08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਖ ਮੰਤਰੀ ਦਾ ਵਿਰੋਧ ਕਰਨ ਪਹੁੰਚਦੇ ਕਿਸਾਨਾਂ ਨੂੰ ਪੁਲਿਸ ਨੇ ਜਬਰੀ ਰੋਕਿਆ-ਜੀਵਨ ਸਿੰਘ ਵਾਲਾ ਕੋਲ ਹੋਈ ਹੱਥੋਪਾਈ

ਅਜੀਤ ਡੈਸਕ 09-05-2026
ਤਲਵੰਡੀ ਸਾਬੋ, 08 ਮਈ (ਰਾਜੂ): 'ਸ਼ੁਕਰਾਨਾ ਯਾਤਰਾ' ਦੌਰਾਨ ਅੱਜ ਬਠਿੰਡਾ ਤੋਂ ਤਲਵੰਡੀ ਸਾਬੋ ਆਉਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਇਕੱਤਰ ਹੁੰਦੇ ਕਿਸਾਨਾਂ ਨੂੰ ਪੁਲਿਸ ਨੇ ਜਬਰੀ ਰੋਕ ਲਿਆ ਤੇ ਇਸੇ ਦੌਰਾਨ ਪਿੰਡ ਜੀਵਨ ਸਿੰਘ ਵਾਲਾ ਤੋਂ ਚੱਠੇਵਾਲਾ ਨੂੰ ਜਾਂਦੀ ਸੜਕ ਕੋਲ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੱਥੋਪਾਈ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ, ਜਦੋਂਕਿ ਕਿਸਾਨ ਜਥੇਬੰਦੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਕਈ ਕਿਸਾਨਾਂ ਨੂੰ ਹਿਰਾਸਤ 'ਚ ਵੀ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਭਾਕਿਯੂ (ਸਿੱਧੂਪੁਰ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਠਿੰਡਾ ਤੋਂ ਤਲਵੰਡੀ ਸਾਬੋ ਆਉਣ ਸਮੇਂ ਪਿੰਡ ਕੋਟਸ਼ਮੀਰ ਵਿਖੇ ਵਿਰੋਧ ਕਰਨ ਦਾ ਪ੍ਰੋਗਰਾਮ ਰੱਖਿਆ ਸੀ, ਪਰ ਮੁੱਖ ਮੰਤਰੀ ਦੇ ਲੰਘ ਜਾਣ ਕਾਰਣ ਕਿਸਾਨਾਂ ਨੇ ਪ੍ਰੋਗਰਾਮ ਬਣਾਇਆ ਕਿ ਕੋਟਭਾਰਾ, ਚੱਠੇਵਾਲਾ ਆਦਿ ਵਿਚੋਂ ਦੀ ਹੁੰਦੇ ਹੋਏ ਪਿੰਡ ਜੀਵਨ ਸਿੰਘ ਵਾਲਾ ਵਿਖੇ ਪਹੁੰਚ ਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾਵੇ, ਪਰ ਪੁਲਿਸ ਨੇ ਸਰਗਰਮੀ ਦਿਖਾਉਂਦਿਆਂ ਕਿਸਾਨ ਆਗੂਆਂ ਨੂੰ ਉਦੋਂ ਰੋਕ ਲਿਆ, ਜਦੋਂ ਉਹ ਚੱਠੇਵਾਲਾ ਤੋਂ ਜੀਵਨ ਸਿੰਘ ਵਾਲਾ ਵਿਖੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ | ਇਸੇ ਦੌਰਾਨ ਕੁਝ ਕਿਸਾਨਾਂ ਦੀ ਪੁਲਿਸ ਨਾਲ ਹੱਥੋਪਾਈ ਹੋਣ ਦੀ ਖ਼ਬਰ ਵੀ ਹੈ, ਜਦੋਂਕਿ ਇਸੇ ਦੌਰਾਨ ਮੁੱਖ ਮੰਤਰੀ ਦਾ ਕਾਫ਼ਲਾ ਉੱਥੋਂ ਬਿਨਾਂ ਵਿਰੋਧ ਲੰਘਣ 'ਚ ਸਫਲ ਰਿਹਾ | ਉੱਧਰ ਸ਼ਾਮ ਸਮੇਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਜ਼ਿਲ੍ਹਾ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਖਨੌਰੀ ਅਤੇ ਸ਼ੰਭੂ ਵਿਖੇ ਕਿਸਾਨੀ ਮੰਗਾਂ ਲਈ ਲਾਏ ਮੋਰਚੇ ਨੂੰ ਭਗਵੰਤ ਮਾਨ ਸਰਕਾਰ ਨੇ ਨਾ ਕੇਵਲ ਕਿਸਾਨਾਂ ਨੂੰ ਧੋਖੇ 'ਚ ਰੱਖ ਕੇ ਤਾਰਪੀਡੋ ਕਰਦਿਆਂ ਜਬਰੀ ਪੁੱਟ ਸੁੱਟਿਆ ਸਗੋਂ ਮੋਰਚੇ 'ਚੋਂ ਕੀਮਤੀ ਵਸਤਾਂ 'ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਗਈਆਂ | ਆਗੂਆਂ ਨੇ ਪ੍ਰੈੱਸ ਬਿਆਨ 'ਚ ਦਾਅਵਾ ਕੀਤਾ ਕਿ ਅੱਜ ਵਿਰੋਧ ਪ੍ਰਦਰਸ਼ਨ ਨਹੀ ਸੀ, ਸਗੋਂ ਉਹ ਤਾਂ ਮੁੱਖ ਮੰਤਰੀ ਨਾਲ ਗੱਲ ਕਰਨ ਜਾ ਰਹੇ ਸਨ ਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਧੱਕਾਮੁੱਕੀ ਕਰਦਿਆਂ ਉਨ੍ਹਾਂ ਦੀਆਂ ਪੱਗਾਂ ਤੱਕ ਲਾਹ ਸੁੱਟੀਆਂ ਤੇ ਲਗਭਗ 50 ਤੋਂ 55 ਕਿਸਾਨਾਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਤਲਵੰਡੀ ਸਾਬੋ 'ਚ ਬੰਦ ਕਰ ਦਿੱਤਾ | ਆਗੂਆਂ ਨੇ ਕਿਹਾ ਕਿ ਅਸੀਂ ਰੁਕਾਂਗੇ ਨਹੀ, ਸਗੋਂ 2027 ਦੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਆਗੂਆਂ ਨੂੰ ਘੇਰ ਕੇ ਕਿਸਾਨੀ ਸੰਘਰਸ਼ ਨਾਲ ਕਮਾਏ ਧ੍ਰੋਹ ਸੰਬੰਧੀ ਸਵਾਲ ਪੁੱਛਾਂਗੇ |
ਪਿਛਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ ਵਾਲੀ 'ਸ਼ੁਕਰਾਨਾ ਯਾਤਰਾ' ਦਾ ਮਾਨਸਾ ਜ਼ਿਲੇ੍ਹ 'ਚ ਨਿੱਘਾ ਸਵਾਗਤ ਅਗਲੀ ਖ਼ਬਰ ਤਾਮਿਲਨਾਡੂ ਦਾ ਰਾਜਪਾਲ ਸੂਬੇ ਤੇ ਦੇਸ਼ ਨੂੰ ਗੰਭੀਰ ਸਿਆਸੀ ਟਕਰਾਅ ਵੱਲ ਧੱਕ ਰਹੇ ਹਨ-ਲਿਬਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।