ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਸਟਾਰ ਪਲੱਸ ਕਾਨਵੈਂਟ ਸਕੂਲ ਆਰ. ਐਮ. ਐਮ. ਡੀ. ਏ. ਵੀ. ਸ. ਸ. ਸਕੂਲ ਤੇ ਐਮ. ਐਸ. ਡੀ. ਸ. ਸ. ਸਕੂਲ ਵਿਖੇ ਸਥਾਨਕ ਐਨ. ਜੀ. ਓ. ਹੈਲਪਲਾਈਨ ਵੈਲਫੇਅਰ ਸੁਸਾਇਟੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਗਰੁੱਪ ਵਲੋਂ ਸਮਾਜਿਕ ਭਲਾਈ ਕੰਮਾਂ ਦੇ ਤਹਿਤ ਚਾਈਨਾ ਡੋਰ ਨਾਲ ਹੋ ਰਹੇ ਭਿਆਨਕ ਨੁਕਸਾਨਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਦਾ ਮਨੋਰੰਜਨ ਸਾਨੂੰ ਸੂਤੀ ਧਾਗੇ ਦੀ ਡੋਰ ਨਾਲ ਪਤੰਗ ਉਡਾ ਕੇ ਕਰਨਾ ਚਾਹੀਦਾ ਹੈ | ਆਪਣੇ ਮਨੋਰੰਜਨ ਲਈ ਸਰਕਾਰੀ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਚਾਈਨਾ ਡੋਰ 'ਤੇ ਲਾਈ ਗਈ ਪਾਬੰਦੀ ਨਾਕਾਫੀ ਹੈ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਸਰਕਾਰ ਨੂੰ ਚਾਈਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਕਰਵਾਉਣੀਆਂ ਚਾਹੀਦੀਆਂ ਹਨ | ਇਸ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਮੈਂਬਰਾਂ ਵਿਨੋਦ ਜੈਨ, ਵਿੱਕੀ ਅਰੌੜਾ ਤੇ ਕਾਲਾ ਬੰਗੀ ਨੇ ਵੀ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਬਾਰੇ ਜਾਗਰੂਕ ਕੀਤਾ | ਸਟਾਰ ਪਲੱਸ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪਿ੍ੰਸੀਪਲ ਮੋਨਿਕਾ ਧੀਮਾਨ, ਆਰ. ਐਮ. ਐਮ. ਡੀ. ਏ. ਵੀ. ਸਕੂਲ ਦੇ ਪ੍ਰਧਾਨ ਡਾ. ਵਿਜੇ ਸਿੰਗਲ, ਪਿ੍ੰਸੀਪਲ ਡਾ. ਅਰਪਿਤਾ ਦਾਸ, ਐਮ. ਐਸ. ਡੀ. ਸਕੂਲ ਦੇ ਪ੍ਰਧਾਨ ਨਰੇਸ਼ ਕੁਮਾਰ ਠੂਨੀਆ, ਪਿ੍ੰਸੀਪਲ ਪ੍ਰਵੀਨ ਕੁਮਾਰ ਸਿੰਗਲਾ ਤੇ ਹਰਕਿਰਨ ਕੌਰ ਨੇ ਹੈਲਪ ਲਾਇਨ ਵੈਲਫ਼ੇਅਰ ਸੁਸਾਇਟੀ ਰਾਮਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਪ੍ਰੋਗਰਾਮ ਦੇ ਅੰਤ 'ਚ ਵਿਦਿਆਰਥੀਆਂ ਵਲੋਂ ਚਾਈਨਾ ਡੋਰ ਨਾ ਵਰਤਣ ਤੇ ਹੋਰਾਂ ਨੂੰ ਵੀ ਇਸ ਤੋਂ ਰੋਕਣ ਦਾ ਸੰਕਲਪ ਲਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਨੋਦ ਜੈਨ, ਵਿੱਕੀ ਅਰੌੜਾ, ਕਾਲਾ ਬੰਗੀ ਤੋਂ ਇਲਾਵਾ ਸਕੂਲਾਂ ਦੇ ਬੱਚੇ ਪ੍ਰਬੰਧਕ ਕਮੇਟੀਆਂ ਤੇ ਸਟਾਫ਼ ਹਾਜ਼ਰ ਸਨ |