰੀ ਸਕੱਤਰ, ਲੋਕਲ ਮੈਨੇਜਿੰਗ ਕਮੇਟੀ) ਨੇ ਪਿ੍ੰਸੀਪਲ ਅਤੇ ਇਤਿਹਾਸ ਵਿਭਾਗ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ | ਕਾਲਜ ਪਿ੍ੰਸੀਪਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਗਮਜਯੋਤ ਕੌਰ ਨੂੰ ਇਸ ਸੈਮੀਨਾਰ ਦੇ ਆਯੋਜਨ ਲਈ ਵਧਾਈ ਦਿੱਤੀ | ਇਸ ਸੈਮੀਨਾਰ ਵਿੱਚ ਦੂਰ- ਨੇੜਲੇ ਇਲਾਕਿਆਂ ਦੇ ਪਤਵੰਤੇ ਸੱਜਣ ਜਿਵੇਂ ਅਵਤਾਰ ਸਿੰਘ ਰਿਆ (ਮੈਂਬਰ ਐੱਸ. ਜੀ. ਪੀ. ਸੀ.), ਪਵਨ ਕੁਮਾਰ (ਪਿ੍ੰਸੀਪਲ ਏ. ਐੱਸ. ਕਾਲਜ, ਖੰਨਾ, ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਇਕਬਾਲ ਸਿੰਘ (ਮੈਨੇਜਰ, ਗੁਰਦੁਆਰਾ ਮੰਜੀ ਸਾਹਿਬ ਕੋਟਾਂ), ਪਿ੍ੰਸੀਪਲ ਲਖਵੀਰ ਕੌਰ (ਗੋਲਡ ਸਟਾਰ ਪਬਲਿਕ ਸਕੂਲ, ਬੀਜਾ), ਪ੍ਰੋਫ਼ੈਸਰ ਮਨਜੀਤ ਕੌਰ, ਜੰਟੀ ਮਾਨ (ਪੱਤਰਕਾਰ), ਕਮਿੱਕਰ ਸਿੰਘ, ਸਨਦੀਪ ਸਿੰਘ (ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਕੋਟਾਂ), ਜ਼ੋਰਾ ਸਿੰਘ, ਰਜਿੰਦਰ ਸਿੰਘ ਕੋਟ ਪਨੈਚ, ਸ. ਨਵਤੇਜ ਸਿੰਘ ਖੱਟੜਾ, ਜਤਿੰਦਰ ਸਿੰਘ, ਮਨਦੀਪ ਸਿੰਘ ਜੀ ਖ਼ਾਲਸਾ, ਪਰਮਿੰਦਰ ਸਿੰਘ (ਮੈਂਬਰ ਬਲਾਕ ਸੰਮਤੀ) ਅਤੇ ਜੇ. ਸਿੰਘ ਵੜੈਚ (ਪਿ੍ੰਸੀਪਲ ਅਨੰਦ ਈਸ਼ਰ ਪਬਲਿਕ ਸਕੂਲ, ਬਰਮਾਲੀਪੁਰ) ਨੇ ਵੀ ਸ਼ਮੂਲੀਅਤ ਕੀਤੀ |