ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਬਸੰਤ ਪੰਚਮੀ ਦੇ ਮੌਕੇ ਸੂਬੇ ਭਰ ਵਿੱਚ ਪਾਬੰਦੀ ਸ਼ੁਦਾ 'ਚਾਈਨਾ ਡੋਰ' ਦੀ ਸ਼ਰੇਆਮ ਵਿੱਕਰੀ ਅਤੇ ਵਰਤੋਂ ਕਾਰਨ ਵਾਪਰੇ ਦਰਦਨਾਕ ਹਾਦਸਿਆਂ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ | ਸਮਰਾਲਾ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇੱਕ 15 ਸਾਲਾ ਬੱਚੇ ਦੀ ਮੌਤ ਅਤੇ ਸੂਬੇ ਭਰ ਵਿੱਚ ਅਨੇਕਾਂ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟਾਉਂਦਿਆਂ ਜਨਾਬ ਖਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਦਿਲਬਰ ਮੁਹੰਮਦ ਖਾਨ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਦੁਕਾਨਾਂ 'ਤੇ ਸ਼ਰੇਆਮ ਵਿਕਣ ਵਾਲੀ ਅਤੇ ਅਸਮਾਨ ਵਿੱਚ ਉੱਡਦੀ ਸਾਫ਼ ਦਿਖਾਈ ਦੇਣ ਵਾਲੀ ਪਲਾਸਟਿਕ ਦੀ ਡੋਰ ਨੂੰ ਨਹੀਂ ਰੋਕ ਸਕਦੀ, ਉਹ ਸੂਬੇ ਵਿੱਚ ਲੁਕ-ਛਿਪ ਕੇ ਵਿਕਣ ਵਾਲੇ ਨਸ਼ੇ ਅਤੇ ਅਪਰਾਧ ਨੂੰ ਕਿਵੇਂ ਰੋਕ ਲਵੇਗੀ? ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਮਾਸੂਮ ਬੱਚੇ ਚਾਈਨਾ ਡੋਰ ਦੀ ਭੇਟ ਚੜ੍ਹ ਰਹੇ ਹਨ, ਦੂਜੇ ਪਾਸੇ ਸੂਬੇ ਦੇ ਮੁਲਾਜ਼ਮ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਰੁਲ ਰਹੇ ਹਨ | ਅÏਰਤਾਂ ਨਾਲ ਕੀਤੇ 1000 ਰੁਪਏ ਦੇਣ ਦੇ ਵਾਅਦੇ ਵੀ ਹਵਾ ਹੋ ਗਏ ਹਨ | ਜਨਾਬ ਦਿਲਬਰ ਖਾਨ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਰਹਿ ਗਈ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਅਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ |