17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੰਜਾਬ 'ਚ ਕਣਕ ਨਾਲ ਨੱਕੋ-ਨੱਕ ਭਰੀਆਂ ਦਾਣਾ ਮੰਡੀਆਂ, ਕੇਂਦਰ ਸਰਕਾਰ ਨੇ ਅਜੇ ਤੱਕ ਖ਼ਰੀਦ 'ਚ ਨਹੀਂ ਦਿੱਤੀ ਕੋਈ ਢਿੱਲ ਬਠਿੰਡਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ 'ਚ ਵਿਸਾਖੀ ਤੱਕ ਹੋਈ 41909 ਮੀਟਿ੍ਕ ਕਣਕ ਦੀ ਆਮਦ

ਅਜੀਤ ਡੈਸਕ 16-04-2026
ਬਠਿੰਡਾ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਅੰਦਰ ਕਣਕ ਦੀ ਖ਼ਰੀਦ ਬੇਸ਼ੱਕ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਅੱਧਾ ਮਹੀਨਾ ਬੀਤ ਜਾਣ ਬਾਅਦ ਵੀ ਖ਼ਰੀਦ ਦਾ ਕੰਮ ਤੇਜ਼ੀ ਨਹੀਂ ਫੜ ਸਕਿਆ ਹੈ, ਜਿਸ ਵਿਚ ਕੇਂਦਰ ਸਰਕਾਰ ਦੀਆਂ ਸਖ਼ਤ ਸ਼ਰਤਾਂ ਅੜਿੱਕਾ ਬਣੀਆਂ ਹੋਈਆਂ ਹਨ | ਇਸ ਕਾਰਨ ਪੰਜਾਬ ਭਰ ਦੀਆਂ ਦਾਣਾ ਮੰਡੀਆਂ ਕਣਕ ਨਾਲ ਨੱਕੋ-ਨੱਕ ਭਰ ਚੁੱਕੀਆਂ ਹਨ, ਪਰ ਕਣਕ ਦਾ ਦਾਣਾ-ਦਾਣਾ ਖ਼ਰੀਦ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਵਲੋਂ ਇਕ-ਇਕ ਦਾਣੇ ਦੀ ਪਰਖ ਕਰਕੇ ਖ਼ਰੀਦ ਕੀਤੀ ਜਾ ਰਹੀ ਹੈ | ਕੇਂਦਰ ਸਰਕਾਰ ਦੀਆਂ ਸਖ਼ਤ ਸ਼ਰਤਾਂ ਨੇ ਜਿੱਥੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਹੱਥ ਬੰਨੇ ਰੱਖੇ ਹੈ, ਉੱਥੇ ਦੂਜੇ ਪਾਸੇ ਕਣਕ ਦੀ ਖ਼ਰੀਦ ਕਰਨ ਲਈ ਕਿਸਾਨ ਸਰਕਾਰ ਅਤੇ ਖ਼ਰੀਦ ਏਜੰਸੀਆਂ ਮੂਹਰੇ ਹੱਥ ਬੰਨ੍ਹ ਰਹੇ ਹਨ, ਜਿਸ ਨੂੰ ਲੈ ਕੇ ਕਿਸਾਨ ਧਿਰਾਂ ਸੜਕਾਂ 'ਤੇ ਉਤਰ ਆਈਆਂ ਹਨ | ਇਸ ਮਸਲੇ ਵਿਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਪੰਜਾਬ ਭਰ ਅੰਦਰ ਡਿਪਟੀ ਕਮਿਸ਼ਨ ਦਫ਼ਤਰਾਂ ਮੂਹਰੇ ਗੱਜਣ ਦਾ ਐਲਾਨ ਕੀਤਾ ਹੈ | ਬਠਿੰਡਾ ਜ਼ਿਲੇ੍ਹ ਦੀਆਂ ਦਾਣਾ ਮੰਡੀਆਂ ਅੰਦਰ 15 ਅਪ੍ਰੈਲ ਤੱਕ ਆਈ ਕਣਕ 'ਤੇ ਨਿਗ੍ਹਾ ਮਾਰੀ ਜਾਵੇ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 41909 ਮੀਟਰਿਕ ਟਨ ਕਣਕ (838180 ਗੱਟਾ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਹੁਣ ਤੱਕ 20128 ਮੀਟਰਿਕ ਟਨ (402560 ਗੱਟਾ) ਦੀ ਖ਼ਰੀਦ ਕੀਤੀ ਹੈ, ਜੋ 48 ਫ਼ੀਸਦੀ ਤੋਂ ਭੋਰਾ ਉੱਤੇ ਬਣਦੀ ਹੈ | ਜਦਕਿ 21781 ਮੀਟਰਿਕ ਕਣਕ ਅਣਵਿਕੀ ਹੋਈ ਦਾਣਾ ਮੰਡੀਆਂ ਵਿਚ ਪਈ ਹੈ | ਇਸ ਖ਼ਰੀਦ ਕੀਤੀ ਕਣਕ ਦੀ ਚੁਕਾਈ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਹੁਣ 155 ਮੀਟਰਿਕ ਟਨ ਕਣਕ (3100 ਗੱਟਾ) ਚੁੱਕੀ ਗਈ ਹੈ ਤੇ 19973 ਮੀਟਰਿਕ ਟਨ ਕਣਕ (399460 ਗੱਟਾ) ਦਾਣਾ ਮੰਡੀਆਂ ਵਿਚ ਚੁੱਕਣ ਵਾਲੀ ਪਈ ਹੈ | ਇਸ ਕੁਲ ਖ਼ਰੀਦ ਵਿਚੋਂ ਪੰਜਾਬ ਦੀ ਨੋਡਲ ਏਜੰਸੀ ਪਨਗ੍ਰੇਨ ਵਲੋਂ 5800 ਮੀਟਰਿਕ ਟਨ, ਮਾਰਕਫੈੱਡ ਵਲੋਂ 4565 ਮੀਟਰਿਕ ਟਨ, ਪਨਸਪ ਵਲੋਂ 4905 ਮੀਟਰਿਕ ਟਨ ਅਤੇ ਪੰਜਾਬ ਵੇਅਰ ਹਾਊਸ ਵਲੋਂ 4858 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ, ਜਦਕਿ ਕੇਂਦਰੀ ਖ਼ਰੀਦ ਏਜੰਸੀ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ.) ਵਲੋਂ ਅਜੇ ਜ਼ਿਲੇ੍ਹ ਦੀ ਕਿਸੇ ਦਾਣਾ ਮੰਡੀ 'ਚੋਂ ਕਣਕ ਦਾ ਇਕ ਵੀ ਦਾਣਾ ਨਹੀਂ ਖ਼ਰੀਦਿਆ ਗਿਆ ਹੈ | ਇਸੇ ਤਰ੍ਹਾਂ ਨਿੱਜੀ ਵਪਾਰੀ ਵੀ ਅਜੇ ਕਣਕ ਦੀ ਖ਼ਰੀਦ ਕਰਨ ਲਈ ਦਾਣਾ ਮੰਡੀਆਂ ਵਿਚ ਨਹੀਂ ਆਏ ਹਨ |
ਬਠਿੰਡਾ ਸਮੇਤ ਪੰਜਾਬ ਬਰ ਵਿਚ ਕਣਕ ਦੀ ਖ਼ਰੀਦ ਢਿੱਲੀ ਰਫ਼ਤਾਰ ਨਾਲ ਚੱਲ ਰਹੀ ਹੈ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਰੇ੍ਹ ਮੀਂਹ ਅਤੇ ਹੋਈ ਗੜ੍ਹੇਮਾਰੀ ਨਾਲ ਪੰਜਾਬ 'ਚ ਕਣਕ ਦੀ ਫ਼ਸਲ ਕਾਫੀ ਬੁਰੀ ਤਰ੍ਹਾਂ ਝੰਬੀ ਗਈ ਹੈ, ਜਿਸ ਕਾਰਨ ਕੇਂਦਰ ਸਰਕਾਰ ਅਤੇ ਕੇਂਦਰੀ ਖ਼ਰੀਦ ਏਜੰਸੀਆਂ ਕਣਕ ਦੀ ਗੁਣਵੱਤਾ 'ਤੇ ਸਵਾਲ ਖੜੇ ਕਰਦੀਆਂ ਹੋਈਆਂ ਜਾਂਚ ਲਈ ਦਾਣਾ ਮੰਡੀਆਂ ਵਿਚ ਪੁੱਜੀਆਂ ਹੋਈਆਂ ਹਨ ਤੇ ਕਣਕ ਦੇ ਨਮੂਨੇ ਭਰੇ ਜਾ ਰਹੇ ਹਨ | ਇੰਨ੍ਹਾਂ ਨਮੂਨਿਆਂ ਦਾ ਨਤੀਜਾ ਅਤੇ ਕਣਕ ਦੀ ਗੁਣਵੱਤਾ ਸੰਬੰਧੀ ਕੇਂਦਰ ਸਰਕਾਰ ਦਾ ਫ਼ੈਸਲਾ ਆਉਣ ਤੱਕ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੇ ਵੀ ਕਣਕ ਦੀ ਖ਼ਰੀਦ ਕਰਨ ਤੋਂ ਹੱਥ ਪਿੱਛੇ ਖਿੱਚੇ ਹੋਏ ਹਨ | ਵਿਸਾਖੀ ਦਾ ਤਿਉਹਾਰ ਹੋਣ ਕਰਕੇ ਅਜੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਵਾਢੀ ਨੇ ਤੇਜ਼ੀ ਨਹੀਂ ਫੜੀ ਸੀ, ਜੋ ਹੁਣ ਇਕ-ਦੋ ਦਿਨਾਂ ਅੰਦਰ ਤੇਜ ਹੋ ਜਾਵੇਗੀ ਅਤੇ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਵੀ ਤਿੱਖੇ ਰੋਹ ਦਾ ਐਲਾਨ ਕਰ ਦਿੱਤਾ ਹੈ |
ਪਿਛਲੀ ਖ਼ਬਰ ਭਾਜਪਾ ਆਗੂਆਂ ਵਲੋਂ ਰਾਮਪੁਰਾ ਫੂਲ ਵਿਖੇ ਡਾ. ਅੰਬੇਡਦਕਰ ਦੀ ਜੈਅੰਤੀ ਮਨਾਈ <br/> ਅਗਲੀ ਖ਼ਬਰ ਕਣਕ ਦੀ ਖ਼ਰੀਦ ਨੂੰ ਲੈ ਕੇ ਭਾਕਿਯੂ ਸਿੱਧੂਪੁਰ ਵਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਦੇ ਦਫ਼ਤਰ ਦਾ ਘਿਰਾਓ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।