ਬਠਿੰਡਾ, 22 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਮਿੰਨੀ ਸਕੱਤਰੇਤ ਰੋਡ ਵਿਖੇ ਇਕ ਐਕਟਿਵਾ 'ਤੇ ਸਵਾਰ ਨੌਜਵਾਨ ਅਚਾਨਕ ਸੀਵਰੇਜ ਦੇ ਢੱਕਣ ਨਾਲ ਟਕਰਾ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਣ ਕਾਰਨ ਬੇਹੋਸ਼ ਹੋ ਗਿਆ | ਉਸੇ ਸਮੇਂ ਇਕ ਵਿਅਕਤੀ ਜ਼ਖ਼ਮੀ ਦੀ ਮਦਦ ਕਰਨ ਦੀ ਥਾਂ ਉਸ ਦਾ ਮੋਬਾਈਲ ਚੋਰੀ ਕਰਕੇ ਫ਼ਰਾਰ ਹੋ ਗਿਆ, ਜਿਸ ਦੀ ਫੁਟੇਜ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਇਸ ਮੌਕੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਰਾਤ ਸਮੇਂ ਐਕਟਿਵਾ ਸਵਾਰ ਨੌਜਵਾਨ ਆਪਣੇ ਬੱਚਿਆਂ ਲਈ ਗੁਬਾਰੇ ਲੈ ਕੇ ਘਰ ਪਰਤ ਰਿਹਾ ਸੀ ਪਰ ਉਹ ਸੀਵਰੇਜ ਦੇ ਢੱਕਣ ਨਾਲ ਟਕਰਾ ਕੇ ਅਚਾਨਕ ਹੇਠਾਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਤੇ ਬੇਹੋਸ਼ ਹੋ ਗਿਆ, ਜਿਸ ਦੀ ਪਹਿਚਾਣ ਗੁਰਪਿਆਰ ਸਿੰਘ ਵਾਸੀ ਮਹਿਣਾ ਚੌਕ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਜਦੋਂ ਗੁਰਪਿਆਰ ਸਿੰਘ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਸੇ ਸਮੇਂ ਇਕ ਵਿਅਕਤੀ ਆਇਆ ਤੇ ਉਸ ਦਾ ਮੋਬਾਈਲ ਚੋਰੀ ਕਰਕੇ ਫ਼ਰਾਰ ਹੋ ਗਿਆ, ਜਿਸ ਦੀ ਫੁਟੇਜ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ | ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਸੰਸਥਾ ਮੈਂਬਰ ਐਂਬੂਲੈਂਸ ਸਹਿਤ ਘਟਨਾ ਸਥਾਨ ਉਪਰ ਪਹੁੰਚੇ ਜਿਨ੍ਹਾਂ ਨੇ ਜ਼ਖਮੀ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਗਿਆ |