17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਣਕ ਦੀ ਖ਼ਰੀਦ ਨੂੰ ਲੈ ਕੇ ਭਾਕਿਯੂ ਸਿੱਧੂਪੁਰ ਵਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਦੇ ਦਫ਼ਤਰ ਦਾ ਘਿਰਾਓ

ਅਜੀਤ ਡੈਸਕ 16-04-2026
ਬਠਿੰਡਾ, 15 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਅੰਦਰ ਕਣਕ ਦੀ ਢਿੱਲੀ ਚੱਲ ਰਹੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸੂਬਾ ਪੱਧਰੀ ਸੱਦੇ ਤਹਿਤ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀਐਫਐਸਸੀ) ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਉਪਰੰਤ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਮੀਂਹ, ਹਨ੍ਹੇਰੀ, ਝੱਖੜ ਦੇ ਪਹਿਲਾਂ ਹੀ ਝੰਬੇ ਕਿਸਾਨਾਂ ਨੂੰ ਹੁਣ ਕਣਕ ਦਾ ਦਾਣਾ-ਦਾਣਾ ਖ਼ਰੀਦਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੀ ਬੇਰੁਖ਼ੀ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਕਰਕੇ 15 ਦਿਨਾਂ ਤੋਂ ਮੰਡੀਆਂ ਵਿਚ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਕੁਦਰਤੀ ਆਫ਼ਤ ਫ਼ੰਡ ਨੂੰ ਜਾਰੀ ਕਰਦੇ ਹੋਏ ਕੁਦਰਤੀ ਆਫ਼ਤ ਨਾਲ ਨੁਕਸਾਨੀ ਕਣਕ ਦੇ ਨੁਕਸਾਨ ਦੀ ਭਰਪਾਈ ਕਰਕੇ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖ਼ਰੀਦ ਕਰਨ, ਜੇਕਰ ਕਿਸੇ ਵੀ ਕਿਸਾਨਾਂ ਤੋਂ ਕਾਟ ਮੰਗ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਕਿ ਫ਼ਸਲਾਂ ਦਾ ਬੀਮਾ ਹੋਇਆ ਹੋਵੇ ਤਾਂ ਕਿਸਾਨਾਂ ਨੂੰ ਮੁਆਵਜ਼ਾ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ, ਜਦੋਂ ਕਿ ਹਰਿਆਣੇ ਵਿਚ ਜਿੰਨ੍ਹਾਂ ਕਿਸਾਨਾਂ ਨੇ ਫ਼ਸਲਾਂ ਦੇ ਬੀਮੇ ਕਰਵਾਏ ਹਨ, ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਕਿਉਂਕਿ ਬੀਮਾ ਕੰਪਨੀਆਂ ਵਲੋਂ ਫ਼ਸਲ ਦੀ ਕਟਾਈ ਤੋਂ ਕਰੀਬ 10 ਦਿਨ ਪਹਿਲਾਂ ਹੀ ਬੀਮਾ ਪਾਲਿਸੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਫ਼ਸਲ ਦੀ ਕਟਾਈ ਤੋਂ ਪਹਿਲਾਂ ਜੇਕਰ ਕਿਸਾਨ ਦੀ ਫ਼ਸਲ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਕੰਪਨੀ ਨੂੰ ਉਹ ਬੀਮੇ ਦੀ ਰਕਮ ਕਿਸਾਨ ਨੂੰ ਅਦਾ ਕਰਨੀ ਹੀ ਨਾ ਪਵੇ | ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਮੁਖ਼ਤਿਆਰ ਸਿੰਘ ਕੁੱਬੇ ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਚੱਠੇਵਾਲਾ, ਕੁਲਵੰਤ ਸਿੰਘ ਨੇਹੀਆਂਵਾਲਾ, ਜਸਵੀਰ ਸਿੰਘ ਗਹਿਰੀ, ਜਸਵਿੰਦਰ ਸਿੰਘ ਫ਼ੌਜੀ, ਦੀਪੂ ਮੰਡੀ ਕਲਾਂ, ਸੁਖਦੇਵ ਸਿੰਘ ਫੂਲ, ਹਰ ਭਗਵਾਨ ਮਹਿਤਾ, ਦਰਸ਼ਨ ਸਿੰਘ ਬੱਜੋਆਣਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਔਰਤਾਂ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ 'ਚ ਕਣਕ ਨਾਲ ਨੱਕੋ-ਨੱਕ ਭਰੀਆਂ ਦਾਣਾ ਮੰਡੀਆਂ, ਕੇਂਦਰ ਸਰਕਾਰ ਨੇ ਅਜੇ ਤੱਕ ਖ਼ਰੀਦ 'ਚ ਨਹੀਂ ਦਿੱਤੀ ਕੋਈ ਢਿੱਲ ਬ... ਅਗਲੀ ਖ਼ਬਰ ਭੋਗੀਵਾਲ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ-ਭੋਲਾ ਸਿੰਘ ਭੋਗੀਵਾਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।