ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਵਾਲਾ ਪੱਤਰ ਸਾੜਿਆ, ਅੱਜ ਫੂਕੇ ਜਾਣਗੇ ਮੁੱਖ ਮੰਤਰੀ ਦੇ ਪੁਤਲੇ
ਬਠਿੰਡਾ, 28 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੂਬੇ ਭਰ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਸਖ਼ਤ ਰਵੱਈਏ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਵਿੱਢਣ ਦਾ ਮਨ ਬਣਾ ਲਿਆ ਹੈ, ਜਿਸ ਦੀ ਕੜੀ ਤਹਿਤ ਪੰਜਾਬ ਭਰ ਵਿਚ ਮੁੱਖ ਮੰਤਰੀ ਵਲੋਂ ਉਨ੍ਹਾਂ ਨਾਲ ਮੀਟਿੰਗ ਰੱਦ ਕਰਨ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਲਈ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਜਦਕਿ ਅੱਜ ਸੂਬੇ ਭਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਸਾੜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਬ
ਬਠਿੰਡਾ ਜ਼ਿਲ੍ਹੇ ਵਿਚ ਮੁਲਾਜ਼ਮ ਖ਼ਿਲਾਫ਼ ਕਾਰਵਾਈ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।
29-08-2026
ਬਠਿੰਡਾ, 28 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸੂਬੇ ਭਰ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਸਖ਼ਤ ਰਵੱਈਏ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਵਿੱਢਣ ਦਾ ਮਨ ਬਣਾ ਲਿਆ ਹੈ, ਜਿਸ ਦੀ ਕੜੀ ਤਹਿਤ ਪੰਜਾਬ ਭਰ ਵਿਚ ਮੁੱਖ ਮੰਤਰੀ ਵਲੋਂ ਉਨ੍ਹਾਂ ਨਾਲ ਮੀਟਿੰਗ ਰੱਦ ਕਰਨ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਲਈ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਜਦਕਿ ਅੱਜ ਸੂਬੇ ਭਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਸਾੜਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇੱਥੇ ਹੀ ਬਸ ਨਹੀਂ ਤੀਸਰੇ ਐਕਸ਼ਨ ਵਜੋਂ ਮੁਲਾਜ਼ਮ ਜਥੇਬੰਦੀਆਂ ਨੇ 30 ਅਗਸਤ ਨੂੰ ਲੁਧਿਆਣਾ ਵਿਚ ਤਾਲਮੇਲ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਸੱਦੀ ਹੈ, ਜਿਸ ਵਿਚ ਅਗਲੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਅੱਜ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਸਕੂਲਾਂ ਵਿਚ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਪੱਤਰ ਦੀਆਂ ਕਾਪੀਆਂ ਸਾੜਨ ਦੌਰਾਨ ਅਧਿਆਪਕ ਆਗੂਆਂ ਜਗਪਾਲ ਬੰਗੀ, ਬਲਜਿੰਦਰ ਸਿੰਘ, ਰਾਜਵੀਰ ਮਾਨ, ਬਲਦੇਵ ਸਿੰਘ, ਜਗਸੀਰ ਸਹੋਤਾ, ਅੰਮ੍ਰਿਤਪਾਲ ਮਾਨ, ਗੁਰਜੀਤ ਜੱਸੀ, ਕੁਲਵਿੰਦਰ ਕਟਾਰੀਆ, ਜਗਦੀਸ਼ ਜੱਗੀ, ਬਲਜਿੰਦਰ ਸਿੱਧੂ, ਲਖਬੀਰ ਨੰਗਲਾ ਤੇ ਵੀਰਪਾਲ ਕੌਰ ਸਿਧਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਤੇ ਮੁੱਖ ਮੰਤਰੀ ਨੇ ਸਾਢੇ ਚਾਰ ਸਾਲਾਂ ਦੇ ਸਮੇਂ ਵਿਚ ਮੁਲਾਜ਼ਮਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਤੇ ਹੁਣ ਜਦੋਂ ਮੀਟਿੰਗ ਦਿੱਤੀ ਗਈ ਤਾਂ ਮੁੱਖ ਮੰਤਰੀ ਤੋਂ ਮੁੱਕਰ ਗਏ ਹਨ। ਇਸ ਕਾਰਨ ਪੰਜਾਬ ਭਰ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਤੇ ਉਹ ਹੁਣ ਆਪਣੇ ਹੱਕਾਂ ਲਈ 30 ਅਗਸਤ ਦੀ ਲੁਧਿਆਣਾ ਮੀਟਿੰਗ ਵਿਚ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕਰਨਗੇ। ਉਸ ਤੋਂ ਪਹਿਲਾਂ ਅੱਜ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਭਰ ਵਿਚ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਤੇ ਆਪ ਸਰਕਾਰ ਨੂੰ ਚਲਦਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਗੇ। ਜ਼ਿਕਰਯੋਗ ਹੈ ਕਿ ਡੀ.ਏ. ਅਤੇ ਹੋਰ ਮੰਗਾਂ ਨੂੰ ਲੈਕੇ ਪੰਜਾਬ ਭਰ ਦੇ ਮੁਲਾਜ਼ਮ ਬੀਤੀ 27 ਅਗਸਤ ਨੂੰ ਵਿਭਾਗੀ ਕੰਮਕਾਜ ਠੱਪ ਕਰਦੇ ਹੋਏ ਸਮੂਹਿਕ ਛੁੱਟੀ ਲੈਕੇ ਹੜ੍ਹਤਾਲ ’ਤੇ ਚੱਲੇ ਗਏ ਸਨ, ਜਿਸ ਤੋਂ ਖ਼ਫ਼ਾ ਹੋਈ ਪੰਜਾਬ ਸਰਕਾਰ ਨੇ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉਨ੍ਹਾਂ ਦੀਆਂ ਸੂਚੀਆਂ ਮੰਗੀਆਂ ਹਨ, ਜਿਸ ਤੋਂ ਖ਼ਫ਼ਾ ਮੁਲਾਜ਼ਮਾਂ ਦਾ ਹੁਣ ਸੂਬਾ ਸਰਕਾਰ ਨਾਲ ਸਿੱਧਾ ਪੇਚਾ ਪੈਣ ਦਾ ਮਾਹੌਲ ਬਣਦਾ ਜਾ ਰਿਹਾ ਹੈ।