ਕੁਹਾੜਾ, 22 ਜਨਵਰੀ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸਟੇਟ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ 22 ਤਾਰੀਕ ਤੋਂ ਬੱਚਿਆਂ ਦੇ ਪ੍ਰੀ ਬੋਰਡ ਦੇ ਪੇਪਰ ਸ਼ੁਰੂ ਹੋ ਗਏ ਹਨ ਪਰ ਇਸ ਦੇ ਨਾਲ ਹੀ ਸਰਕਾਰ ਨੇ ਅਧਿਆਪਕਾਂ ਦੇ ਸੈਮੀਨਾਰ ਵੀ ਲਗਾ ਦਿੱਤੇ ਹਨ | ਜਿਸ ਕਾਰਨ ਬਹੁਤ ਸਾਰੇ ਸਕੂਲ ਅਧਿਆਪਕਾਂ ਤੋਂ ਖਾਲੀ ਹੋ ਗਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੱਚਿਆਂ ਦੀ ਪੜ੍ਹਾਈ ਪ੍ਰਤੀ ਫ਼ਿਕਰਮੰਦ ਹੈ ਤਾਂ ਪੜਾਈ ਦੇ ਦਿਨਾਂ ਦੌਰਾਨ ਅਧਿਆਪਕਾਂ ਤੋਂ ਸੈਮੀਨਾਰ ਅਤੇ ਗਰਾਂਟਾਂ ਖ਼ਰਚਣ ਵਾਲੇ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ | ਇਸ ਮੌਕੇ ਮਾਂਗਟ-3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਂਗਟ-3 ਬਲਾਕ ਵਿਚ ਪਹਿਲਾਂ ਹੀ 20 ਦੇ ਕਰੀਬ ਸਕੂਲਾਂ ਵਿਚ ਸਿੰਗਲ ਅਧਿਆਪਕ ਹਨ ਅਤੇ 5 ਸਕੂਲ ਟੀਚਰ ਲੈੱਸ ਹਨ | ਸੈਮੀਨਾਰ ਦੌਰਾਨ ਇਨ੍ਹਾਂ ਸਕੂਲਾਂ ਦੇ ਬੱਚਿਆਂ ਦੇ ਪੇਪਰਾਂ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਤੇ ਇਨ੍ਹਾਂ ਦੀ ਥਾਂ ਡੈਪੂਟੇਸ਼ਨ 'ਤੇ ਆਉਣ ਵਾਲੇ ਅਧਿਆਪਕਾਂ ਦੇ ਵਿਦਿਆਰਥੀਆਂ ਦੇ ਪੇਪਰ ਕੌਣ ਲਵੇਗਾ |