ਬਠਿੰਡਾ, 22 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰਸ਼ਾਸ਼ਨ ਤੇ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਇਥੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਲੋਂ ਨਿਵੇਕਲੀ ਪਹਿਲਕਦਮੀ 'ਨਵੀਂ ਉਡਾਣ' ਤਹਿਤ ਅਖ਼ਬਾਰਾਂ ਵੰਡਣ ਵਾਲੇ 50 ਹਾਕਰਾਂ ਨੂੰ ਸਾਈਕਲਾਂ ਤੇ ਜੈਕਟਾਂ ਦੀ ਵੰਡ ਕੀਤੀ ਗਈ | ਇਸ ਮੌਕੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਤੇ ਮੇਅਰ ਪਦਮਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਜ 'ਚ ਇਕ ਵਰਗ ਅਖਬਾਰ ਵੰਡਣ ਵਾਲਿਆਂ ਦਾ ਹੁੰਦਾ ਹੈ | ਇਹ ਮਿਹਨਤਕਸ਼ ਲੋਕ ਹਨ, ਜੋ ਚਾਹੇ ਮੀਹ-ਹਨੇਰੀ ਹੋਵੇ, ਇਹ ਸਵੇਰੇ 4-5 ਵਜੇ ਉੱਠ ਕੇ ਲੋਕਾਂ ਦੇ ਘਰਾਂ 'ਚ ਅਖ਼ਬਾਰ ਪਹੁੰਚਾਉਂਦੇ ਹਨ | ਅਖ਼ਬਾਰ ਵੰਡਣ ਵਾਲਿਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਖ਼ਬਾਰ ਵੰਡਣ ਵਾਲਿਆਂ ਨੂੰ ਇਕ-ਇਕ ਨਵਾਂ ਸਾਈਕਲ ਬਿਨ੍ਹਾਂ ਕਿਸੇ ਕੀਮਤ ਤੋਂ ਦਿੱਤਾ ਗਿਆ ਹੈ | ਇਸ ਉਪਰਾਲੇ ਦਾ ਮੁੱਖ ਮੰਤਵ ਅਖਬਾਰ ਵੰਡਣ ਵਾਲਿਆਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਹੈ | ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਥੇ ਅਖਬਾਰ ਹਾਕਰ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ ਉਥੇ ਹੀ ਸੂਚਨਾ ਦੇ ਪ੍ਰਸਾਰ ਵਿਚ ਅਹਿਮ ਭੂਮਿਕਾ ਵੀ ਨਿਭਾਉਂਦੇ ਹਨ | ਉਨ੍ਹਾਂ ਆਸ ਜਤਾਈ ਕਿ ਸਾਈਕਲਾਂ ਮਿਲਣ ਨਾਲ ਅਖਬਾਰ ਹਾਕਰਾਂ ਨੂੰ ਆਪਣੇ ਕੰਮ ਵਿਚ ਹੋਰ ਸੁਵਿਧਾ ਮਿਲੇਗੀ ਅਤੇ ਉਹ ਹੋਰ ਉਤਸ਼ਾਹ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ |