ਭਗਤਾ ਭਾਈਕਾ, 17 ਮਈ (ਸੁਖਪਾਲ ਸਿੰਘ ਸੋਨੀ)-ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਲੜਕੀਆਂ, ਕੋਠਾ ਗੁਰੂ ਵਿਖੇ ਦਸਵੀਂ ਜਮਾਤ ਦੇ ਨਤੀਜਿਆਂ ਅਤੇ ਸੂਬਾ ਮੈਰਿਟ ਵਿਚ ਸਥਾਨ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ਵਿਚ ਸਮਾਗਮ ਕਰਵਾਇਆ | ਇਸ ਮੌਕੇ ਡਿਪਟੀ ਡੀ.ਈ.ਓ. ਸੈਕੰਡਰੀ ਬਠਿੰਡਾ ਚਮਕੌਰ ਸਿੰਘ ਸਿੱਧੂ ਅਤੇ ਬਲਾਕ ਨੋਡਲ ਅਫਸਰ ਰਕੇਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਕਾਜਲ ਅਰੋੜਾ ਅਤੇ ਹਰਮਨਪ੍ਰੀਤ ਕੌਰ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ | ਕਾਜਲ ਅਰੋੜਾ ਨੇ ਪੰਜਾਬ ਭਰ ਵਿਚੋਂ 14ਵਾਂ ਸਥਾਨ, ਜ਼ਿਲ੍ਹਾ ਬਠਿੰਡਾ ਵਿਚੋਂ ਚੌਥਾ ਅਤੇ ਸਰਕਾਰੀ ਸਕੂਲਾਂ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਇਸੇ ਤਰ੍ਹਾਂ ਹਰਮਨਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ ਪੰਜਾਬ ਵਿਚੋਂ 15ਵਾਂ, ਜ਼ਿਲ੍ਹੇ ਵਿਚੋਂ ਪੰਜਵਾਂ ਅਤੇ ਸਰਕਾਰੀ ਸਕੂਲਾਂ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਹੋਰ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ 617 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਅਤੇ ਸਾਰੇ 36 ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ | ਸਕੂਲ ਦੇ 9 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 15 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅਤੇ 32 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਡਿਪਟੀ ਡੀ.ਈ.ਓ. ਸੈਕੰਡਰੀ ਬਠਿੰਡਾ ਚਮਕੌਰ ਸਿੰਘ ਸਿੱਧੂ ਅਤੇ ਬਲਾਕ ਨੋਡਲ ਅਫਸਰ ਸ਼੍ਰੀ ਰਕੇਸ਼ ਕੁਮਾਰਨੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇਵਿਦਿਆਰਥੀ ਵੀ ਆਪਣੀ ਮਿਹਨਤ ਅਤੇ ਲਗਨ ਸਦਕਾ ਵੱਡੀਆਂ ਉਪਲਬਧੀਆਂ ਹਾਸਿਲ ਕਰ ਸਕਦੇ ਹਨ |