27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਇਮਾਰਤ 'ਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼

ਅਜੀਤ ਡੈਸਕ 23-01-2026
ਸੰਗਤ ਮੰਡੀ, 22 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਮੈਡੀਕਲ ਲੈਬੋਰੇਟਰੀ ਦੀ ਇਮਾਰਤ ਵਿਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼ ਸਥਾਨਕ ਲੋਕਾਂ ਵਲੋਂ ਲਗਾਏ ਜਾ ਰਹੇ ਹਨ | ਸੰਗਤ ਮੰਡੀ ਵਾਸੀ 'ਆਪ' ਆਗੂ ਪਵਨ ਕੁਮਾਰ, ਰਣਜੀਤ ਸਿੰਘ ਕੌਂਸਲਰ, ਸਮਾਜ ਸੇਵੀ ਬਲਵੀਰ ਸਿੰਘ ਬੀਰਾ, ਗੁਰਦੀਪ ਸਿੰਘ ਤੇ ਸਾਬਕਾ ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਇਮਾਰਤ ਦੇ ਠੇਕੇਦਾਰ ਵਲੋਂ ਸੰਗਤ ਮੰਡੀ ਦੇ ਸਰਕਾਰੀ ਹਸਪਤਾਲ 'ਚ ਮੈਡੀਕਲ ਲੈਬ ਦੀ ਇਮਾਰਤ ਬਣਾਉਣ ਦੌਰਾਨ ਗੈਰਮਿਆਰੀ ਅਤੇ ਜੰਗਾਲ ਲੱਗਿਆ ਸਰੀਆ ਵਰਤਿਆ ਜਾ ਰਿਹਾ ਹੈ ਜਦ ਕਿ ਡੇਢ-ਦੋ ਨੰਬਰੀ ਇੱਟਾਂ ਤੇ ਸਥਾਨਕ ਮਿੰਨੀ ਪਲਾਂਟ ਦੇ ਸੀਮੈਂਟ ਤੇ ਗੈਰਮਿਆਰੀ ਬਰੇਤੀ ਬੱਜਰੀ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਿਸ ਸਥਾਨ 'ਤੇ ਇਹ ਇਮਾਰਤ ਬਣਾਈ ਜਾ ਰਹੀ ਹੈ, ਉਸੇ ਸਥਾਨ ਤੇ ਕਰੀਬ 20 ਸਾਲ ਪਹਿਲਾਂ ਐਸ. ਐਮ. ਓ. ਦੀ ਰਿਹਾਇਸ਼ੀ ਕੋਠੀ ਦਾ ਨਿਰਮਾਣ ਕੀਤਾ ਗਿਆ ਸੀ ਪਰ ਕੋਠੀ ਦੇ ਨਿਰਮਾਣ 'ਤੇ ਲੱਖਾਂ ਰੁਪਏ ਖ਼ਰਚਕੇ ਵੀ ਉਸ ਕੋਠੀ ਅੰਦਰ ਕਿਸੇ ਐਸ. ਐਮ. ਓ. ਨੇ ਇਕ ਦਿਨ ਵੀ ਰਿਹਾਇਸ਼ ਨਹੀਂ ਕੀਤੀ ਅਤੇ ਉਹ ਲੰਬੇ ਸਮੇਂ ਤੱਕ ਖਾਲੀ ਪਈ ਅਖ਼ੀਰ ਖੰਡਰ ਬਣੀ ਇਮਾਰਤ ਢਾਹ ਦਿੱਤੀ ਗਈ ਅਤੇ ਉਸ 'ਚ ਲੱਗਿਆ ਲੱਖਾਂ ਦਾ ਫ਼ਰਨੀਚਰ, ਬਿਜਲੀ ਉਪਕਰਨ ਤੇ ਸੈਨੇਟਰੀ ਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕੱਟੜ ਇਮਾਨਦਾਰ ਕਹਾਉਂਦੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰੇਆਮ ਹੋ ਰਹੇ ਘਾਲੇ-ਮਾਲੇ ਦੀ ਨਿਰਪੱਖ ਜਾਂਚ ਕਰਵਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਬਾਰੇ ਪਮਿਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਨੇ ਦੱਸਿਆ ਕਿ ਬਣ ਰਹੀ ਮੈਡੀਕਲ ਲੈਬੋਰੇਟਰੀ ਦਾ ਠੇਕਾ ਪੰਜਾਬ ਸਰਕਾਰ ਨੇ ਦਿੱਤਾ ਹੈ ਤੇ ਉਨ੍ਹਾਂ ਵਲੋਂ ਕੋਈ ਵੀ ਪੈਸਾ ਜਾਰੀ ਨਹੀਂ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਇਮਾਰਤੀ ਸਾਮਾਨ ਦੇ ਮਿਆਰ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਅਤੇ ਉਨ੍ਹਾਂ ਵਲੋਂ ਸੰਬੰਧਿਤ ਅਫ਼ਸਰਾਂ ਨੂੰ ਇਮਾਰਤੀ ਸਮੱਗਰੀ ਦੀ ਜਾਂਚ ਬਾਰੇ ਜ਼ਰੂਰ ਸੂਚਿਤ ਕੀਤਾ ਜਾਵੇਗਾ | ਇਮਾਰਤ ਦੇ ਠੇਕੇਦਾਰ ਮੱਖਣ ਲਾਲ ਨੇ ਦੱਸਿਆ ਕਿ ਕਿਸੇ ਹੋਰ ਸਾਈਟ ਤੋਂ ਬਚਿਆ ਕੁੱਝ ਸਰੀਆ ਇਥੇ ਵਰਤਿਆ ਜਾ ਰਿਹਾ ਹੈ ਤੇ ਇੱਟਾਂ ਅਜੇ ਤੱਕ ਸਿਰਫ਼ ਕੰਕਰੀਟ ਦੇ ਠੱਲ੍ਹ ਲਈ ਮੰਗਵਾਈਆਂ ਸਨ ਪਰ ਹੁਣ ਇਮਾਰਤ ਲਈ ਅੱਗੋਂ ਵਧੀਆ ਇੱਟਾਂ ਹੀ ਵਰਤੀਆਂ ਜਾਣਗੀਆਂ |
ਪਿਛਲੀ ਖ਼ਬਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣਾ ਬੰਦ ਕਰੇ ਸਰਕਾਰ- ਅਧਿਆਪਕ ਦਲ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।